ਉਚ ਤਕਨੀਕ ਦੀਆਂ ਝਲਕਾਂ ਵਿਖਾਉਂਦਾ ਨਿਊਜ਼ੀਲੈਂਡ ‘ਚ ਚਾਰ ਦਿਨਾਂ ਕਿਸਾਨ ਮੇਲਾ ਸਮਾਪਤ-ਪੰਜਾਬੀਆਂ ਨੇ ਵੀ ਕੀਤੀ ਸ਼ਿਰਕਤ

NZ PIC 13 June-1 ਨਿਊਜ਼ੀਲੈਂਡ ਦੇ ਵਿਚ ਕਿਰਸਾਨੀ ਅਤੇ ਕਿਸਾਨ ਦੇ ਲਈ ਉਚ ਤਕਨੀਕ ਦੀਆਂ ਝਲਕਾਂ ਪਾਉਂਦਾ ਨਿਊਜ਼ੀਲੈਂਡ ਦਾ 47ਵਾਂ ਚਾਰ ਦਿਨਾਂ ਕਿਸਾਨ ਮੇਲਾ (ਫੀਲਡੇਅਜ਼) ਅੱਜ ਕਿਸਾਨਾਂ ਦੇ ਚਿਹਰੇ ‘ਤੇ ਮੁਸਕਰਾਹਟਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ। 113 ਹੈਕਟੇਅਰ ‘ਚ ਫੈਲੇ ਇਸ ਮੇਲੇ ਦੇ ਵਿਚ ਲਗਪਗ ਡੇਢ ਲੱਖ ਤੋਂ ਉਪਰ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਸੈਂਕੜੇ ਕੰਪਨੀਆਂ ਨੇ ਆਪਣੇ ਸਟਾਲ ਲਗਾਏ। ਨਿਊਜ਼ੀਲੈਂਡ ਦੇ ਵਿਚ ਕਿਰਸਾਨਾਂ ਅਤੇ ਡੇਅਰੀ ਫਾਰਮਿੰਗ ਦੇ ਵਾਸਤੇ ਵਰਤੇ ਜਾਂਦੇ ਔਜ਼ਾਰ, ਮਸ਼ੀਨਰੀ, ਟਰੈਕਟਰ, ਟਰੇਲਰ, ਫਾਲੇ, ਤਵੀਆਂ, ਕਰਾਹ, ਸਿੰਚਾਈ ਸਾਧਨ, ਆਟੋਮੈਟਿਕ ਦੁੱਧ ਚੋਣ ਦਾ ਸਿਸਮਟ, ਲੱਕੜ ਦੀ ਕਟਾਈ, ਵਾਟਰ ਪਿਊਰੀਫਾਈ ਸਿਸਟਮ, ਨਵੇਂ ਵਾਹਨ, ਕਾਰਾਂ, ਜੀਪਾਂ, ਮੋਟਰਸਾਈਕਲ, ਫਾਰਮ ਬਾਈਕ, ਪਲਾਂਟਿੰਗ ਮਸ਼ੀਨਾਂ, ਖਾਦ ਖਿਲਾਰਨ ਵਾਲੀਆਂ ਮਸ਼ੀਨਾਂ, ਸਪ੍ਰੇਅ ਗੰਨਾਂ, ਗਾਵਾਂ ਦੀ ਖੁਰਾਕ, ਗਲਾਸ ਹਾਊਸ ਸਮੇਤ ਹੋਰ ਬਹੁਤ ਸਾਰੀ ਨਵੀਂ ਮਸ਼ੀਨਰੀ ਵੇਖਣ ਨੂੰ ਮਿਲੀ। ਇਸ ਮੇਲੇ ਦੇ ਵਿਚ ਇਕ ਅੰਦਾਜ਼ੇ ਮੁਤਾਬਿਕ ਲਗਪਗ 38 ਮੁਲਕਾਂ ਦੇ ਲੋਕ ਸ਼ਾਮਿਲ ਹੁੰਦੇ ਹਨ। ਜਿੱਥੇ ਨਿਊਜ਼ੀਲੈਂਡ ਦੇ ਗੋਰਿਆਂ ਨੇ ਇਸ ਮੇਲੇ ਵਿਚ ਪਰਿਵਾਰਾਂ ਸਮੇਤ ਖਾਸ ਦਿਲਚਸਪੀ ਵਿਖਾਈ ਉਥੇ ਪੰਜਾਬੀ ਕਿਰਸਾਨ ਅਤੇ ਬਿਜ਼ਨਸ ਮੈਨ ਵੀ ਖਾਸ ਤੌਰ ‘ਤੇ ਪਹੁੰਚੇ ਹੋਏ ਸਨ। ਡਰੂਰੀ ਫ੍ਰੈਸ਼ ਕੰਪਨੀ ਦੇ ਮਾਲਕ ਸ. ਬਲਬੀਰ ਸਿੰਘ ਪਾਬਲਾ, ਜਸਵੀਰ ਸਿੰਘ ਪੱਲੀ ਝਿੱਕੀ, ਅਰਸ਼ਦੀਪ ਸਿੰਘ ਪਾਬਲਾ ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਬਿਜਨਸਮੈਨ ਸ. ਕੁਲਵਿੰਦਰ ਸਿੰਘ ਰੁੜਕੀ ਖਾਸ ਨੇ ਵੀ ਇਸ ਮੇਲੇ ਦੇ ਵਿਚ ਪਹੁੰਚ ਕੇ ਬਹੁਤ ਸਾਰੀਆਂ ਨਵੀਂਆਂ ਵਸਤਾਂ ਦੀ ਵਰਤੋਂ ਬਾਰੇ ਜਾਣਿਆ ਅਤੇ ਖ੍ਰੀਦੋ-ਫਰੋਖਤ ਕੀਤੀ। 1969 ਦੇ ਵਿਚ ਪਹਿਲੀ ਵਾਰ ਇਹ ਕਿਸਾਨ ਮੇਲਾ 10,500 ਡਾਲਰ ਦੇ ਬੱਜਟ ਨਾਲ ਸ਼ੁਰੂ ਕੀਤਾ ਗਿਆ ਸੀ ਜੋ ਕਿ ਹੁਣ ਕਈ ਮਿਲੀਅਨ ਡਾਲਰ ਤੱਕ ਪੁੱਜ ਗਿਆ ਹੈ। ਇਸ ਕਿਸਾਨ ਮੇਲੇ ਦੇ ਵਿਚ ਜਿੱਥੇ ਪੁਰਾਣੇ ਮਾਡਲ ਦੇ ਟਰੈਕਟਰ ਲੋਕਾਂ ਨੂੰ ਵੇਖਣ ਨੂੰ ਮਿਲੇ ਉਥੇ ਨਿਊਜ਼ੀਲੈਂਡ ਪੁਲਿਸ ਦਾ ਇਥੇ ਦੀ ਕਿਰਸਾਨੀ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਭਾਵ ਨਾਲ ਤਿਆਰ ਟ੍ਰੈਕਟਰ ਵੀ ਲੋਕਾਂ ਦੀ ਖਿਚ ਦਾ ਹਿੱਸਾ ਬਣਿਆ ਰਿਹਾ। ਇਸ ਦਾ ਭਾਵ ਇਹ ਸੀ ਕਿ ਨਿਊਜ਼ੀਲੈਂਡ ਪੁਲਿਸ ਰੂਰਲ ਕਮਿਊਨਿਟੀ ਦੇ ਪੱਧਰ ਉਤੇ ਜਾ ਕੇ ਉਨ੍ਹਾਂ ਨੂੰ ਸਹਿਯੋਗ ਦੇਣ ਵਿਚ ਵਿਸ਼ਵਾਸ਼ ਰੱਖਦੀ ਹੈ।
ਇੰਡੀਆ ਦਾ ਮਸ਼ਹੂਰ ਕੰਪਨੀ ‘ਮਹਿੰਦਰਾ’ ਵੱਲੋਂ ਵੀ ਇਥੇ ਖਾਸ ਤੌਰ ‘ਤੇ ਸਟਾਲ ਲਗਾਇਆ ਗਿਆ ਸੀ ਜਿਸ ਦੇ ਵਿਚ ਟਰੈਕਟਰ, ਜੀਪਾਂ, ਕਾਰਾਂ ਅਤੇ ਯੂਟ ਆਦਿ ਸ਼ਾਮਿਲ ਕੀਤੇ ਗਏ ਸਨ।

Install Punjabi Akhbar App

Install
×