…ਇੰਝ ਵੀ ਹੋ ਜਾਂਦੇ ਨੇ ਸੁਪਨੇ ਪੂਰੇ -94 ਸਾਲਾ ਦਾਦੀ ਦਾ ਉਸਦੀਆਂ ਪੋਤੀਆਂ ਨੇ ਸਫੈਦ ‘ਵੈਡਿੰਗ ਗਾਉਨ’ ਪਵਾ ਕੇ ਕੀਤਾ ਸੁਪਨਾ ਪੂਰਾ

ਔਕਲੈਂਡ :ਕਹਿੰਦੇ ਨੇ ਸੁਪਨੇ ਜ਼ਿਹਨ ਦੇ ਵਿਚ ਜ਼ਿੰਦਾ ਹੋਣ ਤਾਂ ਇਕ ਦਿਨ ਜ਼ਰੂਰ ਸਾਕਾਰ ਹੋ ਨਿਬੜਦੇ ਹਨ  ਚਾਹੇ ਸਾਧਨ ਕੋਈ ਵੀ ਬਣ ਜਾਵੇ। ਅਜਿਹੀ ਹੀ ਉਦਾਹਰਣ ਅਮਰੀਕਾ ਦੇ ਵਿਚ ਇਕ 94 ਸਾਲਾ ਦਾਦੀ ਦੀ ਸਾਹਮਣੇ ਆਈ ਹੈ। ਕਾਲੇ ਰੰਗ ਦੀ ਮਨੁੱਖਾ ਨਸਲ ਨਾਲ ਸਬੰਧਿਤ ਮਾਰਥਾ ਟੱਕਰ ਨਾਂਅ ਦੀ ਇਸ ਮਹਿਲਾ ਦਾ 1952 ਦੇ ਵਿਚ ਵਿਆਹ ਹੋਇਆ ਸੀ। ਉਸ ਸਮੇਂ ਕਾਲੇ ਲੋਕਾਂ ਨੂੰ ਗੋਰੇ ਲੋਕਾਂ ਦੀਆਂ ਦੁਕਾਨਾਂ ਅੰਦਰ ਜਾ ਕੇ ਖਰੀਦੋ-ਫਰੋਖਤ ਕਰਨ ਦੀ ਆਗਿਆ ਨਹੀਂ ਸੀ। ਵਿਆਹ ਵਾਲਾ ਗਾਉਨ ਲੈਣ ਜਾਣ ਵਾਸਤੇ ਇਸਨੂੰ ਦੁਕਾਨ ਅੰਦਰ ਜਾਣ ਦੀ ਮਨਾਹੀ ਸੀ, ਜਿਸ ਕਰਕੇ ਉਸਦਾ ਇਹ ਸੁਪਨਾ ਕਿ ਉਹ ਆਪਣੇ ਵਿਆਹ ਉਤੇ ਚਿੱਟੇ ਰੰਗ ਦਾ ਗਾਉਨ ਪਾਵੇ, ਪੂਰਾ ਨਹੀਂ ਹੋ ਸਕਿਆ ਸੀ। ਉਸ ਸਮੇਂ ਜੇਕਰ ਕਿਸੀ ਕਾਲੇ ਵਿਅਕਤੀ ਨੇ ਕੋਈ ਅਜਿਹਾ ਕੱਪੜਾ ਲੈਣਾ ਹੁੰਦਾ ਤਾਂ ਬੇਸਮੈਂਟ ਦੇ ਵਿਚ ਬਣੇ ਪੁਰਾਣੇ ਕੱਪੜਿਆਂ ਦੇ ਸਟੋਰ ਤੋਂ ਹੀ ਮਿਲਦੇ ਸਨ। ਕਾਲੇ ਲੋਕਾਂ ਨੂੰ ਕੱਪੜੇ ਪਾ ਕੇ ਮਾ ਆਦਿ ਵੇਖਣ ਦਾ ਵੀ ਹੱਕ ਨਹੀਂ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਵੱਖਰੇਵਾਂ ਸੀ।

