ਕੀ ਬੋਤਲ ਵਿਚੋਂ ਬਾਹਰ ਆ ਚੁੱਕਾ ਹੈ ਕੱਟੜਵਾਦੀ ਨਫਰਤ ਦਾ ਜਿੰਨ….?

ਦਿੱਲੀ ਪੁਲੀਸ ਬਣ ਕੇ ਰਹਿ ਗਈ ਇੱਕ ਤਮਾਸ਼ਾ…

ਨਫਰਤ ਦੀ ਫਸਲ ਨੂੰ ਜਿਸ ਤਰਾਂ ਸੰਘ ਪਰਿਵਾਰ ਵਲੋਂ ਖਾਦ ਪਾਣੀ ਦਿੱਤਾ ਜਾ ਰਿਹਾ ਹੈ ,ਉਸ ਨੇ ਸਮੁੱਚੇ ਦੇਸ਼ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੰਘ ਦੇ ਇਸ ਵਰਤਾਰੇ ਨੇ ਦੇਸ ਨੂੰ ਪਿਆਰ ਕਰਨ ਵਾਲੇ ਹਰ ਨਾਗਰਿਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੇਸ ਆਰਥਿਕ ਅਤੇ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਬਹੁਤ ਪਿੱਛੇ ਚਲੇ ਗਿਆ ਹੈ। ਸਾਰੇ ਕੰਮ ਛੱਡ ਕੇ ਸੰਘ ਪਰਿਵਾਰ ਨੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਹਾਸ਼ੀਏ ਉੱਤੇ ਧੱਕਣ ਲਈ ਆਪਣੇ  ਸਾਰੇ ਘੋੜੇ ਖੋਹਲ ਦਿੱਤੇ ਹਨ।ਸੰਘ ਦੀ ਇਸ ਕਵਾਇਦ ਨੂੰ ਕੇਂਦਰ ਸਰਕਾਰ ਵੀ ਅੱਗੇ ਵਧਾ ਰਹੀ ਹੈ। ਕਸਰ ਤਾਂ ਇਹਨਾਂ ਨੇ ਪਹਿਲਾਂ ਵੀ ਕਦੇ ਨਹੀਂ ਛੱਡੀ ਪਰ ਪਿਛਲੇ 3 ਕੁ ਦਹਾਕਿਆਂ ਤੋਂ ਉਹਨਾਂ ਦੇ ਹੌਸਲੇ ਬਹੁਤ ਵਧ ਗਏ ਹਨ। 2014 ਤੋਂ ਪਹਿਲਾਂ ਜਿਹੜੀ ਸ਼ਰਮ ਹਿਆ ਬਾਕੀ ਸੀ ਉਹ ਹੁਣ ਨਹੀਂ ਰਹੀ। ਕੁੱਝ ਦਹਾਕੇ ਪਹਿਲਾਂ ਜਿਸ ਪਾਰਟੀ ਨੂੰ ਕੋਈ ਚਿਮਟੇ ਨਾਲ ਵੀ ਛੂਹਣਾ ਨਹੀਂ ਚਾਹੁੰਦਾ ਸੀ ਅੱਜ ਉਹ ਪਾਰਟੀ ਪੂਰਨ ਬਹੁਮਤ ਨਾਲ ਦੇਸ ਉੱਤੇ ਰਾਜ ਕਰ ਰਹੀ ਹੈ।

