ਐਡੀਲੇਡ ਵਿਚ ਚੌਥਾ ਗੁਰਦੁਆਰਾ: ਦੁਨੀਆ ਭਰ ਦੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਦੇ ਧਿਆਨ ਹੇਤ

ਅੰਤਮ ਸੱਚ ਨਾ ਮੈਨੂੰ ਪਤਾ ਨਾ ਤੁਹਾਨੂੰ ਇਸ ਨੂੰ ਜਾਣਨ ਦਾ ਅਧਿਕਾਰ ਕਾਦਰ ਨੇ ਸਿਰਫ਼ ਆਪਣੇ ਕੋਲ ਰੱਖਿਆ ਹੈ ਪਰ ਫੇਰ ਵੀ ਲੇਖਕਦੇ ਆਪਣੇ ਵੀ ਕੁਝ ਫ਼ਰਜ਼ ਹੁੰਦੇ ਹਨ ਜੋ ਇਮਾਨਦਾਰੀ ਨਾਲ ਨਿਭਾਉਣੇ ਚਾਹੀਦੇ ਹਨ। ਘਰੋਂ ਪੈਰ ਚੁੱਕਿਆਂ ਨੂੰ ਅੱਧੀ ਸਦੀ ਹੋ ਗਈ ਹੈ। ਮਹਾਨ ਮਾਲੀ ਵਾਹਿਗੁਰੂ ਦੇ ਸਾਜੇ ਹੋਏ, ”ਦੁਨੀ ਸੁਹਾਵਾ ਬਾਗ” ਦਾ ਵਾਹਵਾ ਸਾਰਾ ਹਿੱਸਾ, ਉਸ ਦੀ ਕਿਰਪਾ ਨਾਲ਼ ਗਾਹਿਆ ਹੈ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੀਆਂ ਅਣਗਿਣਤ ਛੋਟੀਆਂ ਅਤੇ ਆਲੀਸ਼ਾਨ ਇਮਾਰਤਾਂ ਦੇ ਦਰਸ਼ਨ ਕੀਤੇ। ਵੱਖੋ-ਵੱਖ ਪ੍ਰਬੰਧਕਾਂ ਨੂੰ ਨਵੇਖਿਆ। ਇਸ ਦੌਰਾਨ ਬਹੁਤ ਸਾਰੇ ਸੁਚੱਜੇ ਅਤੇ ਕੁਝ ਕੁਚੱਜੇ ਪ੍ਰਬੰਧਕਾਂ ਨਾਲ਼ ਵੀ ਵਾਹ ਪਿਆ। ਲਿਖਣ ਜਾਂ ਬੋਲਣ ਸਮੇ ਲੋੜ ਅਨੁਸਾਰ ਸਹੀ ਨੂੰ ਸਹੀ ਆਖਣ ਵਿਚ ਕੰਜੂਸੀ ਨਹੀਂ ਵਰਤੀ ਪਰ ਅਸਹੀ ਸੇਵਾਦਾਰਾਂ ਨੂੰ ਕੁਝ ਕਹਿਣ ਤੋਂ ਵੀ ਯੋਗ ਸ਼ਬਦਾਂ ਵਿਚ ਸੁਝਾ ਦੇਣ ਤੋਂ ਟਾਲਾ ਨਹੀਂ ਵੱਟਿਆ। ਇਸ ਕਰਕੇ ਕਈ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੇ ਨਾਰਾਜ਼ ਹੋ ਕੇ ਆਪਣੀਆਂ ਸਟੇਜਾਂ ਤੋਂ ਮੈਨੂੰ ਬੈਨ ਵੀ ਕਰੀ ਰੱਖਿਆ।

ਅੱਜ ਦੇ ਇਸ ਲੇਖ ‘ਚ ਹੁਣੇ-ਹੁਣੇ ਸ਼ੁਰੂ ਹੋਏ ‘ਗੁਰਦੁਆਰਾ ਸਾਹਿਬ ਮੌਡਬਰੀ ਨਾਰਥ’ ਜੋ ਕਿ ਨਵੇਂ ਸਾਲ ਯਾਨੀ 2023 ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਨਾਲ ਆਰੰਭ ਹੋਏ, ਬਾਰੇ ਗੱਲ ਕਰਦੇ ਹਾਂ। ਆਪਣੇ ਹੁਣ ਤੱਕ ਦੇ ਸਫ਼ਰ ‘ਚ ਇਸ ਵਾਰ ਕੁਝ ਵੱਖਰੇ ਜਿਹੇ ਕਿਸਮ ਦੇ ਵਰਤਾਰੇ ਦੇਖੇ ਅਤੇ ਮਹਿਸੂਸ ਕੀਤੇ। ਚੰਗਾ ਲੱਗਿਆ, ਪਸਕਣਾ? ਓਦੋਂ ਦੀ ਓਦੋਂ ਵੇਖਾਂਗੇ। ਅੱਜ ਜੇ ਕੁਝ ਨਵੀਂ ਪਿਰਤ ਪਾਈ ਜਾ ਰਹੀ ਹੈ ਤਾਂ ਉਸ ਦੀ ਯੋਗ ਸ਼ਬਦਾਂ ਵਿਚ ਪ੍ਰਸੰਸਾ ਕਰਨੀ ਬਣਦੀ ਹੀ ਹੈ।

ਬਹੁਤ ਸਾਰੀਆਂ ਚੀਜ਼ਾਂ ਇੱਥੇ ਪਹਿਲੀ ਵਾਰ ਦੇਖਣ ਨੂੰ ਮਿਲੀਆਂ ਜਿਵੇਂ ਕਿ:

੧. ਇਸ ਗੁਰਦੁਆਰਾ ਸਾਹਿਬ ਦਾ ਕੋਈ ਪ੍ਰਧਾਨ ਜਾਂ ਹੋਰ ਅਹੁਦੇਦਾਰ ਨਹੀਂ ਹੈ। ਇਹਨਾਂ ਦੇ ਸੰਵਿਧਾਨ ਮੁਤਾਬਿਕ ਸਿਰਫ਼ ਨੌਂ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਸੇਵਾ ਨਿਭਾਇਆ ਕਰਨਗੇ।

੨. ਪ੍ਰਬੰਧਕ ਚੁਣਨ ਲਈ ਕਦੇ ਚੋਣਾਂ ਨਹੀਂ ਹੋਣਗੀਆਂ ਬਲਕਿ ਸੰਗਤ ਵਿਚੋਂ ਸੇਵਾ ਦੇ ਚਾਹਵਾਨ ਸੱਜਣ, ਜੋ ਲਗਾਤਾਰ ਗੁਰਦੁਆਰਾ ਉਹਨਾਂ ਦੇ ਨਾਵਾਂ ਦੀਆਂ ਪਰਚੀਆਂ ਪਾ ਕੇ ਚੋਣ ਕੀਤੀ ਜਾਇਆ ਕਰੇਗੀ।

੩. ਇਸ ਗੁਰਦੁਆਰਾ ਸਾਹਿਬ ‘ਚ ਕੋਈ ਵੀ ਦਫ਼ਤਰ ਵੇਖਣ ਨੂੰ ਨਹੀਂ ਮਿਲਿਆ ਜਿਸ ਵਿਚ ਬੈਠੇ ਪ੍ਰਬੰਧਕ ਸੰਗਤ ਨਾਲੋਂ ਵੱਖਰੇ ਦਿਸਣ।

