66 ਸਾਲਾਂ ਦੀ ਵਿਤਕਰੇਵਾਜੀ ਦੇ ਸਤਾਏ ਸਿੱਖ ਕਿੱਧਰ ਖੜਨ? ਸੰਵਿਧਾਨ ਬਦਲਿਆ ਜਾਵੇ ਜਾਂ ਸਿੱਖ ਆਪਣੀ ਸੋਚ ਬਦਲ ਲੈਣ

indexਆਏ ਸਾਲ ਜਦੋਂ 26 ਜਨਵਰੀ ਦਾ ਦਿਨ ਆਉਂਦਾ ਹੈ, ਤਾਂ ਸਿੱਖਾਂ ਨਾਲ ਦੇਸ ਦੀ ਅਜਾਦੀ ਮੌਕੇ ਕੀਤੇ ਭਾਰਤੀ ਲੀਡਰਾਂ ਦੇ ਧੋਖੇ ਦੀ ਯਾਦ ਤਾਜਾ ਕਰਵਾ ਜਾਂਦਾ ਹੈ। ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਸਿੱਖਾਂ ਨੂੰ ਭਾਰਤ ਨਾਲ ਰੱਖਣ ਬਦਲੇ ਤਤਕਾਲੀ ਸਿੱਖ ਆਗੂਆਂ ਨਾਲ ਕੀਤੇ ਵਾਅਦਿਆਂ ਦੀ ਬੇਵਫਾਈ ਦੇ ਰਿਸਦੇ ਜਖਮ ਨਸੂਰ ਬਣਕੇ ਦਰਦ ਦਿੰਦੇ ਰਹਿੰਦੇ ਹਨ।ਸਿੱਖ ਕਿਤੇ ਤਤਕਾਲੀ ਭਾਰਤੀ ਹਿੰਦੂ ਨੇਤਾਵਾਂ ਨੂੰ ਕੋਸਦੇ ਹਨ,ਕਿਤੇ ਉਹਨਾਂ ਸਿੱਖ ਆਗੂਆਂ ਨੂੰ ਜਿਹੜੇ ਆਪਣੇ ਪੰਜਾਬੋਂ ਵਾਹਰਲੇ ਨਿੱਜੀ ਕਾਰੋਵਾਰਾਂ ਦੇ ਲਾਲਚਾਂ ਵਿੱਚ ਆ ਕੇ ਭਾਰਤੀ ਨੇਤਾਵਾਂ ਤੇ ਭਰੋਸਾ ਕਰ ਬੈਠੇ ਅਤੇ ਕਿਤੇ ਫਿਰ ਥੱਕ ਹਾਰ ਕੇ ਉਸ ਕਹਾਵਤ ਕਿ “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ”ਨੂੰ ਯਾਦ ਕਰਕੇ ਆਪਣੀ ਕਿਸਮਤ ਨੂੰ ਕੋਸਣ ਲੱਗ ਜਾਂਦੇ ਹਨ ਤੇ ਸੋਚਦੇ ਹਨ ਕਿ ਸਿੱਖਾਂ ਦੀ ਕਿਸਮਤ ਵਿੱਚ ਤਾਂ ਮੁੱਢੋਂ ਹੀ ਲੜਾਈਆਂ ਵਿੱਚ ਰਹਿਣਾ ਲਿਖਿਆ ਹੋਇਆ ਹੈ, ਪਰੰਤੂ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਿਗੋਬਿੰਦ ਸਹਿਬ ਵੱਲੋਂ ਬਖਸ਼ੀ ਹੋਈ ਅਜਾਦ ਪ੍ਰਭੂਸਤਾ ਦੇ ਮੁਦਈ ਸਿੱਖਾਂ ਨੂੰ ਭਾਰਤ ਦੀ ਧੋਖੇ ਨਾਲ ਸਿੱਖਾਂ ਦੇ ਗਲ ਪਾਈ ਗੁਲਾਮੀ ਦੀ ਜੰਜੀਰ ਕਦਾਚਿਤ ਵੀ ਬਰਦਾਸਤ ਨਹੀ। ਉਹ ਗਾਹੇ ਬਗਾਹੇ ਭਾਰਤੀ ਸਟੇਟ ਦੇ ਖਿਲਾਫ ਕਦੇ ਹਥਿਆਰਾਂ ਦੀ ਕਦੇ ਵਿਚਾਰਾਂ ਦੀ ਜੰਗ ਲੜਦੇ ਰਹਿੰਦੇ ਹਨ। ਇਹ ਵੱਖਰੀ ਗੱਲ ਹੈ ਕਿ ਸਿੱਖ ਕੁਰਬਾਨੀਆਂ ਬੇ-ਹਿਸਾਬੀਆਂ ਦੇ ਕੇ ਵੀ ਪਰਾਪਤੀਆਂ ਤੋਂ ਪਛੜਦੇ ਰਹੇ ਹਨ। ਇਸ ਪਿਛੜੇਪਣ ਦੇ ਕਾਰਨ ਕੀ ਹਨ ਇਹ ਵੀ ਵਿਗਿਆਨ ਦੀ ਇਸ ਇੱਕੀਵੀਂ ਸਦੀ ਵਿੱਚ ਕਿਸੇ  ਤੋਂ ਲੁਕੇ ਹੋਏ ਨਹੀ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਸਿੱਖ ਰਾਜ ਦੇ ਪਤਨ ਤੋਂ ਲੈ ਕੇ ਮੌਜੂਦਾ ਸਮੇ ਤੱਕ ਸਿੱਖ ਕੌਂਮ ਦੇ ਜਿੱਤ ਕੇ ਹਾਰਨ ਦੇ ਇਤਿਹਾਸ ਨੂੰ ਵਾਚਿਆਂ ਸਹਿਜੇ ਹੀ ਸਮਝ ਪੈ ਜਾਂਦੀ ਹੈ ਕਿ ਸਿੱਖਾਂ ਦੀ ਇਸ ਕੌਮੀ ਤਰਾਸਦੀ ਦੇ ਅਸਲ ਜੁੰਮੇਵਾਰ ਵੀ ਕੋਈ ਹੋਰ ਨਹੀ ਬਲਕਿ ਖੁਦ ਸਿੱਖਾਂ ਦੇ ਆਗੂ ਆਪ ਹੀ ਰਹੇ ਹਨ ਜਿੰਨਾਂ ਨੇ ਨਿੱਜੀ ਲਾਲਸਾਵਾਂ ਬਦਲੇ ਆਪਣਿਆਂ ਦੀ ਪਿੱਠ ਵਿੱਚ ਸੁਰਾ ਖੋਭਣ ਵੇਲੇ ਕਦੇ ਵੀ ਇਹ ਨਹੀ ਸੋਚਿਆ ਕਿ ਸਾਡੀ ਇਹ ਨਿੱਜਵਾਦੀ ਭੁੱਖ ਦਾ ਸਾਡੀ ਕੌਂਮ ਨੂੰ ਕੀ ਮੁੱਲ ਚੁਕਾਉਂਣਾ ਪਵੇਗਾ ਅਤੇ ਨਾਂ ਹੀ ਕਦੇ ਇਤਿਹਾਸ ਦੇ ਉਹਨਾਂ ਕਾਲੇ ਪੰਨਿਆਂ ਤੋਂ ਹੀ ਕੋਈ ਸਬਕ ਸਿੱਖਣ ਦੀ ਕੋਸਿਸ ਕੀਤੀ ਜਿਹੜੇ ਸਿੱਖ ਆਗੂਆਂ ਦੀ ਕੌਮ ਧਰੋਹੀ ਕਰਕੇ ਸੁਨਿਹਰੇ ਸਿੱਖ ਇਤਿਹਾਸ ਨੂੰ ਕਲੰਕਤ ਕਰ ਰਹੇ ਹਨ।ਬਲਕਿ ਸਮਾ ਪੈ ਕੇ ਕੌਮੀ ਦਗਾ ਕਮਾਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੀ ਦਰਜ ਕੀਤਾ ਗਿਆ ਹੈ, ਜਿਹੜਾ ਕੌਮ ਦੇ ਅਜਾਦੀ ਦੇ ਸੰਕਲਪ ਨੂੰ ਪ੍ਰਭਾਵਤ ਕਰਦਾ ਹੈ।