ਪਾਕਿਸਤਾਨ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਦੇਸ਼ ਵਿਚ ਜੂਨ ਤੋਂ ਜਾਰੀ ਭਾਰੀ ਮੀਂਹ ਕਾਰਨ 76 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 133 ਲੋਕ ਜ਼ਖਮੀ ਹੋਏ ਹਨ। ਏਆਰਵਾਈ ਨਿਊਜ਼ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ।
NDMA ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਭਾਰੀ ਮੀਂਹ ਵਿਚ 9 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 76 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 8 ਵਿਅਕਤੀ ਜ਼ਖ਼ਮੀ ਹੋਏ ਹਨ, ਜਿਸ ਨਾਲ ਕੁੱਲ ਜ਼ਖ਼ਮੀਆਂ ਦੀ ਗਿਣਤੀ 133 ਹੋ ਗਈ ਹੈ। ਕੁੱਲ 76 ਮੌਤਾਂ ਅਤੇ 133 ਜ਼ਖ਼ਮੀਆਂ ਦੇ ਅੰਕੜਿਆਂ ’ਚ 15 ਔਰਤਾਂ ਅਤੇ 31 ਬੱਚੇ ਸ਼ਾਮਲ ਹਨ ਜਦਕਿ ਲਗਾਤਾਰ ਮੀਂਹ ਕਾਰਨ 78 ਘਰ ਨੁਕਸਾਨੇ ਗਏ ਹਨ।
NDMA ਦੀ ਰਿਪੋਰਟ ਵਿਚ ਕਿਹਾ ਗਿਆ ਕਿ ਪੰਜਾਬ ਵਿਚ ਸੱਭ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜਿਥੇ ਭਾਰੀ ਮੀਂਹ ਵਿਚ 48 ਲੋਕ ਮਾਰੇ ਗਏ ਅਤੇ ਖ਼ੈਬਰ ਪਖ਼ਤੂਨਖਵਾ (ਕੇਪੀ) ਵਿਚ 20 ਲੋਕਾਂ ਦੀ ਮੌਤ ਹੋਈ, ਬਲੋਚਿਸਤਾਨ ਵਿਚ ਪੰਜ ਮੌਤਾਂ ਹੋਈਆਂ। ਡਾਨ ਨਿਊਜ਼ ਅਨੁਸਾਰ 6 ਜੁਲਾਈ ਨੂੰ ਪਾਕਿਸਤਾਨ ਦੇ ਪੰਜਾਬ ਵਿਚ 18 ਮੌਤਾਂ ਹੋਈਆਂ ਕਿਉਂਕਿ ਸੂਬੇ ਦੇ ਕੁੱਝ ਹਿੱਸਿਆਂ ਵਿਚ ਮੀਂਹ ਜਾਰੀ ਹੈ। ਪੰਜਾਬ ’ਚ ਪਿਛਲੇ ਦੋ ਦਿਨਾਂ ਦੌਰਾਨ ਮਾਨਸੂਨ ਦੇ ਕਹਿਰ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਸੂਬਾਈ ਰਾਜਧਾਨੀ ਵਿਚ ਚਾਰ ਹੋਰ ਮੌਤਾਂ ਹੋਈਆਂ ਹਨ ਅਤੇ ਪਿਛਲੇ ਦੋ ਦਿਨਾਂ ਵਿਚ ਇਹ ਗਿਣਤੀ 12 ਤਕ ਪਹੁੰਚ ਗਈ ਹੈ।