੪. ਗੁਰਦੁਆਰਾ ਸਾਹਿਬ ਦਾ ਮਾਇਕ ਗੁਰੂ ਦੇ ਗ੍ਰੰਥੀ ਸਿੰਘ ਜਾਂ ਸਿੱਖ ਧਰਮ ਦੇ ਪ੍ਰਚਾਰਕ ਤੋਂ ਬਿਨਾ ਹੋਰ ਕੋਈ ਵੀ ਸੱਜਣ ਵਰਤ ਨਹੀਂ ਸਕੇਗਾ। ਮਤਲਬ ਕਿ ਨਾ ਕੋਈ ਪ੍ਰਬੰਧਕ ਅਤੇ ਨਾ ਹੀ ਕੋਈ ਸਿਆਸੀ ਬੰਦਾ ਦਰਬਾਰ ਸਾਹਿਬ ਅੰਦਰ ਹਉਮੈ ਵੱਸ ਹੋ ਕੇ ਆਪਣੀ ਤਕਰੀਰ ਕਰ ਸਕੇਗਾ।

੫. ਦਰਬਾਰ ਸਾਹਿਬ ਵਿਚ ਸ਼ਬਦ ਗੁਰੂ ਤੇ ਸਿੱਖ ਇਤਿਹਾਸ ਤੋਂ ਬਿਨਾ ਕੋਈ ਵੀ ਗੱਲ ਕਰਨ ਦੀ ਮਨਾਹੀ ਹੋਵੇਗੀ।

੬. ਤਸਵੀਰਾਂ ਦਾ ਸਭਿਆਚਾਰ ਸਿੱਖ ਕੌਮ ਦਾ ਹਿੱਸਾ ਨਹੀਂ ਹੈ। ਸੋ ਕੋਈ ਵੀ ਤਸਵੀਰ ਇਸ ਗੁਰਦੁਆਰਾ ਸਾਹਿਬ ਵਿਚ ਨਹੀਂ ਲਾਈ ਜਾਵੇਗੀ।

੭. ਐਡੀਲੇਡ ‘ਚ ਇਹ ਪਹਿਲਾ ਗੁਰਦੁਆਰਾ ਸਾਹਿਬ ਹੋਵੇਗਾ ਜਿੱਥੇ ਹਰ ਰੋਜ਼ ਦੀਵਾਨ ਸਜਾਇਆ ਜਾਇਆ ਕਰੇਗਾ।

੮. ਪ੍ਰਬੰਧਕਾਂ ਨੇ ਆਧੁਨਿਕਤਾ ਨੂੰ ਵੀ ਬਾਖ਼ੂਬੀ ਵਰਤਦਿਆਂ ਸਭ ਕੁਝ ਆਨਲਾਈਨ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। ਸੰਗਤ ਨੇ ਭਹੋਵੇ, ਭਾਵੇਂ ਆਪਣੇ ਸੁਚੱਜੇ ਜੀਵਨ ਦਾ ਕੋਈ ਖ਼ਾਸ ਦਿਨ ਗੁਰਮਤਿ ਅਨੁਸਾਰ ਮਨਾਉਣਾ ਹੋਵੇ, ਉਹ ਆਨਲਾਈਨ ਹੀ ਆਪਣੀ ਬੁਕਿੰਗ ਖੁਦ ਹੀ ਕਰ ਸਕੇਗਾ।

੯. ਇਹਨਾਂ ਤੋਂ ਬਿਨਾਂ ਗੁਰਦੁਆਰਾ ਸਾਹਿਬ ‘ਚ ਲੱਗੇ ਚਾਰ ਵੱਡੇ ਬੋਰਡ ਹਨ, ਜੋ ਕਿ ਬੱਚਿਆਂ ਨੂੰ ਗੁਰੂ ਸਾਹਿਬਾਨ, ਪੰਜ ਪਿਆਦੀ ਪੈਂਤੀ ਦੁਆਰਾ ਸਿੱਖੀ ਜੀਵਨ ਵਿਚ ਸੁਵਰਤੋਂ ਸਿਖਾਉਂਦੇ ਹਨ, ਵੀ ਨਿਵੇਕਲੀ ਪਹਿਲ ਕਦਮੀ ਹੈ।