ਦੇਸ ਦੀ ਅਜਾਦੀ ਮੌਕੇ  ਦੇਸ ਦੀ ਪੂਰਨ ਵਾਗਡੋਰ ਆਪਣੇ ਹੱਥ ਲੈਣ ਸਮੇ ਵੀ ਭਾਰਤ ਦੇ ਤਤਕਾਲੀ ਹੁਕਮਰਾਨਾਂ ਨੇ ਦੇਸ ਦੇ ਸੰਵਿਧਾਨ ਵਿੱਚ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਦਾ ਵਾਅਦਾ ਕਰਨ ਦੇ ਬਾਵਜੂਦ ਵੀ ਜਦੋਂ ਨਜ਼ਰਅੰਦਾਜ ਕਰਨ ਦੀ ਕੋਸਿਸ ਕੀਤੀ ਜਾ ਰਹੀ ਸੀ ਤਾਂ ਸੰਵਿਧਾਨ ਕਮੇਟੀ ਵਿੱਚ ਸਾਮਲ ਸਿੱਖ ਨੁਮਾਇਦਿਆਂ ਨੇ ਇਸ ਦਾ ਵਿਰੋਧ ਵੀ ਕੀਤਾ ਤੇ ਸੰਵਿਧਾਨ ਦੇ ਖਰੜੇ ਤੇ ਆਪਣੀ ਪ੍ਰਵਾਨਗੀ ਦੇ ਦਸਤਖਤ ਨਹੀ ਕੀਤੇ ਸਨ, ਇਸ ਦੇ ਬਾਵਜੂਦ ਵੀ ਇਹ ਸਿੱਖਾਂ ਤੇ ਥੋਪਿਆ ਹੋਇਆ ਹੈ।ਸਿੱਖ ਵਾਰ ਵਾਰ ਇਸ ਸੰਵਿਧਾਨ ਵਿੱਚ ਸੋਧ ਕਰਨ ਦੀ ਮੰਗ ਵੀ ਕਰਦੇ ਆ ਰਹੇ ਹਨ,ਸੰਵਿਧਾਨ ਦੀ ਮੁੜ ਨਜਰਸਾਨੀ ਕਰਨ ਲਈ ਸਰਕਾਰ ਵੱਲੋਂ ਗਠਿਤ ਕੀਤੇ ਗਏ ਕਮਿਸਨ ਨੇ ਵੀ ਆਪਣੀ ਰਿਪੋਰਟ ਵਿੱਚ ਇਹ ਸਾਫ ਸਾਫ ਲਿਖਿਆ ਕਿ ਸੰਵਿਧਾਨ ਵਿੱਚ ਸੋਧ ਕਰਨ ਦੀ ਜਰੂਰਤ ਹੈ ਪਰੰਤੂ ਦੇਸ ਦੀਆਂ ਹਿੰਦੂਵਾਦੀ ਤਾਕਤਾਂ ਨੇ ਕਦੇ ਵੀ ਅਜਿਹੇ ਕਿਸੇ ਕਮਿਸਨ ਦੀ ਕੋਈ ਪ੍ਰਵਾਹ ਹੀ ਨਹੀ ਕੀਤੀ ਜਿਹੜਾ ਲੋਕਾਂ ਦੇ ਹਿਤਾਂ ਦਾ ਪੱਖ ਪੂਰਦਾ ਹੋਵੇ। ਇਹ ਹੀ ਵਖਰੇਵਿਆਂ ਨੇ ਘੱਟ ਗਿਣਤੀਆਂ ਨੂੰ ਇਸ ਮੁਲਕ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੋਇਆ ਹੈ। ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਦੋਸੀਆਂ ਨੂੰ ਸਜਾਵਾਂ ਦਿਵਾਉਣ ਦੀ ਮੰਗ ਪੀੜਤ ਸਿੱਖ ਤਿੰਨ ਦਹਾਕਿਆਂ ਤੋਂ ਵੱਧ ਸਮੇ ਤੋਂ ਕਰਦੇ ਆ ਰਹੇ ਹਨ ਪਰੰਤੂ ਇਨਸਾਫ ਨਹੀ ਮਿਲਿਆ। ਬੇ ਇਨਸਾਫੀ ਦੇ ਇਸ ਲੰਮੇ ਸਮੇ ਦੌਰਾਨ ਸਿੱਖਾਂ ਦੀਆਂ ਅੱਖਾਂ ਪੂੰਝਣ ਲਈ ਅਨੇਕਾਂ ਵਾਰ ਅਜਿਹੇ ਕਮਿਸਨ ਸਰਕਾਰ ਨੇ ਬਣਾਏ ਜਿੰਨਾਂ ਦੀਆਂ ਰਿਪੋਰਟਾਂ ਜਾਂ ਤਾਂ ਜਨਤਕ ਹੀ ਨਹੀ ਕੀਤੀਆਂ ਗਈਆਂ ਜਾਂ ਉਹਨਾਂ ਤੇ ਅਮਲ ਨਹੀ ਕੀਤਾ ਗਿਆ।