ਅਸੀਂ ਲੋਕਾਂ ਦੇ ਹੱਕ ਅਤੇ ਸੱਚ ਲਿਖਣ ਦੀ ਕੀ ਉਮੀਦ ਕਰ ਸਕਦੇ ਹਾਂ…..

– ਅੱਜਕੱਲ੍ਹ ਮੀਡੀਆ ‘ਚ  ਦੋਗਲੀ ਨੀਤੀ ਵਾਲੇ ਲੋਕ ਸ਼ਾਮਿਲ ਹੋ ਚੁੱਕੇ ਹਨ

– ਸਮਗਲਰ ਅਤੇ ਰਾਜਨੀਤਿਕ ਲੋਕਾਂ ਦੇ ਪਿੱਠੂ ਪੱਤਰਕਾਰ ਬਣ ਕੇ ਮੀਡੀਆ ਨਾਲ ਜੁੜ ਗਏ 

– ਕੁੱਝ ਚਾਪਲੂਸ ਪੱਤਰਕਾਰਾਂ ਨੇ ਮੀਡੀਆ ਦਾ ਕੀਤਾ ਨਾਮ ਬਦਨਾਮ 

corrupt_spokesperson

ਸਾਡੇ ਦੇਸ਼ ਵਿੱਚ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ, ਕਹਿੰਦੇ ਨੇ ਜੋ ਕੰਮ ਤਲਵਾਰ ਨਹੀਂ ਕਰ ਸਕਦੀ ਉਹ ਕੰਮ ਇੱਕ ਕਲਮ ਕਰ ਦਿੰਦੀ ਹੈ। ਮੀਡੀਆ ਸਾਡੇ ਸਮਾਜ ਲਈ ਇੱਕ ਸੀਸੇ ਦੀ ਤਰ੍ਹਾਂ ਹੁੰਦਾ ਹੈ, ਜਿਹੋ ਜਿਹਾ ਸੀਸਾ ਮੀਡੀਆ ਦਿਖਾਉਂਦਾ ਹੈ, ਉਸ ਦਾ ਪ੍ਰਭਾਵ ਉਸੇ ਹੀ ਤਰ੍ਹਾਂ ਦੇਸ਼ ਦੀ ਜਨਤਾ ਉਪਰ ਪੈਂਦਾ ਹੈ, ਮੀਡੀਆ ਹਰ ਖੇਤਰ ਵਿੱਚ ਐਨਾ ਕੁ ਪੈਰ ਪਸਾਰ ਚੁੱਕਾ ਹੈ ਕਿ ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਆਦਿ ਦਾ ਇਸ ਤੋਂ ਵਾਂਝੇ ਹੋਣਾ ਅਧੂਰਾ ਜਿਹਾ ਜਾਪਣ ਲੱਗ ਜਾਂਦਾ ਹੈ। ਅੱਜ ਸਾਡੇ ਸਮਾਜ ਅੰਦਰ ਜੋ ਗਲਤ ਹੋ ਰਿਹਾ ਹੈ ਉਸ ਨੂੰ ਉਜਾਗਰ ਕਰਨ ਵਿੱਚ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ‘ਚ ਮੀਡੀਆ ਆਪਣਾ ਅਹਿਮ ਰੋਲ ਅਦਾ ਕਰ ਰਿਹਾ ਹੈ। ਪਰ ਅੱਜਕੱਲ੍ਹ ਮੀਡੀਆ ‘ਚ ਵੀ ਕੁੱਝ ਇਸ ਤਰ੍ਹਾਂ ਦੇ ਦੋਗਲੀ ਨੀਤੀ ਵਾਲੇ ਲੋਕ ਸ਼ਾਮਿਲ ਹੋ ਚੁੱਕੇ ਹਨ, ਜੋ ਨਾ ਕਿਸੇ ਨੂੰ ਇਨਸਾਫ ਦਿਵਾਉਣ ‘ਚ ਮੋਹਰੀ ਰੋਲ ਅਦਾ ਕਰਦੇ ਹਨ ਸਗੋਂ ਦੋਸ਼ੀ ਨੂੰ ਦੋਸ਼ੀ ਲਿਖਣ ਤੋਂ ਵੀ ਝਿਜਕਦੇ ਹਨ। ਉਹ ਸਿਰਫ ਆਪਣੇ ਸੁਆਰਥਾਂ ਲਈ ਅਮੀਰ, ਸਮਗਲਰ ਅਤੇ ਰਾਜਨੀਤਿਕ ਲੋਕਾਂ ਦੇ ਪਿੱਠੂ ਬਣ ਕੇ ਰਹਿ ਗਏ ਹਨ। ਉਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਪੱਤਰਕਾਰ ਬਣ ਕੇ ਮੀਡੀਆ ਨਾਲ ਤਾਂ ਜੁੜ ਗਏ ਹਨ ਪਰ ਉਨ੍ਹਾਂ ਨੂੰ ਪੱਤਰਕਾਰੀ ਖੇਤਰ ‘ਚ ਓ.ਅ. ਦੀ ਵੀ ਜਾਣਕਾਰੀ ਨਹੀਂ ਹੈ, ਉਨ੍ਹਾਂ ਲਈ ਸਿਰਫ ‘ਤੇ ਸਿਰਫ ਪੈਸਾ ਮੁੱਖ ਹੈ, ਭਾਵੇਂ ਉਨ੍ਹਾਂ ਨੂੰ ਪੈਸੇ ਲਈ ਪੀੜਤ ਲੋਕਾਂ ਦੇ ਖਿਲਾਫ਼ ਲਿਖਣਾ ਪਏ ਜਾਂ ਫਿਰ ਦੋਸ਼ੀ ਲੋਕਾਂ ਨਾਲ ਆਪਣੀ ਨੇੜਤਾ ਹੋਣ ਦੀ ਗੱਲ ਅੱਗੇ ਰੱਖ ਕੇ ਖ਼ਬਰ ਨਾ ਲਗਾਉਣ ਤੋਂ ਪੱਲ੍ਹਾ ਛੁਡਵਾ ਲੈਂਦੇ ਹਨ। ਪੱਤਰਕਾਰ ਭਾਈਚਾਰੇ ਉਪਰ ਹੁੰਦੇ ਹਮਲਿਆਂ ਲਈ ਵੀ ਇਹੋ ਜਿਹੇ ਕੁੱਝ ਕੁ ਪੱਤਰਕਾਰ ਜਿੰਮੇਵਾਰ ਹਨ, ਜੋ ਭਾਈਚਾਰਕ ਸਾਂਝ ਨੂੰ ਨਾ ਦੇਖ ਕੇ ਇਹ ਸਿਰਫ ਆਪਣੀਆਂ ਜੇਬਾਂ ਭਰਨ ਤੱਕ ਦਾ ਮਤਬਲ ਰੱਖਦੇ ਹਨ। 

ਇਸੇ ਤਰ੍ਹਾਂ ਦਾ ਮਿਲਦਾ ਜੁਲਦਾ ਇੱਕ ਵਾਅਕਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ, ਸਾਡੇ ਇੱਕ ਅਜੀਜ ਦੋਸਤ ਜਿਸ ਨੇ ਆਪਣੀ ਪੁਰਾਣੀ ਕਾਰ ਕੰਪਨੀ ਨੂੰ ਦੇ ਕੇ ਇੱਕ ਕਾਰ ਨਵੀਂ ਕਾਰ ਖ੍ਰੀਦਣੀ ਸੀ, ਜਦੋਂ ਉਹ ਆਪਣੀ ਕਾਰ ਲੈ ਕੇ ਕੰਪਨੀ ਪੁੱਜਾ ਤਾਂ ਉਨ੍ਹਾਂ ਨੇ ਪੁਰਾਣੀ ਕਾਰ ਵਿੱਚ ਰੱਖ ਕੇ ਨਵੀਂ ਕਾਰ ਦੇਣ ਦਾ ਵਾਅਦਾ ਕੀਤਾ, ਪੁਰਾਣੀ ਕਾਰ ਦਾ ਰੇਟ ਵੀ ਤੈਅ ਹੋ ਗਿਆ, ਜਦੋਂ ਕਈ ਦਿਨ ਬੀਤਣ ਤੋਂ ਬਾਅਦ ਕੰਪਨੀ ਤੋਂ ਫੋਨ ਆਇਆ ਕਿ ਤੁਸੀਂ ਕਾਰ ਲਿਜਾ ਸਕਦੇ ਹੋ, ਮੇਰਾ ਦੋਸਤ ਆਪਣੇ ਇੱਕ ਕਰੀਬੀ ਨਾਲ ਨਵੀਂ ਕਾਰ ਲੈਣ ਲਈ ਜਦੋਂ ਕੰਪਨੀ ਪੁੱਜਾ ਤਾਂ ਉਥੇ ਦੇ ਇੱਕ ਅਕਾਊਂਟੈਂਟ ਨੇ ਪੁਰਾਣੀ ਕਾਰ ਦੇ ਰੇਟ ਵੱਧ ਲੱਗ ਜਾਣ ਦੀ ਗੱਲ ਕਹੀ, ਤਾਂ ਮੇਰੇ ਦੋਸਤ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕੰਪਨੀ ਮੈਨੇਜਰ ਅਤੇ ਅਕਾਊਂਟੈਂਟ ਨੇ ਦੋਵਾਂ ਨਾਲ ਦੁਰਵਿਵਹਾਰ ਕੀਤਾ, ਇਸ ਗੁੱਸੇ ਵਿੱਚ ਆਏ ਮੇਰੇ ਦੋਸਤ ਨੇ ਆਪਣੇ ਪਿੰਡ ਦੇ ਕੁੱਝ ਮੋਹਤਵਰ ਵਿਅਕਤੀਆਂ ਨੂੰ ਕੰਪਨੀ ਬੁਲਾ ਲਿਆ ਅਤੇ ਕੰਪਨੀ ਦੇ ਦੋਵਾਂ ਅਧਿਕਾਰੀਆਂ ਵੱਲੋਂ ਕੀਤੇ ਦੁਰਵਿਵਹਾਰ ‘ਤੇ ਗਲਤੀ ਮੰਨਣ ਲਈ ਕਿਹਾ ਜਿਸ ‘ਤੇ ਮੀਡੀਆ ਨਾਲ ਜੁੜੇ ਹੋਣ ਦੇ ਕਾਰਨ ਅਸੀਂ ਵੀ ਕੰਪਨੀ ਪੁੱਜ ਗਏ।

