ਬਠਿੰਡਾ ਰੇਂਜ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਡੀ.ਆਈ.ਜੀ. ਬਠਿੰਡਾ ਰੇਂਜ ਏ.ਐੱਸ. ਚਾਹਲ ਨੇ ਸਿਵਲ ਹਸਪਤਾਲ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਸ਼ਾਮ ਔਰਬਿਟ ਬੱਸ ਵਿਚ ਹੋਈ ਦਰਦਨਾਕ ਘਟਨਾ ਦੇ ਚਾਰੇ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਜਿਨ੍ਹਾਂ ਨੂੰ ਪੇਸ਼ ਅਦਾਲਤ ਕਰਕੇ ਉਨ੍ਹਾਂ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਂਡ ਦੀ ਇਨਕੁਆਰੀ ਕਰਨ ਲਈ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਨੇ ਏ.ਡੀ.ਜੀ.ਪੀ. ਕ੍ਰਾਈਮ ਇਕਬਾਲ ਸਹੋਤਾ ਦੀ ਡਿਊਟੀ ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਅਤਿ ਨਿੰਦਣਯੋਗ ਅਤੇ ਮੰਦਭਾਗੀ ਹੈ। ਇਸ ਲਈ ਇਸ ਮਾਮਲੇ ‘ਤੇ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਖ਼ੁਦ ਨਜ਼ਰ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਉੱਪਰ ਜਿੱਥੇ ਐੱਸ.ਟੀ.ਐੱਸ.ਸੀ. ਧਾਰਾ ਲਗਾਈ ਗਈ ਹੈ ਉੱਥੇ ਨਾਲ ਹੀ 3/4 ਪ੍ਰੋਵੈਨਸ਼ਨ ਆਫ਼ ਚਿਲਡਰਨ ਸ਼ੈਕਸੂਅਲ ਐਕਟ ਵੀ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਪੀੜਤ ਔਰਤ ਦਾ ਇਲਾਜ ਵੀ ਆਪਣੇ ਖ਼ਰਚੇ ‘ਤੇ ਕਰਵਾਇਆ ਜਾ ਰਿਹਾ ਹੈ ਜਦੋਂ ਕਿ ਮ੍ਰਿਤਕ ਲੜਕੀ ਦੀ ਲਾਸ਼ ਸਿੰਘਾਂਵਾਲਾ ਦੇ ਮ੍ਰਿਤਕ ਦੇਹ ਸੰਭਾਲ ਘਰ ਵਿਚ ਰੱਖੀ ਗਈ ਹੈ ਤੇ ਪਰਿਵਾਰ ਨੂੰ ਪੋਸਟ ਮਾਰਟਮ ਕਰਨ ਲਈ ਵੀ ਮਨਾਇਆ ਜਾ ਰਿਹਾ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਨਾਲ ਉਨ੍ਹਾਂ ਦਾ ਪੁਲਿਸ ਰਿਮਾਂਡ ਵੀ ਲਿਆ ਗਿਆ ਹੈ ਤੇ ਬੱਸ ਨੂੰ ਥਾਣੇ ਵਿਚ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਦੋਸ਼ੀਆਂ ਤੋਂ ਇਹ ਕਾਰਾ ਕਰਨ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਕਿਸੇ ਦਾ ਵੀ ਸਿਆਸੀ ਦਬਾਅ ਨਹੀਂ ਮੰਨਿਆਂ ਜਾਵੇਗਾ।