ਅਡਵਾਨੀ ਦੀ ਰਥ ਯਾਤਰਾ ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਗੁਜ਼ਰ ਚੁੱਕਾ ਹੈ। ਮੰਡਲ ਕਮੰਡਲ,ਬਾਬਰੀ ਮਸਜਿਦ, ਗੋਦਰਾ ਕਾਂਡ, ਮੌਬ ਲਿੰਚਿੰਗ , ਗਊ ਰੱਖਿਆ ਅਤੇ ਰਾਮ ਮੰਦਰ ਦੀ ਉਸਾਰੀ ਵਰਗੀਆਂ ਅਨੇਕਾਂ ਘਟਨਾਵਾਂ ਇਸ ਦੇਸ ਵਿੱਚ ਵਾਪਰ ਚੁੱਕੀਆਂ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਦੇਸ ਦੀ ਰਾਜਧਾਨੀ ਦੇ ਦਿਲ ਵਜੋਂ ਪ੍ਰਚਾਰੇ ਜਾਂਦੇ ਜੰਤਰ ਮੰਤਰ ਉੱਤੇ ਹਜਾਰਾਂ ਭਾਜਪਾਈ ਸਮਰਥਕਾਂ ਦੀ ਭੀੜ ਨੇ ਇਕੱਤਰ ਹੋ ਕੇ ਮੁਸਲਮਾਨ ਭਾਈਚਾਰੇ ਖਿਲਾਫ ਅਜਿਹੇ ਬੋਲ ਕੁਬੋਲ ਬੋਲੇ ਜਿਸ ਨੇ ਹਰ ਤਰਾਂ ਦੀ ਤਹਿਜ਼ੀਬ ਨੂੰ ਤਾਰ ਤਾਰ ਕਰ ਕੇ ਰੱਖ ਦਿੱਤਾ। ਇੱਕ ਮਸ਼ਹੂਰ ਪੋਸਟਲ ਚੈਨਲ ਦੇ ਪੱਤਰਕਾਰ ਨੂੰ ਦਰਜਨਾਂ ਜਨੂੰਨੀਆਂ ਨੇ ਘੇਰ ਲਿਆ ਅਤੇ ਉਸ ਨੂੰ ਜੈ ਸ੍ਰੀ ਰਾਮ  ਦੇ ਨਾਅਰੇ ਲਾਉਣ ਲਈ ਕਿਹਾ ਗਿਆ। ਉਸ ਦਲੇਰ ਪੱਤਰਕਾਰ  ਨੇ ਨਾਅਰੇ ਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਵਾਇਰਲ ਵੀਡੀਓਜ ਸਾਰੀ ਰਾਮ ਕਹਾਣੀ ਬਿਆਨ ਕਰ ਰਹੇ ਹਨ। ਅਸਲ ਵਿੱਚ ਭਾਜਪਾ ਨਾਲ ਸਬੰਧਿਤ  ਅਸ਼ਵਨੀ ਉਪਧਿਆਏ ਅਤੇ ਗਜੇਂਦਰ ਚੌਹਾਨ ਆਦਿ ਆਗੂਆਂ ਵਲੋਂ 9 ਅਗਸਤ ਨੂੰ “ਭਾਰਤ ਜੋੜੋ” ਅਭਿਆਨ ਅਧੀਨ ਇੱਕ ਸਮਾਗਮ ਦਾ ਪ੍ਰਬੰਧ ਜੰਤਰ ਮੰਤਰ ਉੱਤੇ ਕੀਤਾ ਗਿਆ ਸੀ।

ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਵਲੋਂ ਇਸ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਮਨਜ਼ੂਰੀ ਨਾ ਮਿਲਣ ਦੇ ਬਾਵਯੂਦ ਉਪਰੋਕਤ ਵਿਅਕਤੀਆਂ ਵਲੋਂ ਉਸ ਸੰਵੇਦਨਸ਼ੀਲ ਇਲਾਕੇ ਵਿੱਚ ਸਮਾਗਮ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਬਹੁਤ ਹੀ ਇਤਰਾਜ ਯੋਗ ਸ਼ਬਦਾਬਲੀ ਦਾ ਪ੍ਰਯੋਗ ਕੀਤਾ ਗਿਆ। ਮੁਸਲਿਮ ਭਾਈਚਾਰੇ ਨੂੰ ਸ਼ਰੇਆਮ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜੰਤਰ ਮੰਤਰ ਦਾ ਇਲਾਕਾ ਲੋਕ ਸਭਾ ਤੋਂ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ। ਜਦੋਂ ਲੋਕਸਭਾ ਦਾ ਇਜਲਾਸ ਚਲਦਾ ਹੁੰਦਾ ਹੈ ਤਾਂ ਇਸ ਇਲਾਕੇ ਵਿਚ ਅਕਸਰ ਦਫਾ 144 ਲੱਗੀ ਹੁੰਦੀ ਹੈ। ਮਨਜ਼ੂਰੀ ਨਾ ਮਿਲਣ ਅਤੇ ਧਾਰਾ 144 ਲੱਗੇ ਹੋਣ ਦੇ ਬਾਵਯੂਦ ਵੀ ਸਮਾਗਮ ਦਾ ਕੀਤੇ ਜਾਣਾ ਕਈ ਤਰਾਂ ਦੇ ਸਵਾਲ ਖੜ੍ਹੇ ਕਰਦਾ ਹੈ। ਵਰਨਣਯੋਗ ਹੈ ਕਿ 200 ਕਿਸਾਨਾਂ ਨੂੰ ਇੱਥੇ ਸ਼ਾਂਤਮਈ ਰੋਸ ਪ੍ਰਗਟ ਕਰਨ ਲਈ ਦਿੱਲੀ ਪੁਲਿਸ ਵਲੋਂ ਅਨੇਕਾਂ ਅੜਿੱਕੇ ਖੜ੍ਹੇ ਕੀਤੇ ਗਏ ਸਨ। ਕਿਸਾਨ ਸੰਸਦ ਚਲਾਉਣ ਸਮੇ ਸੈਂਕੜਿਆਂ ਦੀ ਗਿਣਤੀ ਵਿੱਚ ਮੁਠੀ ਭਰ ਕਿਸਾਨਾਂ ਦੀ ਪੁਲਿਸ ਵਲੋਂ ਘੇਰਾਬੰਦੀ ਕੀਤੀ ਜਾਂਦੀ ਰਹੀ। ਪਰ 9 ਅਗਸਤ ਨੂੰ ਗੈਰ ਸੰਵਿਧਾਨਿਕ ਤੌਰ ਤੇ ਇਕੱਠੀ ਹੋ ਰਹੀ ਭੀੜ ਨੂੰ ਕਿਸੇ ਨੇ ਨਹੀਂ ਰੋਕਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਦੇ ਹੱਥ ਬੰਨੇ ਹੋਏ ਸਨ।

