ਕਿੰਨੀ ਅਹਿਮ ਹੈ ਮੋਦੀ ਦੀ ”ਪੰਜ-ਸਤਾਨ” ਯਾਤਰਾ !

7countriesmodiਦੁਨੀਆਂ ਵਿੱਚ ਮੁੱਖ ਤੌਰ ਤੇ ਸੱਤ ‘ਸਤਾਨ’ ਹਨ : ਪਾਕਿਸਤਾਨ, ਅਫਗਾਨਿਸਤਾਨ, ਕਜ਼ਾਖਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਿਰਗਿਸਤਾਨ ਅਤੇ ਤਜਾਕਿਸਤਾਨ। ਜੇਕਰ ਭਾਰਤ ਨੂੰ ਹਿੰਦੁਸਤਾਨ ਕਹਿਣਾ ਹੋਵੇ ਤਾਂ ਇਹ ‘ਅੱਠਵਾਂ ਸਤਾਨ’ ਮੰਨਿਆ ਜਾ ਸਕਦਾ ਹੈ। ‘ਸਤਾਨ’ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਭਾਵ ਹੈ ਜ਼ਮੀਨ। ਜ਼ਮੀਨ ਨੂੰ ਅੰਗਰੇਜੀ ਵਿੱਚ ਲੈਂਡ ਕਹਿਣ ਕਰਕੇ ਜਿਵੇਂ ਬਹੁਤ ਸਾਰੇ ਦੇਸ਼ਾਂ ਦੇ ਨਾਂਵਾਂ ਦਾ ਪਿਛੇਤਰ ‘ਲੈਂਡ’ ਹੈ (ਇੰਗਲੈਂਡ, ਨੀਦਰਲੈਂਡ, ਫ਼ਿਨਲੈਂਡ, ਨਿਊਜ਼ੀਲੈਂਡ, ਥਾਈਲੈਂਡ ਆਦਿ) ਉਸੇ ਤਰਾਂ ਇਹਨਾਂ ਸੱਤ ਦੇਸ਼ਾਂ ਦੇ ਨਾਂਵਾਂ ਦਾ ਪਿਛੇਤਰ ‘ਸਤਾਨ’ ਆਉਂਦਾ ਹੈ। ਇਹ ਲਗਭਗ ਸਾਰੇ ਹੀ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਹਨ। ਪਾਕਿਸਤਾਨ ਨੂੰ ਛੱਡ ਦੇਈਏ ਤਾਂ ਬਾਕੀ ਦੇ ਛੇ ਸਤਾਨ ਉਹ ਦੇਸ਼ ਹਨ ਜਿਥੋਂ ਪਿਛਲੇ ਸਮਿਆਂ ਵਿੱਚ ਸਾਡੇ ਦੇਸ਼ ਉੱਤੇ ਬਾਹਰੀ ਹਮਲਾਵਰ ਆ ਕੇ ਹਮਲੇ ਕਰਦੇ ਰਹੇ। ਕੁਝ ਤਾਂ ਸਾਨੂੰ ਲੁੱਟ ਪੁੱਟ ਕੇ ਵਾਪਸ ਮੁੜਦੇ ਰਹੇ ਪਰ ਕੁਝ ਹੌਲੀ ਹੌਲੀ ਇਥੇ ਭਾਰਤ ਵਿੱਚ ਹੀ ਵਸ ਗਏ। ਅੱਜ ਉਹ ਹਰ ਤਰਾਂ ਆਪਣੇ ਆਪ ਨੂੰ ਭਾਰਤੀ ਜਾਂ ਹਿੰਦੁਸਤਾਨੀ ਅਖਵਾਉਣ ਵਿੱਚ ਪੂਰਾ ਮਾਣ ਮਹਿਸੂਸ ਕਰਦੇ ਹਨ। ਭਾਰਤ ਵਿੱਚ ਮੁਗਲ ਸਾਮਰਾਜ ਦਾ ਮੁੱਢ ਬੰਨ੍ਹਣ ਵਾਲਾ ਬਾਦਸ਼ਾਹ ਬਾਬਰ, ਉਜ਼ਬੇਕਿਸਤਾਨ ਦੇ ਅੰਦੀਜਾਨ ਇਲਾਕੇ ਦਾ ਜੰਮਪਲ ਸੀ। ਇਸ ਤਰਾਂ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ ਪਰ ਇਹਨਾਂ ‘ਸਤਾਨਾਂ’ ਨਾਲ ਸਾਡੀ ਸਾਂਝ ਜਰੂਰ ਹੈ।
ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਪਹਿਲਾਂ ਇਹਨਾਂ ਵਿਚੋਂ ਪੰਜ ਸਤਾਨ (ਕਜ਼ਾਖਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਿਰਗਿਸਤਾਨ ਅਤੇ ਤਜਾਕਿਸਤਾਨ ) ਉਸੇ ਕਮਿਊਨਿਸਟ ਰਾਜ ਦਾ ਹੀ ਹਿੱਸਾ ਸਨ। ਪਰ ੧੯੯੧ ਵਿੱਚ ਜਦੋਂ ਸੋਵੀਅਤ ਯੂਨੀਅਨ ਦੇ ਟੁਕੜੇ ਹੋ ਗਏ ਤਾਂ ਇਹ ਪੰਜ ਸਤਾਨ ਰੂਸ ਤੋਂ ਵੱਖਰੇ ਹੋ ਕੇ ਆਜ਼ਾਦ ਰੂਪ ਵਿੱਚ ਹੋਂਦ ਵਿੱਚ ਆਏ। ਇਹ ਸਾਰੇ ਹੀ ਦੇਸ਼ ਅਫਗਾਨਿਸਤਾਨ ਦੇ ਉੱਤਰ ਵਾਲੇ ਪਾਸੇ ਅਤੇ ਰੂਸ ਦੇ ਦੱਖਣ ਵਾਲੇ ਪਾਸੇ ਸਥਿਤ ਹਨ। ਕਜ਼ਾਖਸਤਾਨ ਇਹਨਾਂ ਵਿਚੋਂ ਸਭ ਤੋਂ ਵੱਡਾ ਦੇਸ਼ ਹੈ। ਅੱਜ ਇਹਨਾਂ ਦੇਸ਼ਾਂ ਦੇ ਇਲਾਕੇ ਨੂੰ ਕੇਂਦਰੀ ਏਸ਼ੀਆ ਵਜੋਂ ਜਾਣਿਆ ਜਾਂਦਾ ਹੈ। ਭਾਵੇਂ ਇਹ ਦੇਸ਼ ਅੱਜ ਕਾਫੀ ਗਰੀਬ ਹਨ ਪਰ ਆਪਣੇ ਕੁਦਰਤੀ ਭੰਡਾਰਾਂ ਦੇ ਮਾਮਲੇ ਵਿੱਚ ਬਹੁਤ ਹੀ ਅਮੀਰ ਹਨ। ਕਜਾਖਸਤਾਨ ਵਿੱਚ ਤੇਲ ਅਤੇ ਯੂਰੇਨੀਅਮ ਦੇ ਵੱਡੇ ਭੰਡਾਰ ਹਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਵਿੱਚ ਕੁਦਰਤੀ ਗੈਸ ਬਹੁਤ ਜ਼ਿਆਦਾ ਮਾਤਰਾ ਵਿਚ ਉਪਲਬਧ ਹੈ। ਤਜਾਕਿਸਤਾਨ ਅਤੇ ਕਿਰਗਿਸਤਾਨ ਵਿੱਚ ਵੀ ਕੁਦਰਤੀ ਸੋਮਿਆਂ ਦੇ ਵੱਡੇ ਭੰਡਾਰਾਂ ਦੀ ਸੰਭਾਵਨਾ ਮੰਨੀ ਜਾਂਦੀ ਹੈ।  ਜੇਕਰ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਕੁਦਰਤੀ ਭੰਡਾਰਾਂ ਦੀ ਯੋਗ ਵਰਤੋਂ ਕਰ ਸਕਣ ਤਾਂ ਇਹ ਦੇਸ਼ ਵੀ ਖਾੜੀ ਅਤੇ ਅਰਬ ਦੇ ਦੇਸ਼ਾਂ ਵਾਂਗ ਬਹੁਤ ਅਮੀਰ ਹੋ ਸਕਦੇ ਹਨ।
