ਆਸ਼ਰਮਾਂ ਵਿਚੋਂ ਲੜਕੀਆਂ ਦੀ ਗੁੰਮਸ਼ੁਦਗੀ ਜਾਰੀ, ਮੋਦੀ ਸਰਕਾਰ ਦੀ ਨਾਲਾਇਕੀ 

balwinder singh bhullar 181204a

ਬਠਿੰਡਾ/ 4 ਦਸੰਬਰ/ – ਦੇਸ਼ ਦੀ ਰਾਜਧਾਨੀ ਦਿੱਲੀ ਦੇ ਦਿਲਸ਼ਾਦ ਗਾਰਡਨ ਇਲਾਕੇ ਵਿਚ ਸਥਿਤ ਇੱਕ ਆਸ਼ਰਮ ਵਿਚੋਂ ਦੋ ਦਿਨ ਪਹਿਲਾਂ ਗੁੰਮ ਹੋਈਆਂ 9 ਲੜਕੀਆਂ ਕਾਰਨ ਜਿੱਥੇ ਧਰਮ ਦੇ ਨਾਂ ਹੇਠ ਚਲਦੇ ਆਸ਼ਰਮਾਂ ਵਿਚ ਔਰਤਾਂ ਲੜਕੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਦੀ ਲੜੀ ਵਿਚ ਹੋਰ ਵਾਧਾ ਹੋਇਆ ਹੈ ਉੱਥੇ ਇਸ ਘਟਨਾ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਨਾਲਾਇਕੀ ਦਾ ਵੀ ਪਰਦਾਫਾਸ਼ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਦਿੱਲੀ ਦੇ ਦਿਲਸ਼ਾਦ ਗਾਰਡਨ ਵਿਖੇ ਸਥਿਤ ਸੰਸਕਾਰ ਆਸ਼ਰਮ ਵਿਚੋਂ ਇੱਕ ਅਤੇ ਦੋ ਦਸੰਬਰ ਦੀ ਦਰਮਿਆਨੀ ਰਾਤ ਨੂੰ ਅਚਾਨਕ 9 ਲੜਕੀਆਂ ਲਾਪਤਾ ਹੋ ਗਈਆਂ ਹਨ। ਇਹ ਲੜਕੀਆਂ ਬਾਲ ਕਲਿਆਣ ਸਮਿਤੀ ਦੇ ਆਦੇਸ਼ ਤੇ 4 ਮਈ ਨੂੰ ਦਵਾਰਕਾ ਦੇ ਇੱਕ ਸ਼ੈਲਟਰ ਹੋਮ ਤੋਂ ਤਬਦੀਲ ਕਰਕੇ ਇੱਥੇ ਲਿਆਂਦੀਆਂ ਗਈਆਂ ਸਨ। ਇਹਨਾਂ ਲੜਕੀਆਂ ਦੇ ਗੁੰਮ ਹੋਣ ਦਾ ਪਤਾ ਲੱਗਣ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਨੇ ਇੱਕ ਜ਼ਿਲ੍ਹਾ ਅਧਿਕਾਰੀ ਅਤੇ ਆਸ਼ਰਮ ਦੇ ਮੁਖੀ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਨੇ ਜੀ ਟੀ ਬੀ ਇਨਕਲੇਵ ਥਾਣੇ ਵਿਚ ਇਸ ਘਟਨਾ ਸਬੰਧੀ ਐਫ ਆਈ ਆਰ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਭਾਵੇਂ ਮੁਕੱਦਮਾ ਤਾਂ ਦਰਜ ਕਰ ਲਿਆ ਗਿਆ ਹੈ, ਪਰ ਇਹ ਘਟਨਾ ਅਤਿ ਹਿਰਦੇਵੇਧਕ ਤੇ ਚਿੰਤਾਜਨਕ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕੀ ਉਨ੍ਹਾਂ ਲੜਕੀਆਂ ਨੂੰ ਕਿਤੇ ਵੇਚ ਦਿੱਤਾ ਗਿਆ ਹੈ ਜਾਂ ਉਨ੍ਹਾਂ ਨਾਲ ਆਸ਼ਰਮ ਵਿਚ ਹੁੰਦੀਆਂ ਜ਼ਿਆਦਤੀਆਂ ਦਾ ਪਰਦਾ ਚੁੱਕੇ ਜਾਣ ਤੇ ਡਰ ਕਾਰਨ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਦੇਸ ਦੀ ਰਾਜਧਾਨੀ ਵਿਚ ਅਜਿਹੀ ਘਟਨਾ ਦਾ ਵਾਪਰ ਜਾਣਾ ਬਹੁਤ ਮੰਦਭਾਗਾ ਹੈ, ਜੇ ਉੱਥੇ ਅਜਿਹਾ ਵਾਪਰ ਸਕਦਾ ਹੈ ਤਾਂ ਦੇਸ਼ ਦੇ ਹੋਰ ਸ਼ਹਿਰਾਂ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ।
ਦੇਸ਼ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ, ਕੇਂਦਰ ਦੀ ਮੋਦੀ ਸਰਕਾਰ ਦੇ ਰਾਜ ਵਿਚ ਇੱਕ ਆਸ਼ਰਮ ਮੁਜੱਫਰਪੁਰ ਵਿਖੇ ਚਲਦਾ ਸੀ, ਜਿਸ ਵਿਚ ਵਾਪਰਿਆ ਬਾਲੜੀ ਬਲਾਤਕਾਰ ਕਾਂਡ ਚਰਚਾ ਵਿਚ ਆਇਆ ਸੀ। ਜਿੱਥੇ ਨਿਆਸਰੀਆਂ ਬੱਚੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਰੱਖਿਆ ਜਾਂਦਾ ਹੈ, ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਖੁਆ ਕੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ। ਜਦ ਪੜਤਾਲ ਕੀਤੀ ਤਾਂ ਉੱਥੋਂ ਗਿਆਰਾਂ ਲੜਕੀਆਂ ਦੇ ਲਾਪਤਾ ਹੋ ਜਾਣ ਦੀ ਗੱਲ ਸਾਹਮਣੇ ਆ ਗਈ। ਇਸ ਉਪਰੰਤ ਜਦ ਆਸ਼ਰਮ ਦੇ ਮੁਖੀ ਬ੍ਰਜੇਸ਼ ਠਾਕੁਰ ਦੇ ਇੱਕ ਹੋਰ ਆਸ਼ਰਮ ਤੇ ਛਾਪਾ ਮਾਰਿਆ ਗਿਆ ਤਾਂ ਉੱਥੋਂ ਵੀ 11 ਔਰਤਾਂ ਤੇ 4 ਬੱਚੇ ਲਾਪਤਾ ਪਾਏ ਗਏ।

