550 ਸਾਲਾ ਅਰਧ ਸ਼ਤਾਬਦੀ ਪ੍ਰਕਾਸ਼ ਪੁਰਬ, ਬਾਬੇ ਕੇ ਤੇ ਬਾਬਰ ਕੇ

bagel singh dhaliwal 191012 aa

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਪੰਜ ਸੌ ਪੰਜਾਹ ਸਾਲਾ ਅਰਧ ਸ਼ਤਾਬਦੀ ਸਮਾਗਮਾਂ ਨੂੰ ਜੇਕਰ ਪਿਛਲੀਆਂ ਸ਼ਤਾਬਦੀਆਂ ਨਾਲ ਮੇਲ਼ ਕੇ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਸਿੱਖ ਸੰਗਤਾਂ ਵਿਚ ਕਿਤੇ ਜ਼ਿਆਦਾ ਜਾਗਰੂਕਤਾ ਆਈ ਹੈ। ਗੁਰੂ ਦੇ ਦਿਹਾੜੇ ਮਨਾਉਣ ਲਈ ਉਤਸ਼ਾਹ ਤਾਂ ਸਿੱਖ ਸੰਗਤਾਂ ਵਿਚ ਹਮੇਸ਼ਾ ਹੀ ਰਿਹਾ ਹੈ, ਪਰ ਜਾਗਰੂਕਤਾ ਤੋ ਬਿਨਾ ਪਹਿਲੀਆਂ ਸ਼ਤਾਬਦੀਆਂ ਮੌਕੇ ਸਿੱਖ ਕੋਈ ਖ਼ਾਸ ਪ੍ਰਾਪਤੀਆਂ ਨਹੀਂ ਕਰ ਸਕੇ, ਇਸ ਦਾ ਕਾਰਨ ਜਿੱਥੇ ਸਿੱਖਾਂ ਵਿਚ ਜਾਗਰੂਕਤਾ ਦੀ ਘਾਟ ਸਮਝੀ ਜਾਂਦੀ ਹੈ, ਓਥੇ ਕੌਮ ਦੇ ਆਗੂਆਂ ਦਾ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡਣਾ ਵੀ ਮੁੱਖ ਕਾਰਨ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ 550 ਸਾਲਾ ਅਰਧ ਸ਼ਤਾਬਦੀ ਨੂੰ ਮਨਾਉਣ ਲਈ ਇਸ ਵਾਰ ਤਿੰਨ ਪ੍ਰਮੁੱਖ ਧਿਰਾਂ ਵੱਖ ਵੱਖ ਤੌਰ ਤੇ ਯਤਨਸ਼ੀਲ ਹਨ। ਪਹਿਲੀ ਧਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਸ ਦੀ ਜ਼ੁੰਮੇਵਾਰੀ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ, ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਅਤੇ ਸਿੱਖੀ ਦੇ ਪ੍ਰਚਾਰ ਪਾਸਾਰ ਦੀ ਬਣਦੀ ਹੈ, ਪਰੰਤੂ ਸਿੱਖ ਕੌਮ ਦੀ ਇਹ ਸਿਰਮੌਰ ਸੰਸਥਾ ਤੇ ਲੰਮੇ ਸਮੇਂ ਤੋਂ ਉਹ ਹੀ ਲੋਕ ਕਾਬਜ਼ ਹਨ, ਜਿਹੜੇ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੇ ਖਿਡੌਣੇ ਬਣ ਕੇ ਸਿੱਖ, ਸਿੱਖੀ ਅਤੇ ਸਿੱਖੀ ਸਿਧਾਂਤਾਂ ਨੂੰ ਤਹਿਸ ਨਹਿਸ ਕਰਨ ਲੱਗੇ ਹੋਏ ਹਨ। ਇਹ ਬੜੇ ਅਫ਼ਸੋਸ ਨਾਲ ਲਿਖਣਾ ਪੈਂਦਾ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿਰਫ਼ ਨਾਮ ਦੀ ਸਿਰਮੌਰ ਸੰਸਥਾ ਰਹਿ ਗਈ ਹੈ, ਉਹਦੀ ਸਭ ਤੋ ਵੱਡੀ ਜ਼ੁੰਮੇਵਾਰੀ ਸਿੱਖੀ ਸਿਧਾਂਤਾਂ ਨੂੰ ਸਾਂਭਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਮਰਯਾਦਾ ਨੂੰ ਲਾਗੂ ਕਰਨ ਦੀ ਬਣਦੀ ਸੀ, ਉਹ ਸੰਸਥਾ ਤੇ ਕਾਬਜ਼ ਲੋਕਾਂ ਨੇ ਖ਼ੁਦ ਮਰਯਾਦਾ ਅਤੇ ਸਿਧਾਂਤਾਂ ਦਾ ਸਭ ਤੋ ਵੱਧ ਨੁਕਸਾਨ ਕੀਤਾ ਹੈ।
ਇਹ ਗੱਲ ਪਹਿਲਾਂ ਵੀ ਬਹੁਤ ਵਾਰ ਲਿਖੀ ਜਾ ਚੁੱਕੀ ਹੈ ਕਿ ਕਿਸੇ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਅੰਦਰ ਕਿਧਰੇ ਵੀ ਗੁਰੂ ਦੀ ਸਿੱਖਿਆ ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ, ਬਲਕਿ ਜ਼ਿਆਦਾਤਰ ਗੁਰਦੁਆਰਿਆਂ ਅੰਦਰ ਮਨ-ਮੱਤਾਂ ਦਾ ਬੋਲਬਾਲਾ ਹੈ, ਕਰਮਕਾਂਡ ਹੋ ਰਹੇ ਹਨ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ੁਦ ਇਹ ਅਵੱਗਿਆਵਾਂ ਕਰਵਾਉਣ ਵਿਚ ਮੋਹਰੀ ਭੂਮਿਕਾ ਅਦਾ ਕਰਦੀ ਹੈ। ਤਖ਼ਤ ਸਹਿਬਾਨਾਂ ਦੇ ਜਥੇਦਾਰ ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਹਰ ਗਲਤ ਕਾਰਵਾਈ ਤੇ ਸਹੀ ਪਾ ਪਾ ਕੇ ਆਪਣੇ ਰੁਤਬਿਆਂ ਨੂੰ ਵੱਡੀ ਢਾਹ ਲਾ ਚੁੱਕੇ ਹਨ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਕੋਈ ਵੀ ਹੁਕਮ ਮੰਨਣ ਤੋ ਕੌਮ ਇਨਕਾਰੀ ਹੋ ਚੁੱਕੀ ਹੈ। ਅਜਿਹੇ ਹਾਲਾਤਾਂ ਦੇ ਮੱਦੇ-ਨਜ਼ਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਮਨਾਉਣਾ ਕਿੰਨਾ ਕੁ ਸਾਰਥਿਕ ਨਤੀਜੇ ਦੇ ਸਕਦਾ ਹੈ, ਇਹ ਉਨ੍ਹਾਂ ਵੱਲੋਂ ਅਕਾਲੀ ਦਲ ਬਾਦਲ ਦੇ ਇਸ਼ਾਰਿਆਂ ਤੇ ਸਮਾਗਮਾਂ ਨੂੰ ਸਿੱਖ ਵਿਰੋਧੀ ਤਾਕਤਾਂ ਮੁਤਾਬਿਕ ਢਾਲਣ ਅਤੇ ਕੇਂਦਰੀ ਹਾਕਮਾਂ ਦੀ ਸਮਾਗਮਾਂ ਚ ਸ਼ਿਰਕਤ ਨੂੰ ਯਕੀਨੀ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਤੋ ਦੇਖਿਆ ਜਾ ਸਕਦਾ ਹੈ। ਇਸ ਮੌਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖੀ ਨੂੰ ਪ੍ਰਫੁੱਲਿਤ ਕਰਨ ਅਤੇ ਕੌਮ ਨੂੰ ਇੱਕ ਮੰਚ ਤੇ ਇਕੱਤਰ ਕਰਨ ਦੇ ਯਤਨ ਕਰਨ ਦੀ ਵਜਾਏ, ਪੂਰੀ ਤਨਦੇਹੀ ਨਾਲ ਇਹ ਯਤਨ ਕਰ ਰਹੀ ਹੈ ਕਿ ਇਹਨਾਂ ਸਮਾਗਮਾਂ ਤੋ ਅਕਾਲੀ ਦਲ ਬਾਦਲ ਨੂੰ ਸਿਆਸੀ ਲਾਭ ਕਿਵੇਂ ਦਿਵਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਇਹ ਸ਼ਤਾਬਦੀ ਨੂੰ ਸ਼ਰੋਮਣੀ ਕਮੇਟੀ ਨਾਲ ਮਿਲ ਕੇ ਮਨਾਉਣਾ ਚਾਹੁੰਦੀ ਸੀ, ਪਰ ਦੋਹਾਂ ਧਿਰਾਂ ਦੀ ਸਿਆਸੀ ਲਾਹਾ ਲੈਣ ਦੀ ਖਿੱਚੋਤਾਣ ਕਾਰਨ ਇਹ ਸਮਾਗਮਾਂ ਨੂੰ ਇਕੱਠੇ ਮਨਾਉਣ ਦਾ ਪ੍ਰੋਗਰਾਮ ਸਿਰੇ ਨਾ ਚੜ ਸਕਿਆ।