ਕਦੇ ਵੀ ਕਿਸੇ ਕਮਿਸਨ ਦੀਆਂ ਸਿਪਾਰਸਾਂ ਤੇ ਅਮਲ ਕਰਕੇ ਉਹਨਾਂ ਦੀ ਕਾਰਵਾਈ ਨੂੰ ਅੱਗੇ ਨਹੀ ਤੋਰਿਆ ਗਿਆ। ਇੱਥੇ ਇੱਕ  ਗੱਲ ਹੋਰ ਵੀ ਧਿਆਨ ਮੰਗਦੀ ਹੈ ਕਿ ਭਾਰਤ ਦੇ ਜਿਸ ਸੰਵਿਧਾਂਨ ਨੂੰ ਤਤਕਾਲੀ ਸ਼ਾਤਰ ਹਿੰਦੂ ਨੇਤਾਵਾਂ ਨੇ ਇੱਕ ਮੰਨੇ ਪ੍ਰਮੰਨੇ ਵਿਦਵਾਨ ਅਤੇ ਦਲਿਤ ਨੇਤਾ ਬਾਬਾ ਸਹਿਬ ਡਾਕਟਰ ਭੀਮ ਰਾਓ ਅੰਬੇਡਕਰ ਤੋਂ ਲਿਖਵਾਇਆ ਉਸੇ ਹੀ ਸੰਵਿਧਾਂਨ ਨੇ ਦਲਿਤਾਂ ਨੂੰ ਵੀ ਬਰਾਬਰਤਾ ਦੇ ਅਧਿਕਾਰ ਨਹੀ ਦਿੱਤੇ, ਫਿਰ ਸਿੱਖ ਜਾਂ ਹੋਰ ਘੱਟ ਗਿਣਤੀਆਂ ਤਾਂ ਭਾਰਤ ਦੇ ਹੁਕਮਰਾਨਾਂ ਤੋਂ ਆਸ ਹੀ ਕੀ ਰੱਖ ਸਕਦੀਆਂ ਹਨ, ਜਿੰਨਾਂ ਦੀ ਨਕੇਲ ਪਹਿਲਾਂ ਹੀ ਇੱਕ ਕੱਟੜਵਾਦੀ ਸੋਚ ਨੂੰ ਪਰਨਾਈ ਜਮਾਤ ਆਰ ਐਸ ਐਸ ਦੇ ਹੱਥ ਵਿੱਚ ਹੈ ਜਿਹੜੀ ਦੇਸ ਦੀਆਂ ਘੱਟ ਗਿਣਤੀ ਕੌਂਮਾਂ ਨੂੰ ਇੱਕ ਇੱਕ ਕਰਕੇ ਹੜੱਪ ਜਾਣਾ ਚਾਹੁੰਦੀ ਹੈ ਤੇ ਦੇਸ ਨੂੰ ਹਿੰਦੂ ਰਾਮ ਰਾਜ ਬਨਾਉਂਣ ਦਾ ਸੁਪਨਾ ਪੂਰਾ ਕਰਨ ਦੇ ਕੁਰਾਹ ਪਈ ਹੋਈ ਹੈ।ਹੁਣ ਜਦੋਂ ਦੇਸ ਨੂੰ ਅਜਾਦ ਹੋਇਆਂ ੬੬ ਸਾਲ ਹੋ ਚੁੱਕੇ ਹਨ ਤੇ ਹਰੇਕ ਸਾਲ ਹੀ ਸਿੱਖਾਂ ਦੀਆਂ ਕੁੱਝ ਜਥੇਵੰਦੀਆਂ ਇਸ ਦਿਨ ਤੇ ਧਾਰਾ 25ਬੀ ਜਿਹੜੀ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦਸਦੀ ਹੈ ਉਸ ਦੇ ਖਿਲਾਫ ਆਪਣਾ ਪ੍ਰਤੀਕਰਮ ਵੀ ਪ੍ਰਗਟ ਕਰਦੀਆਂ ਹਨ, ਪਰੰਤੂ ਦੇਸ ਦੇ ਹੁਕਮਰਾਨਾਂ ਨੇ ਕਦੇ ਕੋਈ ਪ੍ਰਵਾਹ ਨਹੀ ਕੀਤੀ ।  