550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ

NZ PIC 22 Sep-1

‘ਨਿਊਜ਼ੀਲੈਂਡ ਪੰਜਾਬੀ ਮਲਟੀ ਮੀਡੀਆ ਟਰੱਸਟ’ ਵੱਲੋਂ ਤੀਜਾ ‘ਕੀਵੀ ਪੰਜਾਬੀ ਐਵਾਰਡਜ਼’ ਸਮਾਗਮ 2 ਨਵੰਬਰ ਨੂੰ
-ਪੁੱਲਮਨ ਪਾਰਕ ਗ੍ਰੈਂਡ ਹਾਲ ਟਾਕਾਨੀਨੀ ਵਿਖੇ ਹੋਵੇਗਾ ਇਹ ਸਮਾਗਮ
-ਭੇਜੇ ਜਾ ਰਹੇ ਸੱਦਾ ਪੱਤਰ ਰਾਹੀਂ ਹੋਵੇਗੀ ਐਂਟਰੀ
ਔਕਲੈਂਡ 22 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ 130 ਸਾਲ ਦਾ ਸਮਾਂ ਹੋ ਗਿਆ ਹੈ, ਇਸ ਸਮੇਂ ਦੌਰਾਨ ਇਥੇ ਵਸਦੇ ਭਾਰਤੀਆਂ ਖਾਸ ਕਰ ਪੰਜਾਬੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿਚ ਬਹੁਤ ਮੱਲਾਂ ਮਾਰੀਆਂ। ਕਈ ਪੰਜਾਬੀ ਸੁੰਨੇ ਰਾਹਾਂ ‘ਤੇ ਚਲਕੇ  ਸਫਲਤਾ ਦੇ ਦੀਵੇ ਜਗ੍ਹਾ ਮੀਲ ਪੱਥਰਾਂ ‘ਤੇ ਰੱਖਦੇ ਰਹੇ ਜੋ ਕਿ ਸਾਡੀ ਨਵੀਂ ਪੀੜ੍ਹੀ ਲਈ ਰੌਸ਼ਨ ਮੁਨਾਰੇ ਹੋ ਸਕਦੇ ਹਨ। ਅਜਿਹੇ ਹੀ ਕਿਰਦਾਰਾਂ ਨੂੰ ਸਾਲ ਦਰ ਸਾਲ ਪਛਾਣ ਕੇ ਸਨਮਾਨ ਦੇਣ ਦੀ ਇਕ ਨਵੀਂ ਸ਼ੁਰੂਆਤ 2017 ਵਿਚ ‘ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ’ ਵੱਲੋਂ ‘ਕੀਵੀ ਪੰਜਾਬੀ ਐਵਾਰਡ’ ਨਾਲ ਕੀਤੀ ਗਈ ਸੀ। ਪਿਛਲੇ ਸਾਲ ਤੋਂ ‘ਨਿਊਜ਼ੀਲੈਂਡ ਪੰਜਾਬੀ ਮਲਟੀ ਮੀਡੀਆ ਟਰੱਸਟ’ ਦੀ ਸਰਪ੍ਰਸਤੀ ਹੇਠ ਇਹ ਐਵਾਰਡ ਹੋ ਰਹੇ ਹਨ। ਇਹ ਤੀਜਾ ਵਰ੍ਹਾ ਹੈ ਅਤੇ ਇਸ ਵਾਰ ‘ਕੀਵੀ ਪੰਜਾਬੀ ਐਵਾਰਡਜ਼’ 2 ਨਵੰਬਰ ਨੂੰ ਦਿਨ ਸ਼ਨੀਵਾਰ ਨੂੰ ਸ਼ਾਮ 6.30 ਵਜੇ ਪੁਲਮਨ ਪਾਰਕ ਗ੍ਰੈਂਡ ਹਾਲ ਟਾਕਾਨੀਨੀ ਵਿਖੇ ਤਕਸੀਮ ਕੀਤੇ ਜਾਣੇ ਹਨ। ਇਹ ਐਵਾਰਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇਸ਼