ਉਥੇ ਜਾ ਕੇ ਜਦੋਂ ਅਸੀਂ ਸਾਰੀ ਗੱਲਬਾਤ ਬਾਰੇ ਪਤਾ ਕੀਤਾ ਤਾਂ ਉਥੇ ਦੇ ਇੱਕ ਮੁਲਾਜਮ ਨੇ ਸਾਡੇ ਨਾਲ ਵੀ ਦੁਰਵਿਵਹਾਰ ਕੀਤਾ ਅਤੇ ਸਾਡੇ ਪ੍ਰਤੀ ਗਲਤ ਸ਼ਬਦਾਂਵਲੀ ਵਰਤੀ। ਜਿਸ ‘ਤੇ ਅਸੀਂ ਵੀ ਆਪਣੇ ਕੁੱਝ ਹੋਰ ਮੀਡੀਆ ਕਰਮੀਆਂ ਨੂੰ ਬੁਲਾ ਕੇ ਕੰਪਨੀ ਖਿਲਾਫ ਕਾਰ ਲੈਣ ਵਾਲੇ ਵਿਅਕਤੀਆਂ ਨਾਲ ਸੜਕ ਉਪਰ ਧਰਨਾ ਦੇ ਦਿੱਤਾ, ਜਿਸ ‘ਤੇ ਕਾਰ ਕੰਪਨੀ ਦੇ ਨੇੜੇ ਸਮਝਿਆ ਜਾਂਦਾ ਇੱਕ ਪੱਤਰਕਾਰ ਵੀ ਹਾਜਰ ਹੋ ਗਿਆ, ਜਿਸ ਨੇ ਸਾਡੀ ਸਾਇਡ ਲੈਣ ਦੀ ਥਾਂ ਉਲਟਾ ਕੰਪਨੀ ਦੀ ਗੱਲ ਕਰਨ ਲੱਗਾ, ਜਦੋਂ ਕੰਪਨੀ ਮੈਨੇਜਰ ਨੇ ਕੰਪਨੀ ਖਿਲਾਫ ਲੱਗੇ ਧਰਨੇ ਅਤੇ ਨਾਅਰੇਬਾਜੀ ਹੁੰਦੀ ਦੇਖੀ ਤਾਂ ਉਸ ਨੇ ਗਲਤੀ ਮੰਨਣੀ ਹੀ ਮੁਨਾਸਿਬ ਸਮਝੀ, ਜਦੋਂ ਕੰਪਨੀ ਮੈਨੇਜਰ ਅਤੇ ਅਕਾਊਂਟੈਟ ਗਲਤੀ ਮੰਨ ਰਹੇ ਸਨ ਤਾਂ ਇੱਕ ਸਾਡਾ ਪੱਤਰਕਾਰ ਵੀਰ ਫੋਟੋ ਕਰਨ ਲੱਗਾ ਤਾਂ ਕੰਪਨੀ ਦੀ ਚਾਪਲੂਸੀ ਕਰਨ ਵਾਲਾ ਪੱਤਰਕਾਰ ਫੋਟੋ ਕਰਨ ਦਾ ਵਿਰੋਧ ਕਰਨ ਲੱਗਾ, ਜਿਸ ‘ਤੇ ਫੋਟੋ ਕਰਨ ਵਾਲਾ ਦੂਸਰਾ ਪੱਤਰਕਾਰ ਜਦ ਖਰੀ ਖੋਟੀ ਸੁਣਾਉਣ ਲੱਗਾ ਤਾਂ ਉਹ ਆਪਣੇ ਕੰਨ ਲਪੇਟਦਾ ਹੋਇਆ ਕੰਪਨੀ ਦੇ ਅੰਦਰ ਚਲਾ ਗਿਆ। ਸਾਇਦ ਅੰਦਰ ਜਾ ਕੇ ਉਸ ਨੇ ਮੈਨੇਜਰ ਤੋਂ ਇਹ ਸੱਚੀ ਅਸਲੀਅਤ ਦੀ ਫੋਟੋ ਅਤੇ ਖ਼ਬਰ ਨਾ ਲਗਾਉਣ ਦਾ ਗੁਪਤ ਇਵਜਾਨਾ ਵਸੂਲਿਆ ਹੋਵੇ। ਜਿਸ ਕਾਰਨ ਉਸ ਨੇ ਇਸ ਸੱਚੀ ਘਟਨਾਂ ਨੂੰ ਅਖ਼ਬਾਰ ਦੀਆਂ ਸੁਰਖੀਆਂ ਬਣਾਉਣ ਤੋਂ ਵਾਂਝਾ ਛੱਡ ਦਿੱਤਾ।
ਦੋਸਤੋਂ ਹੁਣ ਤੁਸੀਂ ਹੀ ਅੰਦਾਜਾ ਲਗਾ ਸਕਦੇ ਹੋ ਕਿ ਜਦੋਂ ਤੱਕ ਮੀਡੀਆ ਅੰਦਰ ਇਹੋ ਜਿਹੇ ਚਾਪਲੂਸ ਪੱਤਰਕਾਰ ਰਹਿਣਗੇ ਤਾਂ ਅਸੀਂ ਲੋਕਾਂ ਦੇ ਹੱਕ ਅਤੇ ਸੱਚ ਲਿਖਣ ਦੀ ਕੀ ਉਮੀਦ ਕਰ ਸਕਦੇ ਹਾਂ। 

(ਗੁਰਭਿੰਦਰ ਗੁਰੀ)
+91 9915727311

Install Punjabi Akhbar App

Install
×