ਕੁਦਰਤੀ ਭੰਡਾਰਾਂ ਦੀ ਏਨੀ ਵੱਧ ਮਾਤਰਾ ਹੋਣ ਕਰਕੇ ਹਰ ਦੇਸ਼ ਇਹਨਾਂ ਨਾਲ ਸੰਬੰਧ ਬਣਾਉਣਾ ਚਾਹੁੰਦਾ ਹੈ। ਪਰ ਇੱਕ ਵੱਡੀ ਸਮੱਸਿਆ ਇਹ ਹੈ ਕਿ ਇਹ ਸਾਰੇ ਹੀ ਦੇਸ਼ ਲੈਂਡਲਾਕਡ ਹਨ ਅਰਥਾਤ ਇਹਨਾਂ ਨੂੰ ਖੁੱਲਾ ਸਮੁੰਦਰ ਨਹੀਂ ਲੱਗਦਾ। ਰੂਸ ਅਤੇ ਚੀਨ ਦੇ ਨੇੜੇ ਹੋਣ ਕਾਰਨ ਉਹ ਦੋਵੇਂ ਹੀ ਦੇਸ਼ ਇਹਨਾਂ ਨਾਲ ਵੱਧ ਸੰਬੰਧ ਬਣਾਈ ਬੈਠੇ ਹਨ। ਪਰ ਭਾਰਤ ਨੂੰ ਇਹਨਾਂ ਪੰਜ ਸਤਾਨਾਂ ਤੱਕ ਪਹੁੰਚਣ ਲਈ ਪਾਕਿਸਤਾਨ, ਅਫਗਾਨਿਸਤਾਨ ਜਾਂ ਇਰਾਨ ਵਰਗੇ ਮੁਲਕਾਂ ਵਿਚੋਂ ਹੀ ਲੰਘ ਕੇ ਜਾਣਾ ਪੈਂਦਾ ਹੈ। ਇਸੇ ਕਾਰਨ ਭਾਵੇਂ ਕਿ ਇਹਨਾਂ ਦੇਸ਼ਾਂ ਨਾਲ ਸਾਡੇ ਸੱਭਿਆਚਾਰਕ ਸੰਬੰਧ ਕਿੰਨੇ ਵੀ ਮਜ਼ਬੂਤ ਹਨ ਪਰ ਆਰਥਿਕ ਸੰਬੰਧ ਅਜੇ ਬਹੁਤ ਪਿੱਛੇ ਖੜੋਤੇ ਹਨ। ਉਥੋਂ ਦੇ ਵਿਦਿਆਰਥੀ ਭਾਰਤ ਵਿੱਚ ਆ ਕੇ ਪੜ੍ਹਨ ਦੇ ਇੱਛਕ ਹਨ ਅਤੇ ਭਾਰਤੀ ਫਿਲਮਾਂ ਉਥੇ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਪਰ ਉਹਨਾਂ ਨਾਲ ਆਰਥਿਕ ਸੰਬੰਧ ਬਣਾਉਣ ਵਿੱਚ ਚੀਨ ਸਾਡੇ ਤੋਂ ਬਹੁਤ ਅੱਗੇ ਲੰਘ ਗਿਆ ਹੈ। ਭਾਵੇਂ ਕਿ ਇਸਦੇ ਭੂਗੋਲਿਕ ਕਾਰਨ ਵੀ ਹਨ ਪਰ ਫਿਰ ਵੀ ਇਹ ਸਾਡੀ ਵਿਦੇਸ਼ ਨੀਤੀ ਦੀ ਹੁਣ ਤੱਕ ਦੀ ਨਾਕਾਮੀ ਵੀ ਰਹੀ ਹੈ। ਜਦੋਂ ਇਹ ਦੇਸ਼ ਸੋਵੀਅਤ ਯੂਨੀਅਨ ਦਾ ਹਿੱਸਾ ਸਨ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਕਸਰ ਹੀ ਉਥੇ ਜਾਂਦੇ ਰਹੇ ਸਨ। ਸਾਡੇ ਦੂਸਰੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਦਿਹਾਂਤ ਵੀ ਉਥੋਂ ਦੇ ਦੌਰੇ ਦੌਰਾਨ ਹੀ ਹੋਇਆ ਸੀ ਜਦੋਂ ਉਹ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਵਿੱਚ ਸਨ।