ਇਸ ਸਮਾਗਮ ਸਬੰਧੀ ਇਕ ਰੰਗਦਾਰ ਪੋਸਟਰ ਅੱਜ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿਚ ਐਨ. ਜ਼ੈਡ. ਇੰਡੀਅਨ ਫਲੇਮ ਮੈਨੁਰੇਵਾ ਵਿਖੇ ਜਾਰੀ ਕੀਤਾ ਗਿਆ। ਸ. ਨਵਤੇਜ ਸਿੰਘ ਰੰਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਸ. ਗੁਰਸਿਮਰਨ ਸਿੰਘ ਮਿੰਟੂ, ਨਵਦੀਪ ਕਟਾਰੀਆ, ਹਰਜੀਤ ਕੌਰ, ਨਰਿੰਦਰਬੀਰ ਸਿੰਘ ਅਤੇ ਰੇਡੀਓ ਸਪਾਈਸ ਦੀ ਪੂਰੀ ਟੀਮ ਇਸ ਨਿਵੇਕਲੇ ਫੰਕਸ਼ਨ ਨੂੰ ਸਿਰੇ ਚਾੜ੍ਹਨ ਲਈ ਰੁੱਝੀ ਹੋਈ ਹੈ। ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਇਸ ਸਮੇਂ ਜਿੱਥੇ ਆਏ ਸਾਰੇ ਸਪਾਂਸਰਜ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਉਥੇ ਕੀਵੀ ਐਵਾਰਡਜ਼ ਸਬੰਧੀ ਸੰਖੇਪ ਜਾਣਕਾਰੀ ਵੀ ਦਿੱਤੀ। ਨੌਜਵਾਨ ਬੱਚਿਆਂ ਨੂੰ ਇਸ ਸਮਾਗਮ ਦੇ ਵਿਚ ਖਾਸ ਤੌਰ ‘ਤੇ ਤਵੱਜੋਂ ਦੇ ਕੇ ਹੱਲਾਸ਼ੇਰੀ ਦਿੱਤੀ ਜਾਵੇਗੀ।
ਕਿਹੜੇ-ਕਿਹੜੇ ਹੋਣਗੇ ਵੱਕਾਰੀ ਐਵਾਰਡਜ਼?
ਆਰਗੇਨਾਈਜੇਸ਼ਨ ਆਫ ਦਾ ਯੀਅਰ: ਇਹ ਐਵਾਰਡ ਉਸ ਸੰਸਥਾ ਨੂੰ ਭੇਟ ਕੀਤਾ ਜਾਵੇਗਾ ਜਿਸ ਨੇ ਸਮੁੱਚੇ ਭਾਈਚਾਰੇ ਅਤੇ ਨਿਊਜ਼ੀਲੈਂਡਰਾਂ ਦੀ ਭਲਾਈ ਵਾਸਤੇ ਆਪਣਾ ਯੋਗਦਾਨ ਪਾ ਕੇ ਸਮੁੱਚੇ ਭਾਈਚਾਰੇ ਨੂੰ ਮਾਣ ਦਿਵਾਇਆ।
ਸਪੋਰਟਸਪਰਸਨ ਆਫ ਦਾ ਯੀਅਰ: ਇਹ ਐਵਾਰਡ ਉਸ ਖਿਡਾਰੀ ਜਾਂ ਖਿਡਾਰਨ ਨੂੰ ਦਿੱਤਾ ਜਾਣਾ ਹੈ ਜਿਸ ਨੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉਤੇ ਜਿੱਥੇ ਆਪਣਾ ਨਾਂਅ ਰੌਸ਼ਨ ਕੀਤਾ ਉਥੇ ਆਪਣੇ ਮਾਪਿਆਂ ਅਤੇ ਭਾਈਚਾਰੇ ਨੂੰ ਵੀ ਚਿਰਸਥਾਈ ਖੁਸ਼ੀ ਬਖਸ਼ੀ।
ਆਊਟ ਸਟੈਂਡਿਗ ਕੰਟਰੀਬਿਊਸ਼ਨ ਫਾਰ ਦਾ ਕਮਿਊਨਿਟੀ: ਸੇਵਾ ਕਾਰਜਾਂ ਦੇ ਵਿਚ ਆਪਣਾ ਨਿੱਜੀ ਸਮਾਂ ਕੱਢਣਾ ਅਤੇ ਆਰਥਿਕ ਪੱਖ ਨੂੰ ਵੀ ਇਸੇ ਪਾਸੇ ਲਾ ਕੇ ਪ੍ਰਵਾਸੀ ਮੁਲਕਾਂ ਦੇ ਵਿਚ ਵਸ ਰਹੀ ਮਨੁੱਖਤਾ ਨੂੰ ਸਤਿਕਾਰ ਦੇ ਕੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਹੋਰ ਪੱਕਿਆਂ ਕਰਨ ਵਾਲੇ ਦੀ ਇਥੇ ਕਦਰ ਪਵੇਗੀ।
