ਆਸਟ੍ਰੇਲੀਆਈਆਂ ਅਤੇ ਅਫ਼ਗਾਨੀਆਂ ਦਾ ਪਹਿਲਾ ਜੱਥਾ ਪਹੁੰਚਿਆ ਪਰਥ -ਕੀਤੇ ਗਏ ਹੋਟਲ ਕੁਆਰਨਟੀਨ

(ਕਾਬੁਲ ਤੋਂ ਚਲਣ ਤੋਂ ਪਹਿਲਾਂ ਦੀ ਫੋਟੋ)

ਜਦੋਂ ਦਾ ਤਾਲੀਬਾਨ ਨੇ ਕਾਬੁਲ ਉਪਰ ਕਬਜ਼ਾ ਕੀਤਾ ਹੈ, ਤਾਂ ਉਥੋਂ ਦੇ ਲੱਖਾਂ ਅਜਿਹੇ ਲੋਕ ਉਨ੍ਹਾਂ ਦੇ ਡਰ ਦੇ ਮਾਰੇ ਅਫ਼ਗਾਨਿਸਤਾਨ ਨੂੰ ਛੱਡ ਕੇ ਦੂਸਰੇ ਮੁਲਕਾਂ ਦੀ ਸ਼ਰਣ ਵਿੱਚ ਜਾਣ ਲਈ ਤਰਲੋ ਮੱਛੀ ਹੋ ਰਹੇ ਹਨ ਜਿਨ੍ਹਾਂ ਨੇ ਕਿ ਮਿੱਤਰ ਦੋਸਤਾਂ ਦੇ ਆਪ੍ਰੇਸ਼ਨ ਵਿੱਚ ਤਾਲੀਬਾਨਾਂ ਦੇ ਖ਼ਿਲਾਫ਼ ਲੜਾਈ ਵਿੱਚ ਭਾਗ ਲਿਆ ਸੀ ਅਤੇ ਹੁਣ ਤਾਲੀਬਾਨ ਦਾ ਅਫ਼ਗਾਨਿਸਤਾਨ ਉਪਰ ਕਬਜ਼ਾ ਹੋ ਜਾਣ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਬਚਾ ਕੇ ਭੱਜਣ ਤੋਂ ਇਲਾਵਾ ਕੋਈ ਦੂਸਰਾ ਰਸਤਾ ਨਹੀਂ ਦਿਖਾਈ ਦੇ ਰਿਹਾ ਹੈ।
ਆਸਟ੍ਰੇਲੀਆ ਵੀ ਇਸੇ ਬਚਾਉ ਆਪ੍ਰੇਸ਼ਨ ਵਿੱਚ ਕਾਰਜਰਤ ਹੈ ਕਿ ਉਸਦੇ ਨਾਗਰਿਕਾਂ ਅਤੇ ਮਦਦਗਾਰਾਂ ਨੂੰ ਉਥੋਂ ਸੁਰੱਖਿਅਤ ਕੱਢਿਆ ਜਾ ਸਕੇ ਅਤੇ ਇਸੇ ਦੇ ਤਹਿਤ ਅੱਜ ਤੜਕੇ ਸਵੇਰੇ ਇੱਕ ਜਹਾਜ਼ 90 ਦੇ ਕਰੀਬ ਅਜਿਹੇ ਲੋਕਾਂ (ਆਸਟ੍ਰੇਲੀਆਈ ਵੀਜ਼ਾ ਧਾਰਕਾਂ ਅਤੇ ਅਫ਼ਗਾਨੀਆਂ) ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢ ਕੇ ਪੱਛਮੀ ਆਸਟ੍ਰੇਲੀਆ (ਪਰਥ) ਲੈਂਡ ਕਰਨ ਵਿੱਚ ਕਾਮਯਾਬ ਰਿਹਾ ਅਤੇ ਹੁਣ ਸਭ ਨੂੰ ਪਰਥ ਦੇ ਹੀ ਇੱਕ ਹੋਟਲ ਵਿੱਚ ਕੁਆਰਨਟੀਨ ਕਰਕੇ ਰੱਖਿਆ ਜਾ ਰਿਹਾ ਹੈ। ਇਸ ਫਲਾਈਟ ਵਿੱਚ 26 ਅਜਿਹੇ ਅਫ਼ਗਾਨ ਨਾਗਰਿਕ ਹਨ ਜਿਨ੍ਹਾਂ ਨੇ ਕਿ ਬੀਤੇ 20 ਸਾਲਾਂ ਦੀ ਤਾਲੀਬਾਨ ਖ਼ਿਲਾਫ਼ ਲੜਾਈ ਵਿੱਚ ਆਸਟ੍ਰੇਲੀਆਈ ਫੌਜਾਂ ਦਾ ਸਾਥ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਨੇ ਅਜਿਹੇ ਅਫ਼ਗਾਨੀਆਂ ਲਈ 5000 ਤੱਕ ਦੀ ਗਿਣਤੀ ਨਿਯਤ ਕੀਤੀ ਹੋਈ ਹੈ ਪਰੰਤੂ ਬਹੁਤ ਸਾਰੇ ਅਦਾਰੇ ਅਜਿਹੀ ਮੰਗ ਕਰ ਰਹੇ ਹਨ ਕਿ ਸਰਕਾਰ ਨੂੰ ਮਨੁੱਖਤਾ ਦੇ ਆਧਾਰ ਤੇ ਉਪਰੋਕਤ ਮਿੱਥੀ ਗਈ ਗਿਣਤੀ ਨੂੰ 20,000 ਤੱਕ ਕਰ ਦੇਣਾ ਚਾਹੀਦਾ ਹੈ ਅਤੇ ਇਸ ਮੁਹਿੰਮ ਵਿੱਚ 300 ਤੋਂ ਵੀ ਜ਼ਿਆਦਾ ਜੱਥੇਬੰਧੀਆਂ ਲਾਮਬਧ ਹੋ ਕੇ ਫੈਡਰਲ ਸਰਕਾਰ ਕੋਲੋਂ ਅਜਿਹੀ ਮੰਗ ਕਰ ਰਹੀਆਂ ਹਨ।

Install Punjabi Akhbar App

Install
×