ਕਿਸੇ ਸਮੇ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜਨ ਵਾਲੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਉਸੇ ਸੰਵਿਧਾਨ ਦੀ ਸਹੁੰ ਚੁੱਕ ਕੇ ਪੰਜ ਵਾਰ ਮੁੱਖ ਮੰਤਰੀ ਦੀ ਕੁਰਸੀ ਆਪਣੇ ਨਾਮ ਕੀਤੀ ਤੇ ਓਸੇ ਸੰਵਿਧਾਨ ਦੀ ਸ਼ਤਰਸਾਇਆ ਹੇਠ ਲੰਮੇ ਸਮੇ ਤੋਂ ਰਾਜ ਭਾਗ ਦਾ ਅਨੰਦ ਮਾਣ ਰਿਹਾ ਹੈ, ਇਥੇ ਹੀ ਵੱਸ ਨਹੀ ਅੱਜ ਓਹੀ ਸ੍ਰ ਪ੍ਰਕਾਸ਼ ਸਿੰਘ ਬਾਦਲ ਸਿੱਖੀ ਦੀ ਵੱਖਰੀ ਹੋਂਦ ਦੀ ਸਲਾਮਤੀ ਦੀ ਲੜਾਈ ਲੜ ਰਹੇ ਸਿੱਖਾਂ ਨੂੰ ਹੀ ਦੇਸ ਧਰੋਹੀ ਗਰਦਾਨ ਕੇ ਜ੍ਹੇਲਾਂ ਵਿੱਚ ਡੱਕ ਰਿਹਾ ਹੈ।ਸ੍ਰੀ ਅਕਾਲ ਤਖਤ ਸਹਿਬ ਤੇ ਜੂਨ 84 ਦੇ ਫੌਜੀ ਹਮਲੇ ਤੋਂ ਵਾਅਦ ਸਿੱਖ ਨੌਜਵਾਨਾਂ ਨੂੰ ਬਲਦੀ ਦੇ ਬੁੱਥੇ ਦੇ ਕੇ ਹਜਾਰਾਂ ਸਿੱਖ ਨੌਜਵਾਨਾਂ ਨੂੰ ਮੌਤ ਦੇ ਮੂੰਹ ਦੇਣ ਵਾਲਾ ਅੱਜ ਖੁਦ ਲੰਮੇ ਸਮੇਂ ਤੋਂ ਜ੍ਹੇਲਾਂ ਵਿੱਚ ਸੜਦੇ ਸਿੱਖਾਂ ਦੀ ਰਿਹਾਈ ਦੀ ਗੱਲ ਕਰਨ ਵਾਲਿਆਂ ਨੂੰ ਪੁਲਿਸ ਤਸੱਦਦ ਨਾਲ ਚੁੱਪ ਕਰਵਾਉਂਣ ਦਾ ਯਤਨ ਕਰ ਰਿਹਾ ਹੈ,ਸਿੱਖ ਕੌਂਮ ਦੀ ਆਣ ਸ਼ਾਨ ਲਈ ਲੜਨ ਵਾਲੇ ਯੋਧਿਆਂ ਨੂੰ ਕਾਤਲ ਤੇ ਦੇਸ ਧਰੋਹੀ ਕਹਿ ਰਿਹਾ ਹੈ, ਇੱਥੋਂ ਤੱਕ ਕਿ ਜਿਹੜੇ ਖਾਲਿਸਤਾਨ ਜਾਂ ਸਿੱਖ ਧਰਮ ਦੇ ਅੰਦਰੂਨੀ ਮਾਮਲਿਆਂ ਦੀ ਗੱਲ ਕਰਨ ਲਈ ਸੱਦੇ ਜਾਂਦੇ ਸਰਬੱਤ ਖਾਲਸਾ ਵਰਗੇ ਸਮਾਗਮਾਂ ਨੂੰ ਸੁਪਰੀਮ ਕੋਰਟ ਵੀ ਗਲਤ ਨਹੀ ਠਹਿਰਾ ਸਕੀ, ਸ੍ਰ ਪ੍ਰਕਾਸ ਸਿੰਘ ਬਾਦਲ ਉਹਨਾਂ ਗਤੀਵਿਧੀਆਂ ਨੂੰ ਵੀ ਗੈਰਕੂੰਨੀ ਤੇ ਦੇਸ ਧਰੋਹੀ ਕਰਾਰ ਦੇ ਕੇ ਸਿੱਖਾਂ ਨੂੰ ਝੂਠੇ ਪੁਲਿਸ ਕੇਸਾਂ ਵਿੱਚ ਫਸਾ ਕੇ ਜ੍ਹੇਲੀਂ ਡੱਕ ਦੇਣ ਵਰਗੇ ਬਜ਼ਰ ਗੁਨਾਹਾਂ ਵਿੱਚ ਤੇਜੀ ਨਾਲ ਵਾਧਾ ਕਰ ਰਿਹਾ ਹੈ।