ਆਨਰੇਰੀ ਪੰਜਾਬੀ: ਮਾਣਯੋਗ ਉਹ ਸ਼ਖਸ਼ੀਅਤ ਜਿਸਨੇ ਕਿਸੇ ਹੋਰ ਭਾਈਚਾਰੇ ਵਿਚ ਰਹਿ ਕੇ ਵੀ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਅਤੇ ਆਨਰੇਰੀ ਪੰਜਾਬੀ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਕੀਤਾ।
ਵੋਮੈਨ ਆਫ ਦੀ ਯੀਅਰ: ਮਾਣਮੱਤੀ ਪੰਜਾਬਣ ਮਹਿਲਾ ਜਿਸ ਨੇ ਨਿਤ-ਪ੍ਰਤੀ ਦੇ ਕਾਰਜਾਂ ਦੇ ਨਾਲ-ਨਾਲ ਸਮਾਜਿਕ ਕਾਰਜਾਂ ਦੇ ਵਿਚ ਵੀ ਪੂਰਾ ਯੋਗਦਾਨ ਦਿੱਤਾ ਅਤੇ ਮਹਿਲਾਵਾਂ ਦੇ ਲਈ ਸ਼ੰਦੇਸ਼ਵਾਹਕ ਬਣੀ।
ਲਾਈਫ ਟਾਈਮ ਅਚੀਵਮੈਂਟ ਐਵਾਰਡ: ਜੀਵਨ ਭਰ ਦੀਆਂ ਪ੍ਰਾਪਤੀਆਂ ਜਦੋਂ ਇਕ ਸਿਖਿਆਦਾਇਕ ਕਿਤਾਬ ਦੇ ਵਿਚ ਬਦਲ ਜਾਣ ਤਾਂ ਉਨ੍ਹਾਂ ਦਾ ਜੀਵਨ ਇਕ ਚਾਨਣ ਮੁਨਾਰਾ ਹੋ ਨਿਬੜਦਾ ਹੈ, ਜਿਸ ਦੀ ਲੋਅ ਨੂੰ ਪਛਾਣ ਕੇ ਨਵੀਂਆਂ ਲੀਹਾਂ ਉਤੇ ਤੁਰਨ ਦੀ ਜਾਚ ਆ ਸਕਦੀ ਹੈ। ਇਨ੍ਹਾਂ ਉਪਰੋਕਤ ਸਖਸ਼ੀਅਤਾਂ ਦਾ ਸਨਮਾਨ ਕਰਨਾ ਭਾਵੇਂ ਨਿਮਾਣੀ ਜਿਹੀ ਕੋਸ਼ਿਸ਼ ਹੋ ਸਕਦੀ ਹੈ ਪਰ ਅਜਿਹੀ ਸ਼ਾਬਾਸ਼ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਆਪਣੀ ਪਿੱਠ ਉਤੇ ਥਪ-ਥਪਾਈ ਦੇ ਰੂਪ ਵਿਚ ਪਾਉਣ ਲਈ ਯਤਨਸ਼ੀਲ ਹੋ ਸਕਦੀ ਹੈ।
ਵਿਸ਼ੇਸ਼ ਡਾਕ ਟਿਕਟ: ਇਸ ਮੌਕੇ ਇਕ ਹੋਰ ਇਤਿਹਾਸਕ ਗਾਥਾ ਨੂੰ ਸ਼ਾਮਿਲ ਕਰਦਿਆਂ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਜਾਵੇਗੀ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤੀ ਜਾਵੇਗੀ।  ਵਿਰਸਾ ਰੰਗ: ਨਾਦ ਮਿਊਜ਼ੀਕਲ ਗਰੁੱਪ, ਵਿਰਸਾ ਅਕਾਦਮੀ ਵੱਲੋਂ ਭੰਗੜਾ ਅਤੇ ਸਥਾਨਕ ਗਾਇਕਾਂ ਵੱਲੋਂ ਕਈ ਸਭਿਆਚਾਰਕ  ਵੰਨਗੀਆਂ ਪੇਸ਼ ਹੋਣਗੀਆਂ।

Install Punjabi Akhbar App

Install
×