ਨਿਊ ਸਾਊਥ ਵੇਲਜ਼ ਵਿੱਚ ਘਰਾਂ ਆਦਿ ਦੀ ਮੁਰੰਮਤ ਲਈ ਅਤੇ ਸਥਾਨਕ ਰੌਜ਼ਗਾਰ ਵਧਾਉਣ ਲਈ ਮਾਲੀ ਮਦਦ

ਜਲ ਸਪਲਾਈ, ਜਾਇਦਾਦਾਂ ਅਤੇ ਹਾਊਸਿੰਗ ਵਿਭਾਗਾਂ ਦੇ ਮੰਤਰੀ ਮੈਲਿੰਡਾ ਪਾਵੇ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਸਰਕਾਰ ਨੇ 31 ਅਜਿਹੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਰਾਹੀਂ ਕਿ ਕਮਿਊਨਿਟੀ ਹਾਊਸਿੰਗ ਪ੍ਰੋਵਾਈਡਰਜ਼ (CHPs) ਰਾਹੀਂ ਜਨਤਕ ਤੌਰ ਤੇ 40 ਮਿਲੀਅਨ ਡਾਲਰਾਂ ਦਾ ਭੁਗਤਾਨ ਸਮਾਜਿਕ ਤੌਰ ਉਪਰ ਘਰਾਂ ਦੇ ਮੁਰੰਮਤ ਜਾਂ ਨਵ-ਨਿਰਮਾਣ ਆਦਿ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸਥਾਨਕ ਲੋਕਾਂ ਨੂੰ ਰੌਜ਼ਗਾਰ ਮਿਲੇਗਾ ਅਤੇ ਰਾਜ ਦੀ ਅਰਥ ਵਿਵਸਥਾ ਵਿੱਚ ਵੀ ਇਸ ਦਾ ਭਰਪੂਰ ਯੋਗਦਾਨ ਰਹੇਗਾ। ਇਸ ਦੇ ਤਹਿਤ ਰਾਜ ਦੇ ਲੈਂਡ ਐਂਡ ਹਾਊਸਿੰਗ ਕਾਰਪੋਰੇਸ਼ਨ (LAHC) ਦੇ ਤਹਿਤ 2000 ਅਜਿਹੀਆਂ ਪ੍ਰਾਪਰਟੀਆਂ ਦੀ ਮੁਰੰਮਤ ਆਦਿ ਦਾ ਕੰਮ ਸਿਰੇ ਚਾੜ੍ਹਿਆ ਜਾਵੇਗਾ ਜੋ ਕਿ ਸੀ.ਐਚ.ਪੀਆਂ ਵੱਲੋਂ ਸਾਂਭੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ 55% ਖੇਤਰੀ ਸਥਾਨਾਂ ਉਪਰ ਵੀ ਮੌਜੂਦ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ 350 ਰੌਜ਼ਗਾਰ ਦੇ ਮੌਕੇ ਪ੍ਰਦਾਨਹੋਣਗੇ ਅਤੇ ਅੱਧੇ ਤੋਂ ਵੀ ਜ਼ਿਆਦਾ ਤਾਂ ਖੇਤਰੀ ਇਲਾਕਿਆਂ ਵਿੱਚ ਹਨ ਅਤੇ ਖੇਤਰੀ ਨਿਊ ਸਾਊਥ ਵੇਲਜ਼ ਨੂੰ ਇਸ ਬਾਬਤ 1 ਮਿਲੀਅਨ ਡਾਲਰਾਂ ਦੀ ਗ੍ਰਾਂਟ ਮੁਹੱਈਆ ਕਰਵਾਈ ਵੀ ਜਾ ਚੁਕੀ ਹੈ।
ਉਪਰੋਕਤ ਪ੍ਰਾਜੈਕਟ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ 900 ਮਿਲਅਨ ਡਾਲਰਾਂ ਵਾਲੇ ਪ੍ਰਾਜੈਕਟ ਦਾ ਹੀ ਹਿੱਸਾ ਹੈ ਜਿਸ ਰਾਹੀਂ ਕਿ ਰਾਜ ਸਰਕਾਰ ਨੇ ਨਵੇਂ ਘਰਾਂ ਦੇ ਨਿਰਮਾਣ ਆਦਿ ਦਾ ਕੰਮ ਉਲੀਕਿਆ ਅਤੇ ਆਰੰਭਿਆ ਹੋਇਆ ਹੈ ਅਤੇ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਜਿੱਥੇ ਘਰਾਂ ਦੀ ਚਾਰ ਦਿਵਾਰੀ ਮੁਹੱਈਆ ਹੋ ਰਹੀ ਹੈ ਉਥੇ ਹੀ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਰੌਜ਼ਗਾਰ ਵੀ ਪ੍ਰਾਪਤ ਹੋ ਰਿਹਾ ਹੈ।
ਇਸ ਨਵੇਂ ਪ੍ਰਾਜੈਕਟ ਦੇ ਤਹਿਤ 330 ਬਾਥਰੂਮਾਂ ਦਾ ਨਵ-ਨਿਰਮਾਣ; 380 ਰਸੋਈ ਘਰਾਂ ਦਾ ਨਵ-ਨਿਰਮਾਣ; 290 ਛੱਤਾਂ ਦਾ ਨਵ-ਨਿਰਮਾਣ; 950 ਬਾਹਰੀ ਪੇਂਟਿੰਗ ਆਦਿ ਦੇ ਕੰਮ ਅਤੇ 230 ਖਿੜਕੀਆਂ ਆਦਿ ਦਾ ਬਦਲਾਅ ਵਰਗੇ ਕੰਮ ਸ਼ਾਮਿਲ ਹਨ।

Install Punjabi Akhbar App

Install
×