401 ਲੋਕ ਸਭਾ ਮੈਂਬਰਾਂ ਨੇ ਆਪਣੀ ਜਾਇਦਾਦ ਦੇ ਵੇਰਵੇ ਅਜੇ ਤਕ ਨਸ਼ਰ ਨਹੀਂ ਕੀਤੇ

ਰਾਹੁਲ ਗਾਂਧੀ, ਸੋਨੀਆ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ ਅਤੇ ਰਾਜਨਾਥ ਸਿੰਘ ਸਮੇਤ ਮੌਜੂਦਾ 401 ਲੋਕ ਸਭਾ ਮੈਂਬਰਾਂ ਨੇ ਅਜੇ ਤਕ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦੇ ਵੇਰਵੇ ਨਸ਼ਰ ਨਹੀਂ ਕੀਤੇ। ਲੋਕ ਸਭਾ ਸਕੱਤਰੇਤ ਨੇ ਸੂਚਨਾ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿਚ ਦੱਸਿਆ ਕਿ ਅਜੇ 401 ਮੈਂਬਰਾਂ ਦੇ ਜਾਇਦਾਦ ਦੇ ਵੇਰਵਿਆਂ ਬਾਰੇ ਉਡੀਕ ਕੀਤੀ ਜਾ ਰਹੀ ਹੈ। ਲੋਕ ਸਭਾ ਮੈਂਬਰਾਂ ਲਈ ਜਾਇਦਾਦ ਨਿਯਮ 2004 ਦੇ ਐਲਾਨਨਾਮੇ ਮੁਤਾਬਕ ਇਕ ਮੈਂਬਰ ਨੂੰ ਸਹੁੰ ਚੁੱਕਣ ਤੋਂ 90 ਦਿਨ ਦੇ ਅੰਦਰ ਅੰਦਰ ਆਪਣੀ ਜਾਇਦਾਦ ਦੇ ਵੇਰਵੇ ਨਸ਼ਰ ਕਰਨੇ ਹੁੰਦੇ ਹਨ। ਲੋਕ ਸਭਾ ਦੇ ਸੰਸਦ ਮੈਂਬਰ ਜਿਨ੍ਹਾਂ ਨੇ ਅਜੇ ਤਕ ਜਾਇਦਾਦ ਅਤੇ ਦੇਣਦਾਰੀ ਦੇ ਵੇਰਵੇ ਪੇਸ਼ ਨਹੀਂ ਕੀਤੇ ਉਨ੍ਹਾਂ ਵਿਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਉਮਾ ਭਾਰਤੀ, ਨਿਤਿਨ ਗਡਕਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਸ਼ਾਮਿਲ ਹਨ। ਲੋਕ ਸਭਾ ਸਕੱਤਰੇਤ ਨੇ ਦੱਸਿਆ ਕਿ ਜਦੋਂ 26 ਸਤੰਬਰ ਨੂੰ ਆਰ. ਟੀ. ਆਈ. ਮਿਲੀ ਉਦੋਂ ਤਕ ਇਸ ਸਬੰਧੀ ਮੈਂਬਰਾਂ ਨੂੰ ਕੋਈ ਸੰਦੇਸ਼ ਨਹੀਂ ਭੇਜਿਆ ਗਿਆ ਸੀ। ਆਰ. ਟੀ. ਆਈ. ਦੇ ਜਵਾਬ ਮੁਤਾਬਕ 209 ਭਾਜਪਾ ਮੈਂਬਰਾਂ ਨੇ ਅਜੇ ਤਕ ਆਪਣੀ ਜਾਇਦਾਦ ਦੇ ਵੇਰਵੇ ਨਹੀਂ ਦੱਸੇ। ਇਸੇ ਤਰ੍ਹਾਂ ਕਾਂਗਰਸ ਦੇ 31, ਤ੍ਰਿਣਮੂਲ ਕਾਂਗਰਸ ਦੇ 27, ਬੀਜੂ ਜਨਤਾ ਦਲ 18, ਸ਼ਿਵ ਸੈਨਾ 15, ਤੇਲਗੂ ਦੇਸਮ ਪਾਰਟੀ 14, ਅੱਨਾ ਡੀ. ਐਮ. ਕੇ 9, ਤੇਲੰਗਾਨਾ ਰਾਸ਼ਟਰੀ ਸਮਿਤੀ 8, ਵਾਈ ਐਸ ਆਰ ਕਾਂਗਰਸ 7 ਅਤੇ ਲੋਕ ਜਨਸ਼ਕਤੀ ਪਾਰਟੀ, ਐਨ. ਸੀ. ਪੀ., ਅਤੇ ਸਮਾਜਵਾਦੀ ਪਾਰਟੀ 4-4, ਅਕਾਲੀ ਦਲ, ਰਾਸ਼ਟਰੀ ਜਨਤਾ ਦਲ ਅਤੇ ਆਪ ਦੇ ਤਿੰਨ ਅਤੇ ਜਨਤਾ ਦਲ ਯੂ ਅਤੇ ਆਪਣਾ ਦਲ ਦੇ ਦੋ-ਦੋ ਮੈਂਬਰਾਂ ਨੇ ਅੱਜ ਤਕ ਆਪਣੀ ਜਾਇਦਾਦ ਦੇ ਵੇਰਵੇ ਨਹੀਂ ਦਿੱਤੇ। ਜਿਨ੍ਹਾਂ ਮੈਂਬਰਾਂ ਨੇ ਵੇਰਵੇ ਨਹੀਂ ਦਿੱਤੇ ਉਨ੍ਹਾਂ ਖਿਲਾਫ ਜਾਇਦਾਦ ਅਤੇ ਦੇਣਦਾਰੀ ਡੈਕਲਾਰੇਸ਼ਨ ਨਿਯਮ 2004 ਦੀਆਂ ਧਾਰਾਵਾਂ 5 ਤੇ 6 ਅਤੇ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 75 (ਏ) ਤਹਿਤ ਕਾਰਵਾਈ ਕੀਤੀ ਜਾਵੇਗੀ। ਹੋਰ ਜਿਨ੍ਹਾਂ ਸੰਸਦ ਮੈਂਬਰਾਂ ਨੇ ਆਪਣੀ ਜਾਇਦਾਦ ਦੇ ਵੇਰਵੇ ਨਹੀਂ ਦਿੱਤੇ ਉਨ੍ਹਾਂ ਵਿੱਚ ਕੇਂਦਰੀ ਮੰਤਰੀ ਹਰਸ਼ ਵਰਧਨ, ਰਾਧਾ ਮੋਹਨ ਸਿੰਘ, ਅਨੰਤ ਗੀਤੇ, ਅਨੰਤ ਕੁਮਾਰ, ਰਾਮਵਿਲਾਸ ਪਾਸਵਾਨ, ਕੈਪਟਨ ਅਮਰਿੰਦਰ ਸਿੰਘ, ਵੀਰੱਪਾ ਮੋਇਲੀ, ਮਹਿਬੂਬਾ ਮੁਫਤੀ, ਉਪੇਂਦਰ ਖੁਸ਼ਵਾਹਾ, ਕਿਰਨ ਰਿਜੀਜੂ ਅਤੇ ਸੁਪਰੀਆ ਸੁਲੇ ਸ਼ਾਮਿਲ ਹੈ।

Install Punjabi Akhbar App

Install
×