ਜਦੋਂ ਪੀੜਤ ਬੱਚੀਆਂ ਬਰਾਮਦ ਕੀਤੀਆਂ ਤਾਂ ਉਹ ਬੇਹੱਦ ਡਰੀਆਂ ਹੋਈਆਂ ਸਨ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਨਸ਼ਾ ਦੇ ਦਿੱਤਾ ਜਾਂਦਾ ਸੀ, ਪਰ ਜਦ ਉਹ ਨਸ਼ਾ ਉੱਤਰ ਜਾਣ ਤੇ ਸੁਰਤ ਵਿਚ ਆਉਂਦੀਆਂ ਤਾਂ ਉਨ੍ਹਾਂ ਦੇ ਅਥਾਹ ਦਰਦ ਹੁੰਦਾ ਸੀ। ਕਈ ਵਾਰ ਤਾਂ ਉਨ੍ਹਾਂ ਨੂੰ ਆਸ਼ਰਮ ਤੋਂ ਬਾਹਰ ਵੀ ਭੇਜਿਆ ਜਾਂਦਾ ਸੀ ਤੇ ਸਰੀਰਕ ਤੌਰ ਤੇ ਲੁੱਟੀਆਂ ਪੁੱਟੀਆਂ ਨੂੰ ਦੂਜੇ ਦਿਨ ਵਾਪਸ ਲਿਆਂਦਾ ਜਾਂਦਾ ਸੀ। ਸ਼ਰਮਨਾਕ ਗੱਲ ਇਹ ਵੀ ਹੈ ਕਿ ਬੱਚੀਆਂ ਨਾਲ ਵਹਿਸ਼ੀ ਦਰਿੰਦਗੀ ਕਾਰਵਾਈ ਕਰਨ ਵਾਲਾ ਇੱਕ ਸ਼ਖ਼ਸ ਸੰਦਰੇਸ਼ ਵਰਮਾ ਉਥੋਂ ਦੀ ਸਮਾਜ ਕਲਿਆਣ ਮੰਤਰੀ ਮੰਜੂ ਵਰਮਾ ਦਾ ਪਤੀ ਹੈ।