ਜੇ ਐਨ ਯੂ, ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਦਿੱਲੀ ਦੰਗਿਆਂ ਨਾਲ ਸਬੰਧਿਤ ਘਟਨਾਵਾਂ ਦੌਰਾਨ ਜਿਸ ਤਰਾਂ ਦਾ ਰੋਲ ਦਿੱਲੀ ਪੁਲਿਸ ਨੇ ਅਦਾ ਕੀਤਾ ਹੈ ਉਸ ਨੇ ਦਿੱਲੀ ਪੁਲਿਸ ਦੀ ਭਰੋਸੇਯੋਗਤਾ ਨੂੰ ਬੁਰੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨਾ ਕੁੱਝ ਹੋ ਜਾਣ ਦੇ ਬਾਵਯੂਦ ਗਰਿਹ ਮੰਤਰਾਲੇ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ। ਇੱਕ ਘੱਟ ਗਿਣਤੀ ਭਾਈਚਾਰੇ ਨੂੰ ਬਹੁਗਿਣਤੀ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਹੈ।  ਜੇਕਰ ਸੋਸ਼ਿਲ ਮੀਡੀਆ ਉੱਤੇ ਵੱਡੇ ਪੱਧਰ ਤੇ ਦਿੱਲੀ ਪੁਲਿਸ ਦੀ ਥੂ ਥੂ ਨਾ ਹੁੰਦੀ ਅਤੇ ਬਿਭੂਤੀ ਨਰਾਇਣ ਸਿੰਘ ਸਾਬਕਾ ਡੀ ਜੀ ਪੀ ਯੂ ਪੀ ਸਮੇਤ ਹੋਰ ਸਾਬਕਾ ਉੱਚ ਅਧਿਕਾਰੀ ਹਰਕਤ ਵਿੱਚ ਨਾ ਆਉਂਦੇ ਤਾਂ ਉਹੀ ਹੋਣਾ ਸੀ ਜੋ ਦਿੱਲੀ ਪੁਲਿਸ ਪਿਛਲੇ ਕੁੱਝ ਸਮੇਂ ਤੋਂ ਕਰਦੀ ਆ ਰਹੀ ਹੈ। ਦਿੱਲੀ ਪੁਲਿਸ ਦੀ ਕਿਰਕਿਰੀ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਅਦ ਵਿੱਚ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਸ਼ਵਨੀ ਕੁਮਾਰ ਉਪਧਿਆਏ ਸਮੇਤ 4 ਵਿਅਕਤੀਆਂ ਨੂੰ ਜੇਹਲ ਭੇਜ ਦਿੱਤਾ ਅਤੇ 2 ਦਾ ਇੱਕ ਦਿਨ ਲਈ ਪੁਲਿਸ ਰੀਮਾਂਡ ਦੇ ਦਿੱਤਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਭਾਜਪਾਈ ਨੇਤਾ ਅਸ਼ਵਨੀ ਉਪਧਿਆਏ ਦੀ ਜ਼ਮਾਨਤ ਹੀ ਹੋ ਗਈ ਹੈ। ਹਾਲਾਂ ਕਿ ਉਸ ਖਿਲਾਫ 153-A ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਸੀ ਜੋ ਗੈਰ ਜਮਾਨਤੀ ਧਾਰਾ ਹੈ।