ਪਿਛਲੇ ਦਿਨੀਂ ਸ਼ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਇਹਨਾਂ ਸਮਾਗਮਾਂ ਤੋਂ ਲਾਂਭੇ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਸ਼ਰੋਮਣੀ ਕਮੇਟੀ ਨੇ ਜਿਹੜੇ ਗੁਰੂ ਸਾਹਿਬ ਦਾ ਸ਼ਤਾਬਦੀ ਪ੍ਰਕਾਸ਼ ਪੁਰਬ ਮਨਾਉਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ, ਉਨ੍ਹਾਂ ਨੇ ਉਹ ਹੀ ਗੁਰੂ ਨਾਨਕ ਸਾਹਿਬ ਦੀ ਅਣਸ ਬੰਸ ਦੀ ਸਤਾਰ੍ਹਵੀਂઠ ਪੀਹੜੀ ਚੋਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਸੱਦਾ ਪੱਤਰ ਦੇਣਾ ਵੀ ਮੁਨਾਸਬ ਨਹੀਂ ਸਮਝਿਆ, ਜਦੋਂ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਹੈ। ਇਹਨਾਂ ਕੇਂਦਰੀ ਆਗੂਆਂ ਨੂੰ ਖ਼ੁਸ਼ ਕਰਨ ਖ਼ਾਤਰ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ਼ ਸਮਾਗਮਾਂ ਦੀ ਤਿਆਰੀ ਵਾਸਤੇ ਹੀ ਦਿੱਤੇ ਗਏ ਟੈਂਡਰ ਤੇ ਗੁਰੂ ਕੀ ਗੋਲਕ ਦੇ 10 ਕਰੋੜ ਰੁਪਏ ਖਰਚ ਕਰ ਦਿੱਤੇ ਹਨ, ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਇਸ ਵਾਰ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਆਰਥਕ ਮੰਦਹਾਲੀ ਦੇ ਚੱਲਦਿਆਂ ਸਮੁੱਚੀਆਂ ਨਾਨਕ ਨਾਮ-ਲੇਵਾ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਮਾਗਮ ਸਾਦੇ ਰੂਪ ਚ ਮਨਾ ਕੇ ਗੁਰੂ ਵੱਲੋਂ ਦਿੱਤੀ ਮੱਤ ਤੇ ਅਮਲ ਕੀਤਾ ਜਾਂਦਾ। ਗੁਰੂ ਕੀ ਗੋਲਕ ਗ਼ਰੀਬ ਦਾ ਮੂੰਹ ਵਾਲੇ ਗੁਰੂ ਦੇ ਕਥਨ ਤੇ ਪਹਿਰਾ ਦਿੰਦੇ ਹੋਏ ਇਹ ਪੈਸਾ ਕੌਮ ਦੀ ਭਲਾਈ, ਸਿੱਖਿਆ ਅਤੇ ਸਿਹਤ ਸਹੂਲਤਾਂ ਤੇ ਖਰਚ ਕੀਤਾ ਜਾਂਦਾ, ਪ੍ਰੰਤੂ ਅਜਿਹਾ ਨਹੀਂ ਕੀਤਾ ਜਾਵੇਗਾ, ਕਿਉਂਕਿ ਜਿਹੜੀਆਂ ਤਾਕਤਾਂ ਦੇ ਹੱਥਾਂ ਵਿਚ ਸ਼ਰੋਮਣੀ ਕਮੇਟੀ ਦਾ ਨਿਯੰਤਰਣ ਹੈ ਉਹ ਅਜਿਹਾ ਹਰਗਿਜ਼ ਵੀ ਪਸੰਦ ਨਹੀਂ ਕਰਦੀਆਂ।
