ਸਰਕਾਰੀ ਚੋਰੀ ਮਹਿੰਗੀ ਦੀ ਥਾਂ ਪਈ ਸਸਤੀ: ਮਾਂ-ਪਿਉ ਦੋਵੇਂ ਤੁਰ ਗਏ ਪਰ ਪੁੱਤ ਨੇ ਪੈਨਸ਼ਨ ਲੈਣੀ ਨਾ ਛੱਡੀ: 90000 ਡਾਲਰ ਦਾ ਲਾਇਆ ਚੂਨਾ

NZ PIC 13 Aug-2
ਬਹੁਤੀ ਵਾਰ ਇਹੀ ਸੁਣੀਦਾ ਹੈ ਕਿ ਬਾਹਰਲੇ ਮੁਲਕਾਂ ਵਿਚ ਸਰਕਾਰੀ ਚੋਰੀ ਕਰਨੀ ਬੜੀ ਔਖੀ ਹੁੰਦੀ ਹੈ ਅਤੇ ਜੇਕਰ ਫੜਿਆ ਜਾਵੇ ਤਾਂ ਬੜੀ ਮਹਿੰਗੀ ਪੈਂਦੀ ਹੈ। ਪਰ ਇਥੇ ਇਕ ਅਜਿਹੀ ਉਦਾਹਰਣ ਵੀ ਸੈਟ ਹੋਈ ਹੈ ਜਿਥੇ ਇਹ ਸਰਕਾਰੀ ਚੋਰੀ ਬੜੀ ਸਸਤੀ ਪੈ ਗਈ।
ਨਿਊਜ਼ੀਲੈਂਡ ‘ਚ ਇਕ ਫੌਜੀ ਜੋ ਦੂਜੀ ਸੰਸਾਰ ਜੰਗ ਵਿਚ ਲੜਿਆ ਸੀ ਦੇ 67 ਸਾਲਾ ਪੁੱਤਰ ਨੇ ਆਪਣੇ ਪਿਤਾ ਅਤੇ ਮਾਤਾ ਦੇ ਤੁਰ ਜਾਣ ਬਾਅਦ ਉਦੋਂ ਤੱਕ ਪੈਨਸ਼ਨ ਲੈਣੀ ਜਾਰੀ ਰੱਖੀ ਜਦੋਂ ਤੱਕ ਉਸਦੀ ਮਾਤਾ ਦੇ ਪਤੇ ਤੋਂ ਸਰਕਾਰੀ ਚਿੱਠੀਆਂ ਵਾਪਿਸ ਪਰਤਣੀਆ ਨਾ ਸ਼ੁਰੂ ਹੋਈਆਂ। ਇਸ ਵਿਅਕਤੀ ਨੇ ਪੈਨਸ਼ਨ ਦੇ ਲਗਪਗ 90000 ਡਾਲਰ ਆਪਣੇ ਪਰਿਵਾਰ ਦੀ ਭਲਾਈ ਵਾਸਤੇ ਖਰਚ ਲਏ। ਇਸ ਦੇ ਪਿਤਾ ਨੂੰ ਚੰਗੀ ਪੈਨਸ਼ਨ ਆਉਂਦੀ ਸੀ ਤੇ 1992 ਦੇ ਵਿਚ ਉਸਦੀ ਮੌਤ ਹੋਈ ਗਈ। ਇਸ ਤੋਂ ਬਾਅਦ ਇਹ ਪੈਨਸ਼ਨ ਫਿਰ ਉਸਦੀ ਮਾਤਾ ਨੂੰ ਲੱਗ ਗਈ ਜੋ ਕਿ 1993 ਵਿਚ ਚੱਲ ਵਸੀ। ਆਪਣੀ ਮਾਤਾ ਦਾ ਖਾਤਾ ਵਰਤਣ ਦਾ ਅਧਿਕਾਰ ਇਸ ਕੋਲ ਸੀ, ਜਿਸ ਦੇ ਚਲਦੇ ਉਸਨੇ ਸਰਕਾਰ ਨੂੰ ਇਸ ਗੱਲ ਲਈ ਸੂਚਿਤ ਹੀ ਨਾ ਕੀਤਾ ਕਿ ਉਹ ਮਰ ਗਈ ਹੈ। ਇਹ ਵਿਅਕਤੀ ਆਰਾਮ ਨਾਲ ਪੈਸੇ ਵਰਤਦਾ ਰਿਹਾ। ਜਦੋਂ ਵਿਭਾਗ ਦੀਆਂ ਚਿੱਠੀਆਂ ‘ਗਲਤ ਪਤੇ’ ਦੇ ਨਾਂਅ ਹੇਠ ਵਾਪਿਸ ਮੁੜਨ ਲੱਗੀਆਂ ਤਾਂ ਗੱਲ ਸਾਹਮਣੇ ਆਈ ਕਿ ਪੈਨਸ਼ਨ ਧਾਰਿਕ ਤਾਂ ਮਰ ਚੁੱਕੀ ਹੈ। ਇਸ ਵਿਅਕਤੀ ਨੇ ਆਪਣਾ ਦੋਸ਼ ਮੰਨਦਿਆਂ ਮਾਣਯੋਗ ਅਦਾਲਤ ਕੋਲ ਵਾਸਤਾ ਪਾਇਆ ਕਿ ਉਸਨੇ ਇਹ ਪੈਨਸ਼ਨ ਕੋਈ ਐਸ਼ੋ-ਆਰਾਮ ਵਾਸਤੇ ਨਹੀਂ ਖਰਚੇ, ਸਗੋਂ ਪਰਿਵਾਰ ਦੀ ਭਲਾਈ ਵਾਸਤੇ ਹੀ ਵਰਤੇ ਹਨ। ਮਾਣਯੋਗ ਜੱਜ ਨੇ ਸਾਰੇ ਪੱਖਾਂ ਨੂੰ ਵੇਖਦਿਆਂ ਜਿੱਥੇ ਉਸਦੇ ਜਬਤ ਕੀਤੇ ਖਾਤੇ ਵਿਚੋਂ 1700 ਡਾਲਰ ਤੁਰੰਤ ਲੈਣ ਨੂੰ ਕਿਹਾ ਉਥੇ 4500 ਡਾਲਰ ਹੋਰ ਕਿਸ਼ਤਾਂ ਦੇ ਵਿਚ ਭਰਨ ਨੂੰ ਕਿਹਾ ਅਤੇ 6 ਮਹੀਨੇ ਦੇ ਲਈ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਹੈ। ਸੋ ਗੱਲ ਕੀ ਇਸ ਵਿਅਕਤੀ ਨੂੰ ਸਰਕਾਰੀ ਚੋਰੀ ਮਹਿੰਗੀ ਨਹੀਂ ਸਗੋਂ ਬਹੁਤ ਸਸਤੀ ਪੈ ਗਈ ਕਿਉਂਕਿ 90000 ਡਾਲਰ ਦੀ ਥਾਂ ਉਸਨੂੰ ਸਿਰਫ 6200 ਡਾਲਰ ਹੀ ਮੋੜਨਾ ਪਿਆ।

Install Punjabi Akhbar App

Install
×