ਸਾਫ ਹੈ ਕਿ ਕੇਂਦਰ ਦੇ ਇਸ਼ਾਰੇ ਉੱਤੇ ਦਿੱਲੀ ਪੁਲਿਸ ਨੇ ਤਕਨੀਕੀ ਢਿੱਲ ਵਰਤੀ ਹੋਵੇਗੀ। ਲੋਕਾਂ ਵਲੋਂ ਇਹਨਾਂ ਖਿਲਾਫ ਸਖਤ ਧਾਰਾਵਾਂ ਜੋੜਨ ਦੀ ਮੰਗ ਕੀਤੀ ਜਾ ਰਹੀ ਹੈ। ਨਫਰਤੀ ਭਾਸ਼ਣ ਦੇਣ ਵਾਲੇ ਅਤੇ ਜ਼ਹਿਰੀਲੇ ਨਾਅਰੇ ਲਾਉਣ ਵਾਲੇ  ਕੁੱਝ ਹੋਰ ਵਿਅਕਤੀ ਅਜੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤੇ। ਤੁਹਾਨੂੰ ਯਾਦ ਹੋਵੇਗਾ ਕਿ ਜੇ ਐਨ ਯੂ , ਜਾਮੀਆ, ਅਤੇ ਭੀਮਾ ਕੋਰੇ ਗਾਂਵ ਨਾਲ ਸਬੰਧਿਤ ਘਟਨਾਵਾਂ ਅਜਿਹੀਆਂ ਹਨ ਜਿੱਥੇ ਦੋਸ਼ੀਆਂ ਨੂੰ ਛੱਡ ਕੇ ਪੀੜਤ ਧਿਰਾਂ ਉੱਤੇ ਸੰਗੀਨ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ ਸਨ। ਇਹਨਾਂ ਚੋਂ ਬਹੁਤਿਆਂ ਦੀਆਂ ਠੋਸ ਅਧਾਰ ਹੋਣ ਦੇ ਬਾਵਯੂਦ ਅਜੇ ਤੱਕ ਜ਼ਮਾਨਤਾਂ ਨਹੀਂ ਹੋ ਸਕੀਆਂ।

ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾ ਨੰਦ ਦਾ ਕਹਿਣਾ ਹੈ ਕਿ ਜੇ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਦੇਸ਼ ਇੱਕ ਹੋਰ ਬਟਵਾਰੇ ਵਲ ਵਧ ਸਕਦਾ ਹੈ। ਭਾਰਤ ਇਸ ਸਮੇਂ ਆਰਥਿਕ ਮੰਦੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਚੀਨ ਵਲੋਂ ਲਗਾਤਾਰ ਚਣੌਤੀ ਦਿੱਤੀ ਜਾ ਰਹੀ ਹੈ, ਕਰੋਨਾ ਨੂੰ ਕਾਬੂ ਕਰਨ ਦੇ ਮਾਮਲੇ ਵਿੱਚ ਮੋਦੀ ਸਰਕਾਰ ਬੁਰੀ ਤਰਾਂ ਫੇਹਲ ਸਾਬਤ ਹੋਈ ਹੈ,ਗੁਆਂਢੀ ਮੁਲਕ ਇੱਕ ਇੱਕ ਕਰ ਕੇ ਦੂਰ ਹੁੰਦੇ ਜਾ ਰਹੇ ਹਨ। ਇਹਨਾਂ ਸਮੱਸਿਆਵਾਂ ਵਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਭਾਜਪਾ ਸਰਕਾਰ ਆਪਣੇ ਮਿਥੇ ਹੋਏ ਏਜੰਡੇ (ਪਾੜੋ ਅਤੇ ਰਾਜ ਕਰੋ) ਅਨੁਸਾਰ ਅੰਨੇਵਾਹ ਨੱਕ ਦੀ ਸੇਧੇ ਅੱਗੇ ਵਧ ਰਹੀ ਹੈ। ਪ੍ਰਸਿੱਧ ਸਮਾਜ ਸਾਸ਼ਤਰੀ ਅਭੈ ਕੁਮਾਰ ਦੁੱਬੇ ਦਾ ਕਹਿਣਾ ਹੈ ਕਿ ਆਰ ਐਸ ਐਸ ਦੀ ਯੋਜਨਾ ਭਾਰਤ ਨੂੰ ਆਗਿਆ ਪਾਲਕ ਸਮਾਜ ਵਿੱਚ ਬਦਲਣ ਦੀ ਹੈ। ਰਾਜਸੀ ਤਾਕਤ ਦੇ ਬਲਬੂਤੇ ਉਹ ਉਪਰ ਤੋਂ ਸਮਾਜ ਉੱਤੇ ਅਜਿਹਾ ਗਰਿੱਪ ਬਣਾ ਰਹੀ ਹੈ ਜਿਸ ਦੀ ਪਕੜ ਵਿੱਚ ਬਹੁ ਗਿਣਤੀ ਭਾਈਚਾਰੇ ਦਾ ਵੱਡਾ ਹਿੱਸਾ ਆ ਸਕੇ। ਇੱਕ ਗਿਣੀ ਮਿਥੀ ਯੋਜਨਾ ਤਹਿਤ ਸਰਕਾਰ ਅਤੇ ਦੇਸ ਨੂੰ ਰਲਗੱਡ ਕੀਤਾ ਜਾ ਰਿਹਾ ਹੈ। ਸਰਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਹੋਣ ਦਾ ਫਤਵਾ ਦਿੱਤਾ ਜਾ ਰਿਹਾ ਹੈ। ਸੰਘ ਪਰਿਵਾਰ ਕੋਲ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਭਾਰਤੀ ਸਮਾਜ ਨੂੰ ਹੇਠਲੇ ਪੱਧਰ ਤੱਕ ਵੰਡ ਕੇ ਖਖੜੀਆਂ ਕਰੇਲੇ ਕਰ ਦਿੱਤਾ ਜਾਵੇ। ਇਸੇ ਵਿੱਚ ਸੰਘ ਪਰਿਵਾਰ ਦੀ ਸਫਲਤਾ ਛੁਪੀ ਹੋਈ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪਾਰਟੀ 35 % ਵੋਟਾਂ ਹਾਸਲ ਕਰਕੇ 65 % ਲੋਕਾਂ ਉੱਤੇ ਰਾਜ ਕਰ ਰਹੀ ਹੈ। ਭਾਜਪਾ ਸਰਕਾਰ ਸੰਘ ਦੇ ਇਸੇ ਏਜੰਡੇ ਅਨੁਸਾਰ ਕੰਮ ਕਰ ਰਹੀ ਹੈ। ਇਸ ਤੋਂ ਵੀ ਅੱਗੇ ਜਾ ਕੇ ਕੁੱਝ ਸਿਆਸੀ ਅਤੇ ਸਮਾਜਿਕ ਮਾਹਰਾਂ ਦਾ ਮੰਨਣਾ ਹੈ ਕਿ ਨਫਰਤ ਫੈਲਾਉਣ ਵਾਲੇ ਇਹ “ਯੰਤਰ” ਬਹੁਤ ਜਿਆਦਾ ਕੱਟੜਵਾਦੀ ਹਨ । ਇਹ ਸੰਘ ਪਰਿਵਾਰ ਨੂੰ ਟਕੇ ਸੇਰ ਨਹੀਂ ਸਮਝਦੇ। ਜਦੋਂ ਤੋਂ ਮੋਹਨ ਭਾਰਗਵ ਨੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀ ਐਨ ਏ ਇੱਕ ਹੋਣ ਦੀ ਗੱਲ ਕਹੀ ਹੈ ਉਦੋਂ ਤੋਂ ਇਹਨਾਂ ਕੱਟੜਵਾਦੀ “ਯੰਤਰਾਂ” ਨੇ ਉਸ ਨੂੰ ਮੌਲਾਨਾ ਭਰਗਵਤ ਕਹਿਣਾ ਸ਼ੁਰੂ ਕਰ ਦਿੱਤਾ ਹੈ। ਹਿੰਦੂਤਵੀ ਜਿੰਨ ਬੋਤਲ ਤੋਂ ਬਾਹਰ ਆ ਚੁੱਕਾ ਹੈ । ਇਹ ਜਿੰਨ ਉਹਨਾਂ ਖੇਮਿਆਂ ਨੂੰ ਵੀ ਆਪਣੀ ਲਪੇਟ ਵਿੱਚ ਲਵੇਗਾ ਜਿਹਨਾਂ ਨੇ ਇਸ ਨੂੰ ਬਾਹਰ ਕੱਢਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਕੱਟੜਵਾਦੀ ਅਨਸਰਾਂ ਨੂੰ ਆਪਣੇ ਰਾਜਨੀਤਕ ਉਦੇਸ਼ਾਂ ਲਈ ਵਰਤਣਾ ਸ਼ੇਰ ਦੀ ਸਵਾਰੀ ਕਰਨ ਦੇ ਤੁੱਲ ਹੁੰਦਾ ਹੈ।

(ਹਰਜਿੰਦਰ ਸਿੰਘ ਗੁਲਪੁਰ) 0061411218801

Welcome to Punjabi Akhbar

Install Punjabi Akhbar
×
Enable Notifications    OK No thanks