ਉੱਤਰ ਪ੍ਰਦੇਸ ਦੇ ਸ਼ਹਿਰ ਦੇਵਰੀਆ ‘ਚ ਇੱਕ ਹੋਰ ਆਸ਼ਰਮ ‘ਮਾਂ ਵਿੰਧਿਆਵਾਸਿਨੀ ਮਹਿਲਾ ਏਵੰਮ ਬਾਲਿਕਾ ਸਰਕੱਸ਼ਣ ਗ੍ਰਹਿ’ ਚਰਚਾ ਵਿਚ ਆਇਆ ਜਿੱਥੇ ਸ਼ਰੇਆਮ ਦੇਹ ਵਪਾਰ ਚਲਦਾ ਸੀ। ਜਦ ਪੁਲਿਸ ਨੇ ਇਸ ਆਸ਼ਰਮ ਤੇ ਛਾਪਾ ਮਾਰਿਆ ਤਾਂ ਉੱਥੇ 42 ਲੜਕੀਆਂ ਚੋਂ 18 ਲੜਕੀਆਂ ਗ਼ਾਇਬ ਪਾਈਆਂ ਗਈਆਂ।

ਨਿਆਸਰੀਆਂ ਬਾਲੜੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਅਤੇ ਉਨ੍ਹਾਂ ਦੀ ਗੁੰਮਸ਼ੁਦਗੀ ਜਿੱਥੇ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ, ਉੱਥੇ ਕੇਂਦਰ ਦੀ ਮੋਦੀ ਸਰਕਾਰ ਦੀ ਨਾਲਾਇਕੀ ਵੀ ਪ੍ਰਗਟ ਕਰਦਾ ਹੈ। ਸਰਕਾਰ ਗਊ ਦੀ ਰੱਖਿਆ ਲਈ ਤਾਂ ਮੁਕੱਦਮੇ ਦਰਜ ਕਰ ਰਹੀ ਹੈ ਅਤੇ ਗਊ ਰੱਖਿਅਕਾਂ ਦੇ ਨਾਂ ਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਸ਼ਹਿ ਦੇ ਰਹੀ ਹੈ, ਪਰ ਬਾਲੜੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਤੇ ਉਨ੍ਹਾਂ ਦੇ ਲਾਪਤਾ ਹੋਣ ਦੀਆਂ ਘਟਨਾਵਾਂ ਤੋਂ ਅੱਖਾਂ ਮੀਚ ਰਹੀ ਹੈ।

(ਬਲਵਿੰਦਰ ਸਿੰਘ ਭੁੱਲਰ)
+91 98882-75913

 

Welcome to Punjabi Akhbar

Install Punjabi Akhbar
×
Enable Notifications    OK No thanks