ਕੇਂਦਰੀ ਏਸ਼ੀਆ ਦੇ ਇਹਨਾਂ ਪੰਜ ਦੇਸ਼ਾਂ ਵਿੱਚ ਰੂਸ, ਅਮਰੀਕਾ ਅਤੇ ਚੀਨ ਦੀ ਹਾਜ਼ਰੀ ਬੜੀ ਅਹਿਮ ਹੈ। ਇਹਨਾਂ ਵਿਚੋਂ ਵੀ ਅੱਜਕੱਲ ਚੀਨ ਹੀ ਸਭ ਤੋਂ ਵੱਧ ਬਾਜ਼ੀ ਮਾਰ ਰਿਹਾ ਹੈ। ਚੀਨ ਨੂੰ ਕਾਬੂ ਵਿੱਚ ਰੱਖਣ ਲਈ ਅਮਰੀਕਾ ਅਤੇ ਰੂਸ ਵੀ ਉਥੇ ਭਾਰਤ ਦੀ ਹਾਜ਼ਰੀ ਨੂੰ ਦਿਲੋਂ ਹਮਾਇਤ ਦਿੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਜੁਲਾਈ ੨੦੧੫ ਵਾਲੀ ਯਾਤਰਾ ਦੌਰਾਨ, ਕਜ਼ਾਖਸਤਾਨ ਦੀ ਇੱਕ ਯੂਨੀਵਰਸਿਟੀ ਵਿੱਚ ਬੋਲਦੇ ਹੋਏ ਇਹੀ ਸੁਨੇਹਾ ਦਿੱਤਾ ਕਿ ਕੇਂਦਰੀ ਏਸ਼ੀਆ ਪੂਰਬ ਅਤੇ ਪੱਛਮ ਨਾਲ ਤਾਂ ਬਥੇਰਾ ਜੁੜਿਆ ਹੋਇਆ ਹੈ, ਹੁਣ ਦੱਖਣ ਨਾਲ ਵੀ ਜੁੜ ਕੇ ਵੇਖੇ। ਪੰਜ ਸਤਾਨਾਂ ਵਿਚੋਂ ਲੋਕਤੰਤਰ ਉੱਤੇ ਸਭ ਤੋਂ ਵੱਧ ਪਹਿਰਾ ਦੇਣ ਵਾਲੇ ਦੇਸ਼ ਕਿਰਗਿਸਤਾਨ ਦੀ ਮੋਦੀ ਨੇ ਰੱਜ ਕੇ ਤਾਰੀਫ਼ ਕੀਤੀ। ਇਹਨਾਂ ਦੇਸ਼ਾਂ ਵਿੱਚ ਇਸਲਾਮਿਕ ਕੱਟੜਵਾਦ ਵੀ ਕਾਫੀ ਪੈਰ ਪਸਾਰ ਰਿਹਾ ਹੈ ਜਿਸ ਤੋਂ ਇਥੋਂ ਦੀਆਂ ਸਰਕਾਰਾਂ ਕਾਫੀ ਚਿੰਤਤ ਹਨ। ਇਸ ਸੰਬੰਧ ਵਿੱਚ ਵੀ ਭਾਰਤ ਨੇ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ। ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਨੱਥ ਪਾਉਣ ਬਾਰੇ ਵੀ ਵਿਚਾਰਾਂ ਹੋਈਆਂ। ਲਗਭਗ ਇਹਨਾਂ ਸਾਰੇ ਹੀ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪੱਕੀ ਮੈਂਬਰਸ਼ਿਪ ਲਈ ਆਪਣੀ ਸਹਿਮਤੀ ਦਾ ਵਾਅਦਾ ਕੀਤਾ ਹੈ।
ਅੱਜ ਕੱਲ ਆਰਥਿਕ ਕੂਟਨੀਤੀ, ਸਿਆਸੀ ਕੂਟਨੀਤੀ ਉੱਤੇ ਭਾਰੂ ਹੁੰਦੀ ਜਾ ਰਹੀ ਹੈ। ਇਸ ਲਈ ਸਭ ਤੋਂ ਵੱਧ ਮਹੱਤਵਪੂਰਨ ਆਰਥਿਕ ਸੰਬੰਧ ਹੀ ਹੁੰਦੇ ਹਨ। ਇਸ ਵੇਲੇ ਕਜ਼ਾਖਸਤਾਨ ਦੇ ਕੁੱਲ ਤੇਲ ਉਤਪਾਦਨ ਦੇ ਚੌਥੇ ਹਿੱਸੇ ਉੱਤੇ ਚੀਨੀ ਕੰਪਨੀਆਂ ਦਾ ਹੀ ਕਬਜ਼ਾ ਹੈ। ਇਸ ਤੋਂ ਇਲਾਵਾ ਉਥੇ ਲੱਖਾਂ ਹੈਕਟੇਅਰ ਜ਼ਮੀਨ ਬੰਜਰ ਪਈ ਹੈ। ਚੀਨ ਉਥੇ ਜ਼ਮੀਨ ਠੇਕੇ ਉੱਤੇ ਲੈ ਕੇ ਖੇਤੀ ਕਰ ਰਿਹਾ ਹੈ। ਭਾਵੇਂ ਕਿ ਉਥੇ ਇਸਦਾ ਵਿਰੋਧ ਵੀ ਹੋ ਰਿਹਾ ਹੈ ਪਰ ਉਹ ਵਿਰੋਧ ਮੁੱਖ ਤੌਰ ਤੇ ਚੀਨ ਦੀ ਸਾਮਰਾਜਵਾਦੀ ਦਿੱਖ ਕਾਰਨ ਹੀ ਹੈ। ਇਸ ਲਈ ਭਾਰਤ ਨੂੰ ਉਥੇ ਆਪਣੀ ਦਿੱਖ ਇਸ ਤਰਾਂ ਦੀ ਬਣਾਉਣ ਤੋਂ ਬਚਣਾ ਚਾਹੀਦਾ ਹੈ। ਸਾਨੂੰ ਉਸ ਦੇਸ਼ ਨਾਲ ਸੱਭਿਆਚਾਰਕ ਅਤੇ ਆਰਥਿਕ ਰਿਸ਼ਤੇ ਬਰਾਬਰ ਹੀ ਲੈ ਕੇ ਚੱਲਣਾ ਚਾਹੀਦਾ ਹੈ। ਜੇ ਸੰਭਵ ਹੋਵੇ ਤਾਂ ਪੰਜਾਬ ਜਾਂ ਹਰਿਆਣਾ ਵਰਗੇ ਰਾਜਾਂ ਦੇ ਕਿਸਾਨਾਂ ਨੂੰ ਉੱਥੇ ਖੇਤੀ ਕਰਨ ਲਈ ਤਿਆਰ ਕੀਤਾ ਜਾ ਸਕਦਾ ਹੈ। ਭਾਰਤ ਨੇ ਇਹਨਾਂ ਦੇਸ਼ਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਵੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਤੁਰਕਮੇਨਿਸਤਾਨ ਤੋਂ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਰਸਤੇ ਆਉਣ ਵਾਲੀ ਤਾਪੀ ਗੈਸ ਪਾਈਪਲਾਈਨ ਦਾ ਪ੍ਰੌਜੈਕਟ ਕਿੰਨੇ ਹੀ ਸਾਲਾਂ ਤੋਂ ਲਟਕਿਆ ਪਿਆ ਹੈ। ਇਹ ਪਾਈਪਲਾਈਨ ਤੁਰਕਮੇਨਿਸਤਾਨ ਦੇ ਸ਼ਹਿਰ ਦੌਲਤਾਬਾਦ ਤੋਂ ਚੱਲ ਕੇ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਤੱਕ ਪਹੁੰਚਣੀ ਹੈ। ਜੇਕਰ ੧੦ ਅਰਬ ਡਾਲਰ ਵਾਲੀ ਇਹ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤਾਂ ਪੂਰੇ ਉੱਤਰੀ ਭਾਰਤ ਨੂੰ ਬਿਜਲੀ ਸੰਕਟ ਤੋਂ ਰਾਹਤ ਮਿਲ ਸਕਦੀ ਹੈ।