ਐਨੇ ਲੰਮੇ ਵਕਫੇ ਵਾਅਦ ਵੀ ਜਦੋਂ ਦੇਸ ਦੇ ਸੰਵਿਧਾਨ ਵਿੱਚ ਸਿੱਖਾਂ ਦੇ ਅਧਿਕਾਰਾਂ ਸਬੰਧੀ ਕੋਈ ਸੁਧਾਰ ਨਹੀ ਹੋਇਆ, ਉਹਨਾਂ ਪ੍ਰਤੀ ਵਿਤਕਰੇ ਵਾਲੀ ਨੀਤੀ ਨੂੰ ਬਦਲਿਆ ਨਹੀ ਜਾ ਸਕਿਆ,ਫਿਰ ਇੱਕ ਸਵਾਲ ਇਹ ਉਠਦਾ ਹੈ ਕਿ ਕੀ ਹੁਣ ਸੰਵਿਧਾਨ ਬਦਲਿਆ ਜਾਵੇਗਾ ਜਾਂ ਫਿਰ ਜਿਸ ਤਰਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸੋਚ ਬਦਲ ਲਈ ਹੈ,ਸਿੱਖਾਂ ਨੂੰ ਆਪਣੀ ਸੋਚ ਹੀ ਬਦਲਣੀ ਪਵੇਗੀ। ਆਪਣੇ ਦਿਮਾਗ ਚੋਂ ਦੇਸ ਵਿੱਚ ਬਰਾਬਰਤਾ ਦਾ ਨਿੱਘ ਮਾਨਣ ਦਾ ਸੁਪਨਾ ਤੋੜਨਾ ਹੋਵੇਗਾ?ਇਹਨਾਂ ਚੋਂ ਇੱਕ ਫੈਸਲਾ ਭਾਰਤੀ ਹੁਕਮਰਾਨਾਂ ਨੇ ਕਰਨਾ ਹੈ ਕਿ ਸਿੱਖਾਂ ਨੂੰ ਹਿੰਦੂਆਂ ਦਾ ਹਿਸਾ ਦੱਸਣ ਵਾਲੇ ਭਾਰਤੀ ਸੰਵਿਧਾਨ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇਣ ਅਤੇ ਬਰਾਬਰ ਦੇ ਸਹਿਰੀ ਸਮਝਣ ਵਾਲੀ ਮੱਦ ਸਾਮਲ ਕਰਨੀ ਹੈ ਜਾਂ ਫਿਰ ਸਿੱਖਾਂ ਨੂੰ ਬਿਗਾਨਗੀ ਦਾ ਅਹਿਸਾਸ ਕਰਵਾ ਕੇ ਸੰਵਿਧਾਨ ਦੀ ਮੁੱਖ ਧਾਰਾ ਤੋਂ ਦੂਰ ਕਰਨ ਲਈ ਮਜਬੂਰ ਕਰਨਾ ਹੈ,ਜਦੋਂ ਕਿ ਦੂਸਰਾ ਫੈਸਲਾ ਖੁਦ ਸਿੱਖਾਂ ਨੇ ਕਰਨਾ ਹੋਵੇਗਾ ਕਿ ਉਹਨਾਂ ਨੂੰ ਆਪਣੀ ਵੱਖਰੀ,ਨਿਆਰੀ ਹਸਤੀ ਕਾਇਮ ਰੱਖਣ ਵਾਲੀ ਸੋਚ ਪ੍ਰਵਾਨ ਹੈ ਜਾਂ ਫਿਰ ਉਹਨਾਂ ਨੇ ਸਿੱਖਾਂ ਦੀ ਵੱਖਰੀ ਹੋਂਦ ਨੂੰ ਨਕਾਰਨ ਵਾਲੇ ਉਹ ਸੰਵਿਧਾਨ ਨੂੰ ਮੰਨਣ ਲਈ ਆਪਣੀ ਸੋਚ ਬਦਲ ਲਈ ਹੈ, ਜਿਸ ਨੂੰ ਨਾਮਨਜੂਰ ਕਰਦੇ ਹੋਏ ਸਿੱਖਾਂ ਦੇ ਨੁਮਾਇਦਿਆਂ ਨੇ ਆਪਣੇ ਦਸਤਖਤ ਵੀ ਨਹੀ ਕੀਤੇ ਸਨ।

Install Punjabi Akhbar App

Install
×