ਆਸਟ੍ਰੇਲੀਆ ‘ਚ ਕੋਵਿਡ-19 ਦੀ ਮਾਰ ਨਾਲ 6 ਲੱਖ ਲੋਕਾਂ ਨੇ ਗਵਾਈ ਨੌਕਰੀ, ਬੇਰੁਜ਼ਗਾਰੀ ‘ਚ ਰਿਕਾਰਡ ਤੋੜ ਵਾਧਾ

ਬ੍ਰਿਸਬੇਨ –ਆਸਟ੍ਰੇਲੀਆ ‘ਚ ਕੋਵਿਡ-19 ਦੀ ਰੋਕਥਾਮ ਲਈ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਹਜ਼ਾਰਾਂ ਕਾਰੋਬਾਰ ਮੰਦੀ ਦੀ ਭੇਂਟ ਚੜ੍ਹ ਕੇ ਬੰਦ ਹੋ ਗਏ ਹਨ। ਜਿਸਦੇ ਚੱਲਦਿਆਂ ਆਸਟਰੇਲੀਆ ‘ਚ ਬੇਰੁਜ਼ਗਾਰੀ ਦੀ ਦਰ ਨੇ ਮਹੀਨਾਵਾਰ ਰਿਕਾਰਡ ਤੋੜ ਤੇਜੀ ਨਾਲ ਵਾਧਾ ਕੀਤਾ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਹੁਤ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਤਕਰੀਬਨ 600,000 ਲੱਖ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਹਨ। ਅਪ੍ਰੈਲ ਮਹੀਨੇ ਦੌਰਾਨ 594,300 ਨੌਕਰੀਆਂ ਖਤਮ ਹੋ ਗਈਆ ਹਨ, ਜਿਨ੍ਹਾਂ ਵਿੱਚ 220,500 ਪੱਕੀਆਂ ਨੌਕਰੀਆਂ ਅਤੇ 373,800 ਪਾਰਟ ਟਾਈਮ ਨੌਕਰੀ ਲੋਕਾ ਨੇ ਗੁਆ ਦਿੱਤੀ ਹਨ ।ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ 1 ਪ੍ਰਤੀਸ਼ਤ ਦੇ ਦਰ ਦੇ ਵਾਧੇ ਨਾਲ ਅਪ੍ਰੈਲ ਮਹੀਨੇ ਵਿਚ 5.2 ਤੋਂ 6.2% ਪ੍ਰਤੀਸ਼ਤ ਹੋ ਚੁੱਕੀ ਹੈ। ਆਸਟਰੇਲਿਆਈ ਅੰਕੜਾ ਵਿਭਾਗ (ਏਬੀਐੱਸ), ਕੈਨਬਰਾ ਨੇ ਕਿਹਾ ਕਿ 2.7 ਮਿਲੀਅਨ ਆਸਟਰੇਲਿਆਈ ਜਾਂ ਤਾਂ ਆਪਣੀ ਨੌਕਰੀ ਗੁਆ ਚੁੱਕੇ ਹਨ ਜਾ ਉਨ੍ਹਾਂ ਦੇ ਕੰਮ ਦੇ ਘੰਟੇ ਘੱਟ ਗਏ ਹਨ। ਏਬੀਐੱਸ ਦੇ ਕਿਰਤ ਅੰਕੜਿਆਂ ਦੇ ਮੁੱਖੀ ਬਜੋਰਨ ਜਾਰਵਿਸ ਨੇ ਕਿਹਾ, “ਰੁਜ਼ਗਾਰ ਵਿੱਚ ਆਈ ਵੱਡੀ ਗਿਰਾਵਟ ਇਸ ਕਰਕੇ ਵੀ ਹੈ ਕਿਉਂਕਿ ਲਗਭਗ ਵੱਡੀ ਗਿਣਤੀ ਵਿੱਚ ਲੋਕ ਰੁਜ਼ਗਾਰ ਤੋ ਬਾਹਰ ਹੋ ਗਏ ਹਨ।
ਕੈਪੀਟਲ ਇਕਨਾਮਿਕਸ ਵਿਸ਼ਲੇਸ਼ਕ ਮਾਰਸੇਲ ਥਲਿਅੰਟ ਨੇ ਕਿਹਾ, “ਭਾਗੀਦਾਰੀ ਦੀ ਦਰ 66 ਪ੍ਰਤੀਸ਼ਤ ਤੋਂ ਘਟ ਕੇ 63.5 ਪ੍ਰਤੀਸ਼ਤ ਹੋ ਗਈ, ਜੋ ਕਿ ਇਹ ਪਿਛਲੇ 16 ਸਾਲਾਂ ਵਿੱਚ ਸਭ ਤੋਂ ਘੱਟ ਹੈ।” ਆਸਟ੍ਰੇਲੀਆ ਵਿੱਚ ਰੁਜ਼ਗਾਰ ਦੇਣ ਵਾਲੀ ਇਸ਼ਤਿਹਾਰਬਾਜ਼ੀ ਦੀ ਵੈੱਬਸਾਈਟ ਦਾ ਕਹਿਣਾ ਹੈ ਕਿ ਤਾਲਾਬੰਦੀ ਕਾਰਨ ਨੌਕਰੀ ਦੇ ਵਿਗਿਆਪਨਾਂ ‘ਚ ਅਪ੍ਰੈਲ ਮਹੀਨੇ ਵਿੱਚ ਲਗਭਗ ਦੋ-ਤਿਹਾਈ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਰਥਕ ਵਿਸ਼ਲੇਸ਼ਕਾਂ ਅਨੁਸਾਰ ਇਹੋ ਜਿਹਾ ਵਰਤਾਰਾ ਕਿਸੇ ਵੀ ਦੇਸ਼ ਦੀ ਭਵਿੱਖੀ ਅਰਥ ਵਿਵਸਥਾ ਲਈ ਘਾਤਕ ਸਾਬਤ ਹੁੰਦਾ ਹੈ। ਇਸ ਬੇਰੁਜ਼ਗਾਰੀ ਦੀ ਕੜੀ ਨੂੰ ਕੰਮ ਜਾਂ ਥੋੜ੍ਹੇ ਘੰਟਿਆਂ ਦੇ ਕੰਮ ਦੇ ਨਾਲ਼ ਹੀ ਤੋੜਿਆ ਜਾ ਸਕਦਾ ਹੈ।

Install Punjabi Akhbar App

Install
×