ਉਪਰ ਸਾਰੀਆਂ ਗੁਰਮਤਿ ਅਨੁਸਾਰ ਲਿਖੀਆਂ ਗਈਆਂ ਗੱਲਾਂ ਤੋਂ ਬਿਨਾ ਮੈਂ ਇਕ ਹੋਰ ਵਿਸ਼ੇਸ਼ ਗੱਲ ਵੀ ਵੇਖੀ ਜਿਹੜੀ ਗੁਰੂ ਘਰ ਦੀਆਂ ਸੇਵਾਵਾਂ ਨੂੰ ਸੁਚਾਰੂ ਰੂਪ ਵਿਚ ਚਲਾਉਣ ਵਾਸਤੇ, ਸੰਗਤਾਂ ਵੱਲੋਂ ਸ਼ਰਧਾ ਨਾਲ਼ ਭੇਟਾ ਕੀਤੀ ਗਈ ਮਾਇਆ ਨੂੰ ਹਰ ਰੋਜ ਪਾਰਦਰਸ਼ੀ ਤਰੀਕੇ ਨਾਲ਼ ਇੰਟਰਨੈਟ ਉਪਰ ਪੋਸਟ ਕਰਨਾ। ਇਸ ਨਾਲ਼ ਰੋਜ ਦੇ ਰੋਜ ਕਿੰਨੀ ਮਾਇਆ ਕਿੱਥੋਂ ਕਿੱਥੋਂ ਆਈ ਅਤੇ ਉਹ ਕਿੱਥੇ ਕਿੱਥੇ ਖ਼ਰਚ ਹੋਈ ਦਾ, ਸੰਗਤ ਨੂੰ ਪਤਾ ਲੱਗਦਾ ਰਹੇ। ਕਈ ਥਾਵਾਂ ‘ਤੇ ਸਿੱਖ ਸੰਸਥਾਵਾਂ ਦੇ ਬਜਟ ਬਾਰੇ, ਸੰਗਤਾਂ ਵਿਚੋਂ ਕੁਝ ਸੂਝਵਾਨ ਸੱਜਣਾਂ ਨੂੰ, ਇਹ ਸ਼ਿਕਾਇਤ ਰਹੀ ਹੈ ਕਿ ਆਈ ਮਾਇਆ ਦੀ ਸੁਚੱਜੀ ਵਰਤੋਂ ਵਿਚ ਅਣਗਹਿਲੀ ਹੋ ਜਾਂਦੀ ਹੈ। ਸੰਗਤ ਨੂੰ ਸਮੇ ਸਮੇ ਇਸ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ।

ਭਾਵੇਂ ਮੈਂ ਏਥੇ ਦੁਨੀਆ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ‘ਤੇ ਕੋਈ ਕਿੰਤੂ ਨਹੀਂ ਕਰ ਰਿਹਾ ਕਿਉਂਕਿ ਸਾਰੇ ਆਪਣੇ ਆਪਣੇ ਥਾਂ, ਵਿੱਤ ਅਨੁਸਾਰ ਚੰਗਾ ਕਾਰਜ ਕਰ ਰਹੇ ਹਨ ਪਰ ਸੰਗਤ ਦਾ ਕਈ ਥਾਂ ਅਕਸਰ ਪ੍ਰਬੰਧਕਾਂ ਨਾਲ ਗਿਲ੍ਹਾ ਰਹਿੰਦਾ ਹੈ ਕਿ ਉਹ ਸੰਗਤ ਨੂੰ ਬਜਟ ਬਾਰੇ ਨਹੀਂ ਦੱਸਦੇ। ਇਸ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਸੰਗਤ ਦਾ ਇਹ ਗਿਲ੍ਹਾ ਦੂਰ ਕਰ ਦਿਤਾ ਹੈ। ਜੇ ਇਸ ਤਰੀਕੇ ਦਾ ਪ੍ਰਬੰਧ ਲੰਮਾ ਸਮਾ ਸਹੀ ਚੱਲਦਾ ਰਿਹਾ ਤਾਂ ਬਾਕੀ ਸਿੱਖ ਸੰਸਥਾਵਾਂ ਦੇ ਪ੍ਰਬੰਧਕ ਵੀ ਇਸ ਤੋਂ ਪ੍ਰੇਰਨਾ ਲੈ ਸਕਦੇ ਹਨ।