ਅਜਿਹੇ ਹਾਲਾਤਾਂ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਸ਼ਤਾਬਦੀ ਸਮਾਗਮ ਕਿਵੇਂ ਸਾਰਥਕ ਨਤੀਜੇ ਦੇ ਸਕਦੇ ਹਨ। ਦੂਜੀ ਧਿਰ ਪੰਜਾਬ ਸਰਕਾਰ ਹੈ, ਜਿਸ ਨੇ ਗੁਰੂ ਸਾਹਿਬ ਦੇ ਸ਼ਤਾਬਦੀ ਸਮਾਗਮ ਸ਼ਰੋਮਣੀ ਕਮੇਟੀ ਨਾਲ ਮਿਲ ਕੇ ਵੱਡੇ ਪੱਧਰ ਤੇ ਮਨਾਉਣ ਦਾ ਟੀਚਾ ਮਿਥਿਆ ਸੀ, ਪਰ ਐਨ ਮੌਕੇ ਤੇ ਸ਼ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਸ਼ਤਾਬਦੀ ਸਮਾਗਮ ਮਨਾਉਣ ਤੋ ਕੋਰਾ ਜਵਾਬ ਦੇ ਦਿੱਤਾ ਹੈ। ਤੀਜੀ ਪ੍ਰਮੁੱਖ ਧਿਰ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲੀ ਗੁਰਮਤਿ ਪ੍ਰਚਾਰਕ ਸੰਤ ਸਭਾ ਹੈ, ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨਜ਼ਦੀਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸ਼ਤਾਬਦੀ ਸਮਾਗਮ ਮਨਾਉਣ ਦਾ ਫ਼ੈਸਲਾ ਕੀਤਾ ਹੈ, ਜਿਹੜੇ ਅੱਠ ਨਵੰਬਰ ਤੋਂ 12 ਨਵੰਬਰ ਤੱਕ ਚੱਲਣਗੇ। ਗੁਰਮਤਿ ਪ੍ਰਚਾਰਕ ਸੰਤ ਸਭਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਰੋਜ਼ਾਨਾ ਆਉਣ ਵਾਲੀਆਂ ਸੰਗਤਾਂ ਲਈ ਪੰਜ ਨਵੰਬਰ ਤੋ ਗੁਰੂ ਕੇ ਲੰਗਰ ਵੀ ਲਾਏ ਜਾ ਰਹੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸ਼ਤਾਬਦੀ ਸਮਾਗਮਾਂ ਚੋ ਕੌਮ ਖੱਟਣ ਕੀ ਜਾ ਰਹੀ ਹੈ। ਜਿਵੇਂ ਉੱਪਰ ਲਿਖਿਆ ਵੀ ਜਾ ਚੁੱਕਾ ਹੈ ਕਿ ਹੁਣ ਕੌਮ ਅੰਦਰ ਜਾਗਰੂਕਤਾ ਦੀ ਕੋਈ ਕਮੀ ਨਹੀਂ ਹੈ, ਹਰ ਮਾਮਲੇ ਤੇ ਲੋਕ ਹੁਣ ਆਗੂਆਂ ਤੋ ਜਵਾਬ ਮੰਗਣ ਦੀ ਹਿੰਮਤ ਰੱਖਦੇ ਹਨ। ਇਸ ਵਾਰ ਸ਼ਤਾਬਦੀ ਸਮਾਗਮਾਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਣ ਵਾਲਿਆਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਪਵੇਗਾ ਕਿ ਜੇਕਰ ਇਹ ਸ਼ਤਾਬਦੀ ਵੀ ਪਿਛਲੀਆਂ ਸ਼ਤਾਬਦੀਆਂ ਦੀ ਤਰਾਂ ਸਿਆਸਤ ਦੀ ਭੇਟ ਚੜ੍ਹ ਗਈ, ਤਾਂ ਕੌਮ ਜਵਾਬ ਜ਼ਰੂਰ ਮੰਗੇਗੀ।
ਗੁਰਮਤਿ ਪ੍ਰਚਾਰਕ ਸੰਤ ਸਭਾ ਨੂੰ ਵੀ ਇਹ ਧਿਆਨ ਰੱਖਣਾ ਪਵੇਗਾ ਕਿ ਇਹ ਸੰਤ ਸਭਾ ਮਹਿਜ਼ ਸੰਤ ਬਾਬਿਆਂ ਅਤੇ ਬੁੱਧੀਜੀਵੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਜਥੇਬੰਦੀ ਹੀ ਨਹੀਂ, ਬਲਕਿ ਇਹ ਦੀ ਅਗਵਾਈ ਗੁਰੂ ਨਾਨਕ ਸਾਹਿਬ ਸਾਹਿਬ ਦੀ ਕੁਲ ਦੇ ਵਾਰਸ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦਾ ਪਹਿਲਾ ਉਦੇਸ਼ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਸਿਆਸਤ ਦੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਕੌਮ ਨੂੰ ਦਰਪੇਸ਼ ਸਮੱਸਿਆਵਾਂ ਜਿਵੇਂ ਗੁਰਦੁਆਰਾ ਪ੍ਰਬੰਧ ਵਿਚ ਆਏ ਨਿਘਾਰ ਦਾ ਨਿਵਾਰਣ ਕਰਨ ਲਈ ਪ੍ਰਬੰਧ ਸੱਚੇ ਸੁੱਚੇ ਗੁਰਸਿੱਖਾਂ ਦੇ ਹੱਥ ਦੇਣ ਦੇ ਸੁਹਿਰਦਤਾ ਨਾਲ ਯਤਨ ਕਰਨੇ, ਗੁਰਬਾਣੀ ਦਾ ਸੰਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਯੋਗ ਪ੍ਰਬੰਧ ਕਰਨੇ ਪੈਣਗੇ ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਲੀ ਰੂਪ ਵਿਚ ਜਗਤ ਗੁਰੂ ਵਜੋਂ ਪਰਵਾਨ ਹੋਣ, ਸੋ ਅਜਿਹੇ ਕੌਮੀ ਕਾਰਜਾਂ ਲਈ ਜੇਕਰ ਠੋਸ ਪ੍ਰੋਗਰਾਮ ਉਲੀਕੇ ਜਾਣਗੇ, ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸ਼ਤਾਬਦੀ ਪ੍ਰਕਾਸ਼ ਪੁਰਬ ਨੂੰ ਸਾਰਥਿਕ ਮੰਨਿਆ ਜਾਵੇਗਾ। ਉਪਰੋਕਤ ਦੇ ਮੱਦੇ-ਨਜ਼ਰ ਇਹ ਸਪਸ਼ਟ ਹੈ ਕਿ ਇਹਨਾਂ ਇਤਿਹਾਸਿਕ ਦਿਹਾੜਿਆਂ ਨੂੰ ਮਨਾਉਣ ਲਈ ਦੋ ਧਿਰਾਂ ਪ੍ਰਮੁੱਖ ਰੂਪ ਚ ਸਾਹਮਣੇ ਹਨ, ਇੱਕ ਉਹ ਧਿਰ ਹੈ, ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮਲੀਆਮੇਟ ਕਰਨ ਵਾਲਿਆਂ ਨਾਲ ਸਾਂਝ ਰੱਖਦੀ ਹੈ ਅਤੇ ਦੂਜੀ ਧਿਰ ਉਹ ਹੈ, ਜਿਸ ਨੂੰ ਗੁਰੂ ਸਾਹਿਬ ਦੀ ਕੁਲ ਦੇ ਵਾਰਸ ਹੋਣ ਦਾ ਮਾਣ ਹਾਸਲ ਹੈ। ਇੱਕ ਪਾਸੇ ਬਾਬੇ ਕੇ ਹਨ ਤੇ ਦੂਜੇ ਪਾਸੇ ਬਾਬਰ ਕੇ ਧਰਮ ਦਾ ਮਖੌਟਾ ਪਾਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ, ਹੁਣ ਦੇਖਣਾ ਇਹ ਵੀ ਹੋਵੇਗਾ ਕਿ ਕੈਪਟਨ ਸਰਕਾਰ ਸਿੱਖ ਵਿਰੋਧੀ ਤਾਕਤਾਂ ਨਾਲ ਰਲ ਕੇ ਸਮਾਗਮ ਕਰਵਾਉਣ ਵਾਲਿਆਂ ਨਾਲ ਹੱਥ ਮਿਲਾ ਕੇ ਇੱਕ ਹੋਰ ਗੁਨਾਹ ਦਾ ਭਾਰ ਆਪਣੇ ਸਿਰ ਲਵੇਗੀ ਜਾਂ ਗੁਰੂ ਦੇ ਵਾਰਸਾਂ ਦਾ ਸਾਥ ਦੇ ਕੇ ਸੱਚੇ ਤੇ ਨਿਮਾਣੇ ਸਿੱਖ ਹੋਣ ਦਾ ਸਬੂਤ ਦੇਵੇਗੀ। ਚੰਗਾ ਹੋਵੇ ਜੇ ਕੈਪਟਨ ਸਰਕਾਰ ਸਮੁੱਚੇ ਰੂਪ ਚ ਸਿਆਸੀ ਲਾਭ ਲੈਣ ਦੀ ਲਾਲਸਾ ਦਾ ਤਿਆਗ ਕਰ ਕੇ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਵਿਚ ਸਹਿਯੋਗ ਦੇਵੇ।

Install Punjabi Akhbar App

Install
×