ਨਿਊ ਸਾਊਥ ਵੇਲਜ਼ ਵਿੱਚ ਡਿਜੀਟਲ ਕ੍ਰਾਂਤੀ ਲਈ 700 ਮਿਲੀਅਨ ਡਾਲਰਾਂ ਦਾ ਫੰਡ ਜਾਰੀ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਸਰਕਾਰ ਵੱਲੋਂ ਰਾਜ ਅੰਦਰ ਹਰ ਤਰ੍ਹਾਂ ਦੇ ਕੰਮਾਂ ਲਈ ਆਧੁਨਿਕ ਡਿਜੀਟਲ ਤਰੀਕਿਆਂ ਦੇ ਇਸਤੇਮਾਲ ਵਿੱਚ ਇਜ਼ਾਫ਼ਾ ਕਰਨ ਵਾਸਤੇ 700 ਮਿਲੀਅਨ ਡਾਲਰਾਂ ਦਾ ਫੰਡ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਹਰ ਖੇਤਰ ਜਿਵੇਂ ਕਿ ਘਰੇਲੂ, ਸਕੁਲਾਂ, ਅਤੇ ਅਦਾਲਤਾਂ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਆਵੇਗੀ ਅਤੇ ਇਹ ਢੰਗ ਤਰੀਕੇ ਕਾਫੀ ਲਚਕੀਲੇ ਅਤੇ ਸਹਿਜ ਵੀ ਹੋਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ 1.6 ਬਿਲੀਅਨ ਡਾਲਰਾਂ ਦੇ ਡਿਜੀਟਲ ਰਿਸਟਾਰਟ ਫੰਡ ਦਾ ਹੀ ਹਿੱਸਾ ਉਕਤ ਪ੍ਰਾਜੈਕਟ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ-19 ਨੇ ਸਾਨੂੰ ਸਿਖਾਇਆ ਹੈ ਕਿ ਆਹ ਡਿਜੀਟਲ ਦੀ ਦੁਨੀਆ ਸਾਡੀ ਜ਼ਿੰਦਗੀ ਲਈ ਕਿੰਨੀ ਮਹੱਤਵਪੂਰਨ ਅਤੇ ਅਹਿਮ ਭੂਮਿਕਾ ਨਿਭਾਉਂਦੀ ਹੈ ਅਤੇ ਇਸੇ ਲਈ ਸਰਕਾਰ ਨੇ ਹੁਣ ਹਰ ਖੇਤਰ ਵਿੱਚ ਹੀ ਇਸ ਦੇ ਇਸਤੇਮਾਲ ਵਿੱਚ ਇਜ਼ਾਫ਼ਾ ਕਰਨ ਬਾਰੇ ਕੰਮ ਸ਼ੁਰੂ ਕਰ ਦਿੱਤੇ ਹਨ। ਖ਼ਜ਼ਾਨਾ ਮੰਤਰੀ ਨੇ ਇਸ ਬਾਰੇ ਵਿੱਚ ਸਰਕਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਜਿੱਥੇ ਜਨਤਕ ਤੌਰ ਤੇ ਫਾਇਦੇਮੰਦ ਸਿੱਧ ਹੋਵੇਗਾ ਉਥੇ ਸਰਕਾਰ ਦੀ ਅਰਥ-ਵਿਵਸਥਾ ਲਈ ਵੀ ਚਾਨਣ ਮੁਨਾਰਾ ਸਾਬਿਤ ਹੋਵੇਗਾ।
ਇਸ ਪ੍ਰਾਜੈਕਟ ਦੇ ਤਹਿਤ 240 ਮਿਲਅਨ ਡਾਲਰਾਂ ਦਾ ਫੰਡ ਸਾਈਬਰ ਸੁਰੱਖਿਆ ਵਾਸਤੇ ਰੱਖਿਆ ਗਿਆ ਹੈ ਅਤੇ ਇਸ ਵਿੱਚ ਅਗਲੇ 3 ਸਾਲਾਂ ਲਈ ਵਾਧੂ ਹੋਰ 60 ਮਿਲੀਅਨ ਡਾਲਰ (20 ਮਿਲੀਅਨ ਪ੍ਰਤੀ ਸਾਲ) ਸਾਈਬਰ ਸੁਰੱਖਿਆ ਲਈ ਰੱਖਿਆ ਗਿਆ ਹੈ; ਖੇਤਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਲਈ 366 ਮਿਲੀਅਨ ਡਾਲਰ ਦਾ ਫੰਡ ਰੱਖਿਆ ਗਿਆ ਹੈ ਜਿਸ ਵਿੱਚ ਕਿ ਸਕੂਲਾਂ ਦੇ ਬੁਨਿਆਦੀ ਢਾਂਚੇ, ਅਧਿਆਪਕਾਂ ਦੀ ਨਵੀਨਤਮ ਸਿਖਲਾਈ ਆਦਿ ਵੀ ਸ਼ਾਮਿਲ ਹਨ; 54.5 ਮਿਲੀਅਨ ਡਾਲਰਾਂ ਦਾ ਫੰਡ ਅਦਾਲਤਾਂ ਅਤੇ ਟ੍ਰਿਬਿਊਨਲਾਂ ਲਈ ਰੱਖਿਆ ਗਿਆ ਹੈ ਜਿਸ ਰਾਹੀਂ ਸਾਰੀ ਕਾਰਜਕੁਸ਼ਲਤਾ ਨੂੰ ਨਵੀਆਂ ਸਹੂਲਤਾਂ ਮਿਲਣਗੀਆਂ; 45.8 ਮਿਲੀਅਨ ਡਾਲਰਾਂ ਦਾ ਫੰਡ ਅਗਲੇ ਤਿੰਨ ਸਾਲਾਂ ਲਈ ਈ-ਪਲੈਨਿੰਗ ਦੇ ਫੇਜ਼-4 ਲਈ ਰੱਖਿਆ ਗਿਆ ਹੈ; ਅਤੇ 17.5 ਮਿਲੀਅਨ ਡਾਲਰਾਂ ਦਾ ਫੰਡ ਰਾਜ ਸਰਕਾਰ ਦੇ ਮਾਲੀਆ ਵਿਭਾਗ ਵੱਲੋਂ ਕਰ ਇਕੱਤਰਤਾ ਦੀ ਕਿਰਿਆ ਨੂੰ ਸਰਲ ਬਣਾਉਣ ਲਈ ਰਾਖਵਾਂ ਕੀਤਾ ਗਿਆ ਹੈ।

Install Punjabi Akhbar App

Install
×