ਪ੍ਰਵਾਸੀ ਪੰਜਾਬੀਆਂ ਨੇ ਲੋੜਵੰਦ ਵਿਦਿਆਰਥਣ ਤੇ ਉੱਘੀ ਅਥਲੀਟ ਨੂੰ 55 ਹਜਾਰ ਰੁਪਏ ਸਹਾਇਤਾ ਭੇਜੀ

ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ- ਜਗਪਾਲ ਸਿੰਘ ਬਰਾੜ

(ਸਾਦਿਕ) – ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ। ਬਿਨਾ ਗਰਜ ਹਰ ਲੋੜਵੰਦ ਦੀ ਸਹਾਇਤਾ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦੀ । ਪ੍ਰਵਾਸੀ ਪੰਜਾਬੀ ਅੱਤ ਦੀ ਗਰੀਬੀ ਵਿੱਚ ਆਪਣੀ ਜਿੰਦਗੀ ਬਸ਼ਰ ਕਰ ਰਹੀ ਉੱਘੀ ਖਿਡਾਰਨ ਤੇ ਵਿਦਿਆਰਥਣ ਲਈ ਉਸ ਵੇਲੇ ਰੱਬ ਬਣ ਕੇ ਬਹੁੜੇ ਜਦ ਉਸ ਨੇ ਸ਼ੋਸਲ ਮੀਡੀਆ ਤੇ ਗਰੀਬੀ ਲਾਚਾਰੀ ਤੇ ਬੇਬਸੀ ਨਾਲ ਆਪਣੀ ਜਿੰਦਗੀ ਬਾਰੇ ਪੋਸਟ ਪਾਕੇ ਸਹਾਇਤਾ ਦੀ ਗੁਹਾਰ ਲਗਾਈ । ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜ ਸੇਵੀ ਤਰਕਸ਼ੀਲ ਆਗੂ ਤੇ ਵਾਤਾਵਰਣ ਪ੍ਰੇਮੀ ਜਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਦ ਉਹਨਾਂ ਨੇ ਸੰਗਰੂਰ ਜਿਲੇ ਦੇ ਪਿੰਡ ਹੀਰੋ ਕਲਾਂ ਦੀ ਉੱਚ ਕੋਟੀ ਐਥਲੀਟ ਖਿਡਾਰਨ ਜਸਵੀਰ ਕੌਰ ਦੀ ਗਰੀਬੀ ਕਾਰਨ ਪੜਾਈ ਛੱਡਣ ਬਾਰੇ ਰੋਂਦਿਆਂ ਅਤੇ ਦੁਖੀ ਹੁੰਦਿਆਂ ਦੀ ਵਾਇਰਲ ਹੋਈ ਵੀਡੀਉ ਦੇਖੀ ਤਾਂ ਉਹਨਾਂ ਤੁਰੰਤ ਉਸ ਦੀ ਸਹਾਇਤਾ ਕਰਨ ਦਾ ਬੀੜਾ ਚੁੱਕਿਆ । ਉਹਨਾਂ ਕਿਹਾ ਕਿ ਵੀਡੀਓ ਵਿੱਚ ਖਿਡਾਰਨ ਨੇ ਖੇਡਾਂ ਵਿੱਚ ਮੈਡਲ ਜਿੱਤੇ ਦਿਖਾਏ ਅਤੇ ਸਖਤ ਮੋਹਨਤ ਕਰਨ ਤੇ ਹੋਣਹਾਰ ਹੋਣ ਦਾ ਸਬੂਤ ਦਿੱਤਾ ਜਿਸ ਕਰਕੇ ਉਹਨਾ ਆਪਣੇ ਪ੍ਰਵਾਸੀ ਸਾਥੀਆਂ ਰਸ਼ਪਾਲ ਸਿੰਘ, ਸੁਰਿੰਦਰ ਸਿੰਘ ਗਿੱਲ, ਹਰਪਾਲ ਸਿੰਘ, ਕਮਲਜੀਤ ਸਿੰਘ ਸਮਰਾ, ਸੁਖਮਿੰਦਰ ਸਿੰਘ ਗਿੱਲ, ਦਰਬਾਰਾ ਸਿੰਘ, ਮੁਖਤਿਆਰ ਸਿੰਘ ਬਰਾੜ ਨੂੰ ਵੀਡੀਓ ਦਿਖਾਈ ਤੇ ਗਰੀਬੀ ਕਾਰਨ ਪੜਾਈ ਛੱਡਣ ਵਾਲੀ ਖਿਡਾਰਨ ਦੀ ਮੱਦਦ ਕਰਨ ਦੀ ਅਪੀਲ ਕੀਤੀ । ਉਹਨਾਂ ਦੱਸਿਆ ਕਿ ਉਹਨਾਂ ਦੀ ਅਪੀਲ ਤੇ ਸਾਥੀਆਂ ਨੇ ਤੁੰਰਤ 55,000 ਰੁਪਏ ਦੀ ਰਾਸ਼ੀ ਇਕੱਤਰ ਕੀਤੀ । ਉਹਨਾਂ ਇਹ ਰਾਸ਼ੀ ਪੰਜਾਬ ਪਰਤ ਰਹੇ ਆਪਣੇ ਸਾਥੀ ਕਮਲਜੀਤ ਸਿੰਘ ਸਮਰਾ ਵਾਸੀ ਸੰਗਰੂਰ ਰਾਹੀਂ ਖਿਡਾਰਨ ਜਸਵੀਰ ਕੌਰ ਨੂੰ ਸੌਂਪੀ ਤੇ ਆਪਣੀ ਪੜਾਈ ਅਤੇ ਖੇਡ ਜਾਰੀ ਰੱਖਣ ਲਈ ਹੌਂਸਲਾ ਦਿੱਤਾ। ਉਹਨਾਂ ਕਿਹਾ ਕਿ ਸਰਵ ਸੰਪੰਨ ਲੋਕਾਂ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਧਾਰਮਿਕ ਸਥਾਨਾ ਦੀਆਂ ਗੋਲਕਾਂ ਭਰਨ ਦੀ ਬਜਾਇ ਲੋੜਵੰਦਾਂ ਦੀਆਂ ਜਰੂਰਤਾਂ ਪੂਰੀਆਂ ਕਰਨੀਆਂ ਹੀ ਮਨੁੱਖ ਦਾ ਮੁੱਖ ਨਿਸ਼ਾਨਾ ਹੋਣਾ ਚਾਹੀਦਾ ਹੈ। ਇੱਥੇ ਦੱਸਣਯੋਗ ਹੈ ਕਿ ਜਗਪਾਲ ਸਿੰਘ ਬਰਾੜ ਨੇ ਆਪਣੇ ਪਿੰਡ ਚੱਕ ਕਲਿਆਣ ਵਿਖੇ ਅਤੀ ਗਰੀਬ, ਬੇਘਰ, ਬੇਔਲਾਦ, ਵਿਧਵਾ ਬਜੁਰਗ ਮਾਤਾ ਰਾਮ ਪਿਆਰੀ ਨੂੰ 7 ਸਾਲ ਤੱਕ ਆਪਣੇ ਘਰ ਰੱਖ ਕੇ ਸੇਵਾ ਕੀਤੀ ਇਸ ਤੋ ਇਲਾਵਾ ਸਮੇਂ ਸਮੇਂ ਤੇ ਕਈ ਅਤੀ ਲੋੜਵੰਦ ਬੱਚੀਆਂ ਦੇ ਵਿਆਹਾਂ ਵਿੱਚ ਸਹਾਇਤਾ ਕੀਤੀ । ਇਸ ਤੋਂ ਇਲਾਵਾ ਜਗਪਾਲ ਸਿੰਘ ਬਰਾੜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ‘ਸੀਰ’ ਸੁਸਾਇਟੀ, ਤਰਕਸ਼ੀਲ ਸੁਸਾਇਟੀ ਭਾਰਤ ਦੇ ਮੈਂਬਰ ਵਜੋਂ ਅਨੇਕਾਂ ਲੋਕ ਭਲਾਈ ਕਾਰਜ ਕਰ ਰਹੇ ਹਨ।