ਇਸ ਗੱਲ ਦਾ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਦਾ ਹੌਲੀ-ਹੌਲੀ ਉਸਦੀਆਂ ਪੋਤੀਆਂ ਨੂੰ ਪਤਾ ਲੱਗਾ। ਉਨ੍ਹਾਂ ਨੂੰ ਬੜਾ ਦੁੱਖ ਲੱਗਿਆ ਕਿ ਜਿਸ ਦਾਦੀ ਨੇ ਐਡਾ ਵੱਡਾ ਪਰਿਵਾਰ ਦਿੱਤਾ ਉਸ ਨਾਲ ਉਸ ਸਮੇਂ ਕਿਹੋ ਜਿਹਾ ਵਿਵਹਾਰ ਹੋਇਆ ਹੈ। ਉ ਮਨ ਹੀ ਮਨ ਸੋਚਣ ਲੱਗੀਆਂ। ਉਸਦੀਆਂ ਪੋਤੀਆਂ ਨੇ ਫਿਰ ਇਕ ਸਕੀਮ ਘੜੀ। ਇਕ ਦਿਨ ਪਹਿਲਾਂ ਇਸ ਬਜ਼ੁਰਗ ਦਾਦੀ ਨੂੰ ਵਧੀਆ ਕਿਤੇ ਰੈਸਟੋਰੈਂਟ ਵਿਚ ਖਾਣਾ ਖੁਆਇਆ। ਫਿਰ ਉਸਨੂੰ ਮੇਕਅੱਪ ਦੁਕਾਨ ਉਤੇ ਲਿਜਾ ਕੇ ਉਸਦੇ ਵਾਲ ਸੈਟ ਕਰਵਾਏ ਗਏ ਅਤੇ ਚਿਹਰਾ ਬਗੈਰਾ ਹੋਰ ਨਿਖਾਰਿਆ ਗਿਆ।  ਫਿਰ ਉਸਨੂੰ ਇਕ ਬ੍ਰਾਈਡਲ ਕਲੋਦਿੰਗ ਸ਼ਾਪ (ਵਿਆਂਦੜ ਲੋਕਾਂ ਲਈ ਕੱਪੜਿਆਂ ਦੀ ਦੁਕਾਨ) ਉਤੇ ਲੈ ਗਏ ਤਾਂ ਕਿ ਉਸਨੂੰ 1952 ਵੇਲੇ ਆਪਣੇ ਵਿਆਹ ਵੇਲੇ ਦੀ ਯਾਦ ਆਵੇ। ਉਥੇ ਚਿੱਟੇ ਰੰਗ ਦੇ ਵੈਡਿੰਗ ਗਾਉਨ ਹੀ ਗਾਉਨ ਸਨ। ਸੱਚਮੁੱਚ ਉਹੀ ਹੋਇਆ ਇਹ ਦਾਦੀ ਚਿੱਟੇ ਗਾਉਨ ਨਿਹਾਰਨ ਲੱਗੀ, ਬੜੀ ਤੀਬਰਤਾ ਨਾਲ ਹੱਥ ਲਾ ਲਾ ਵੇਖੇ ਅਤੇ ਆਪਣੇ ਵਿਆਹ ਵਾਲੇ ਦਿਨਾਂ ਨੂੰ ਯਾਦ ਕਰੇ, ਕਿ ਉਹ ਇਸੀ ਤਰ੍ਹਾਂ ਦਾ ਆਪਣੇ ਵਿਆਹ ਉਤੇ ਪਾਉਣਾ ਚਾਹੁੰਦੀ ਸੀ।  ਇਸੀ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਉਹ ਅੱਗੇ ਗਈ ਤਾਂ ਉਸਨੂੰ ਇਕ ਚਿੱਟਾ ਗਾਉਨ ਵੇਖਣ ਨੂੰ ਮਿਲਿਆ ਜਿਸ ਉਤੇ ਉਸਦਾ ਨਾਂਅ ਲਿਖਿਆ ਹੋਇਆ ਸੀ। ਇਹ ਵੇਖ ਕੇ ਉਹ ਹੈਰਾਨ ਰਹਿ ਗਈ ਅਤੇ ਖੁਸ਼ੀ ਵਿਚ ਝੂੰਮ ਉਠੀ ਅਤੇ ਉਸਨੂੰ ਗੱਲ ਸਮਝ ਆ ਗਈ। ਉਸਦੀਆਂ ਪੋਤੀਆਂ ਨੇ ਪਹਿਲਾਂ ਹੀ ਸਕੀਮ ਦੇ ਨਾਲ ਉਸਦਾ ਨਾਂਅ ਲਿਖਵਾ ਦਿੱਤਾ ਸੀ। ਖੁਸ਼ੀ-ਖੁਸ਼ੀ ਇਸ ਦਾਦੀ ਮਾਂ ਨੂੰ ਉਹ ਚਿੱਟਾ ਗਾਉਨ ਪਵਾਇਆ ਗਿਆ, ਦੁਕਾਨ ਦਾ ਸਟਾਫ ਤੇ ਮਾਲਕ ਇਕੱਤਰ ਹੋ ਗਏ। ਦਾਦੀ ਮਾਂ ਦੇ ਹੋਰ ਪਰਿਵਾਰਕ ਮੈਂਬਰ ਆ ਗਏ ਅਤੇ ਉਸਨੂੰ ‘ਸਰਪ੍ਰਾਈਜ਼’  (ਹੈਰਾਨੀ) ਭਰਿਆ ਅਹਿਸਾਸ ਕਰਵਾਇਆ ਗਿਆ। ਇਸ ਦਾਦੀ ਨੂੰ ਜਦੋਂ ਵੱਡੇ ਸ਼ੀਸ਼ੇ ਮੂਹਰੇ ਖੜ੍ਹਾ ਕੀਤਾ ਗਿਆ ਤਾਂ ਉਸਦਾ 70 ਸਾਲ ਪਹਿਲਾਂ ਵਾਲਾ ਸੁਪਨਾ ਪੂਰਾ ਹੋ ਕੇ ਉਸਦੇ ਸਾਹਮਣੇ ਪ੍ਰਤੱਖ ਖੜਾ ਹੋ ਗਿਆ। ਹੁਣ ਉਸਦਾ ਪਤੀ ਇਸ ਦੁਨੀਆ ਉਤੇ ਨਹੀਂ ਸੀ, ਅਤੇ ਉਸਦੀ ਇੱਛਾ ਸੀ ਕਿ ਕਾਸ਼! ਅੱਜ ਉਹ ਉਸਨੂੰ ਵੇਖ ਸਕਦਾ। ਸੋ ਸੁਪਨੇ ਕਿਸ ਮੋੜ ਉਤੇ ਆ ਕੇ ਪੂਰੇ ਹੋ ਜਾਣ….ਕੁਝ ਨਹੀਂ ਪਤਾ।

 94 ਸਾਲਾ ਦਾਦੀ ਮਾਰਥਾ ਟੱਕਰ ਤੇ ਉਸਦੀਆਂ ਪੋਤੀਆਂ

Welcome to Punjabi Akhbar

Install Punjabi Akhbar
×
Enable Notifications    OK No thanks