ਸੱਤ ਸਤਾਨਾਂ ਵਿਚੋਂ ਪਾਕਿਸਤਾਨ ਅਤੇ ਅਫਗਾਨਿਸਤਾਨ ਤਾਂ ਅੱਤਵਾਦ ਦੇ ਝੰਬੇ ਪਏ ਹਨ। ਭਾਵੇਂ ਕਿ ਇਹ ਵੀ ਸੱਚ ਹੈ ਕਿ ਅੱਤਵਾਦ ਦੀ ਨਰਸਰੀ ਵੀ ਇਹਨਾਂ ਦੋਹਾਂ ਸਤਾਨਾਂ ਵਿੱਚ ਹੀ ਵਧ ਫੁੱਲ ਰਹੀ ਹੈ। ਪਰ ਬਾਕੀ ਦੇ ਪੰਜ ਸਤਾਨ ਅਜੇ ਤੱਕ ਕੱਟੜਵਾਦ ਅਤੇ ਅੱਤਵਾਦ ਤੋਂ ਕੁਝ ਹੱਦ ਤੱਕ ਬਚੇ ਹੋਏ ਹਨ। ਪਰ ਫਿਰ ਵੀ ਤਜਾਕਿਸਤਾਨ ਅਤੇ ਕਿਰਗਿਸਤਾਨ ਵਿੱਚ ਅੱਤਵਾਦ ਦੇ ਦੈਂਤ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਨਤੀਜਾ ਚੀਨ ਦੇ ਜ਼ਿਨਜਿਆਂਗ ਸੂਬੇ ਨੂੰ ਭੁਗਤਣਾ ਵੀ ਪੈ ਰਿਹਾ ਹੈ। ਇਸ ਲਈ ਇਹਨਾਂ ਪੰਜ ਸਤਾਨਾਂ ਨਾਲ ਵਪਾਰਕ ਰਿਸ਼ਤੇ ਬਣਾਉਣ ਦੇ ਚਾਹਵਾਨ ਦੇਸ਼ਾਂ ਨੂੰ ਹੁਣ ਇਥੋਂ ਦੇ ਅੱਤਵਾਦ ਨੂੰ ਨੱਥ ਪਾਉਣ ਵਿੱਚ ਵੀ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਨਿੱਘੇ ਆਰਥਿਕ ਰਿਸ਼ਤਿਆਂ ਵਿੱਚ ਕੋਈ ਰੁਕਾਵਟ ਨਾ ਪਵੇ। ਭਾਰਤ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇਹ ਖਿੱਤਾ ਆਉਣ ਵਾਲੇ ਸਮੇਂ ਵਿੱਚ ਖਾੜੀ ਅਤੇ ਅਰਬ ਦੇ ਦੇਸ਼ਾਂ ਵਾਂਗ ਇੱਕ ਅਮੀਰ ਖਿੱਤੇ ਵਜੋਂ ਵਿਕਸਤ ਹੋ ਸਕਦਾ ਹੈ। ਇਸ ਨਾਲ ਭਾਰਤ ਦੀ ਊਰਜਾ ਦੇ ਸੰਬੰਧ ਵਿੱਚ ਕਿਸੇ ਇੱਕ ਹੀ ਖਿੱਤੇ ਉੱਤੇ ਨਿਰਭਰਤਾ ਖਤਮ ਹੋ ਸਕਦੀ ਹੈ। ਉਂਜ ਵੀ ਇਸ ਖਿੱਤੇ ਵਿੱਚ ਪੈਰ ਪਸਾਰਨ ਨਾਲ ਅਸੀਂ ਪਾਕਿਸਤਾਨ ਦੀਆਂ ਅੱਤਵਾਦੀ ਚਾਲਾਂ ਉੱਤੇ ਇੱਕ ਮਨੋਵਿਗਿਆਨਕ ਦਬਾਅ ਬਣਾ ਕੇ ਰੱਖ ਸਕਦੇ ਹਾਂ। ਇਸ ਲਈ ਇਹ ‘ਪੰਜਸਤਾਨ’ ਦਾ ਇਲਾਕਾ ਸਾਡੀ ਆਰਥਿਕ ਅਤੇ ਸਿਆਸੀ ਕੂਟਨੀਤੀ ਵਿੱਚ ਖਾਸ ਮੁਕਾਮ ਹਾਸਲ ਕਰਨ ਦਾ ਪੂਰਾ ਹੱਕਦਾਰ ਹੈ। ਇਸ ਲਈ ‘ਪੰਜਸਤਾਨ’ ਦੇ ਸੰਬੰਧ ਵਿੱਚ ਮੋਦੀ ਸਰਕਾਰ ਦੀ ਪਹਿਲ ਸਲਾਹੁਣਯੋਗ ਹੀ ਮੰਨੀ ਜਾਣੀ ਚਾਹੀਦੀ ਹੈ।

Install Punjabi Akhbar App

Install
×