ਖੇਡਾਂ ਤੇ ਸਭਿਆਚਾਰ ਦਾ ਮੇਲਾ -ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਹੋਣਗੀਆਂ 27-28 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ

22 ਤੋਂ 28 ਨਵੰਬਰ ਤੱਕ ‘ਪੰਜਾਬੀ ਭਾਸ਼ਾ ਹਫਤਾ’ ਵੀ ਮਨਾਇਆ ਜਾਵੇਗਾ

(ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਉਪਰੰਤ ਪ੍ਰਬੰਧਕ ਅਤੇ ਭਾਈਚਾਰੇ ਦੇ ਲੋਕ ਸਾਂਝੀ ਤਸਵੀਰ ਖਿਚਵਾਉਂਦੇ ਹੋਏ)

ਔਕਲੈਂਡ :ਸਾਲ 2019 ਦੇ ਵਿਚ ਪਹਿਲੀ ਵਾਰ ਸ਼ੁਰੂ ਹੋਈਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਆਪਣੇ ਤੀਜੇ ਸਾਲ ਦੇ ਸਫ਼ਰ ਉਤੇ ਹਨ। ਅੱਜ ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਕਾਨਫਰੰਸ ਹਾਲ ਦੇ ਵਿਚ ਹੋਏ ਇਕ ਭਰਵੇਂ ਇਕੱਠ ਦੇ ਵਿਚ ਸਾਲ 2021 ਦੀਆਂ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਐਲਾਨ ਕਰ ਦਿੱਤਾ ਗਿਆ। ਇਹ ਖੇਡਾਂ ਇਸ ਸਾਲ 27 ਅਤੇ 28 ਨਵੰਬਰ (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਪਹਿਲਾਂ ਵਾਲੇ ਸਥਾਨ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਹੋਣਗੀਆਂ। ਦੋ ਦਿਨਾਂ ਇਨ੍ਹਾਂ ਖੇਡਾਂ ਦੇ ਵਿਚ ਸਭਿਆਚਾਰਕ ਸਟੇਜ ਵੀ ਲੱਗਣੀ ਹੈ ਅਤੇ ਪੂਰਾ ਮੇਲੇ ਵਰਗਾ ਮਾਹੌਲ ਸਿਰਜਿਆ ਜਾਣਾ ਹੈ। ਇਸਦੇ ਨਾਲ ਹੀ 22 ਨਵੰਬਰ ਤੋਂ 28 ਨਵੰਬਰ ਤੱਕ ਦੂਜਾ ਪੰਜਾਬੀ ਭਾਸ਼ਾ ਹਫਤਾ ਵੀ ਮਨਾਇਆ ਜਾਵੇਗਾ।
ਤਰੀਕਾਂ ਦੀ ਘੁੰਢ ਚੁਕਾਈ ਦੇ ਇਸ ਸਮਾਮਗ ਦੀ ਸ਼ੁਰੂਆਤ ਸ. ਪਰਮਿੰਦਰ ਸਿੰਘ ਅਤੇ ਸ. ਸ਼ਰਨਜੀਤ ਸਿੰਘ ਨੇ ਸਾਂਝੇ ਰੂਪ ਵਿਚ ਆਏ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਜੀ ਆਇਆਂ ਆਖ ਕੇ ਕੀਤੀ। ਇਸਦੇ ਨਾਲ ਹੀ ਹਾਊਸਕੀਪਿੰਗ ਰੂਲਜ ਦੱਸਦਿਆਂ ਸਮਾਗਮ ਦੀ ਆਰੰਭਤਾ ਕੀਤੀ ਗਈ। ਸਿੱਖ ਖੇਡਾਂ ਦੀ ਸਮੁੱਚੀ ਕਮੇਟੀ ਨੂੰ ਵਾਰੀ-ਵਾਰੀ ਬੁਲਾ ਕੇ ਵਿਸ਼ੇਸ਼ ਸੀਟਾਂ ਉਤੇ ਬੈਠਣ ਲਈ ਕਿਹਾ ਗਿਆ।  ਖੇਡਾਂ ਦੀ ਟੈਕਨੀਕਲ ਟੀਮ ਦੇ ਨਾਲ ਜਾਣ-ਪਛਾਣ ਕਰਵਾਈ ਗਈ। ਨਵਤੇਜ ਰੰਧਾਵਾ ਨੇ ਪਿਛਲੇ ਦੋ ਸਾਲਾਂ ਦਾ ਤੱਤਸਾਰ ਪੇਸ਼ ਕੀਤਾ। ਸ. ਹਰਜਿੰਦਰ ਸਿੰਘ ਬਸਿਆਲਾ ਨੇ ਤੀਜੀਆਂ ਖੇਡਾਂ ਦੇ ਲਈ ਵਿਸ਼ੇਸ਼ ਤੌਰ ’ਤੇ ਲਿਖੀ ਕਵਿਤਾ ਪੇਸ਼ ਕੀਤੀ।
ਕਮਲਪ੍ਰੀਤ ਸਿੰਘ ਵੱਲੋਂ ਤਿਆਰ ਵੀਡੀਓ ਕਲਿੱਪਾਂ ਦਾ ਇਕ ਸੰਗ੍ਰਹਿ ਸਕਰੀਨ ਉਤੇ ਚਲਾ ਕੇ ਪਿਛਲੇ ਦੋ ਸਾਲਾਂ ਦੀਆਂ ਖੇਡਾਂ ਉਤੇ ਪੰਛੀ ਝਾਤ ਪਵਾਈ ਗਈ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਨੇ ਉਦਘਾਟਨੀ ਭਾਸ਼ਣ ਦਿੱਤਾ। ਉਪਰੰਤ ਸਮੁੱਚੀ ਕਮੇਟੀ ਦੀ ਮੌਜੂਦਗੀ ਦੇ ਵਿਚ ਇਕ ਛੋਟੇ ਬੱਚੇ ਤੇਗ ਸਿੰਘ ਬੈਂਸ ਵੱਲੋ ਬਟਨ ਦਬਾ ਕੇ ਤੀਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਤਰੀਕਾਂ ਨੂੰ ਸਕਰੀਨ ਉਤੇ ਪ੍ਰਗਟ ਕਰ ਦਿੱਤਾ ਗਿਆ। ਸਿੱਖ ਖੇਡਾਂ ਦਾ ਮੁੱਖ ਉਦੇਸ਼ ਸਿਹਤਮੰਦ ਰਹਿੰਦਿਆਂ ਸਿੱਖ ਖੇਡਾਂ, ਸਿੱਖ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣਾ ਅਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨਾਲ ਜੁੜੇ ਰਹਿਣਾ ਹੈ।  ਸੰਬੋਧਨ ਕਰਨ ਵਾਲਿਆਂ ਦੇ ਵਿਚ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਸ. ਪਿ੍ਰਥੀਪਾਲ ਸਿੰਘ ਬਸਰਾ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਤੋਂ ਹੰਸ ਰਾਜ, ਗੁਰਦੁਆਰਾ ਬੇਗਮਪੁਰਾ ਸਾਹਿਬ ਤੋਂ ਸ੍ਰੀ, ਗੁਰਦੁਆਰਾ ਸਾਹਿਬ ਨਾਨਕਸਰ, ਗੁਰਦੁਆਰਾ ਸਾਹਿਬ ਸਿੱਖ ਸੰਗਤ. ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਤੋਂ ਵੀ ਹਾਜ਼ਰੀ ਲਗਵਾਈ ਗਈ। ਇੰਡੋ ਸਪਾਈਸ ਤੋਂ ਸ. ਤੀਰਥ ਸਿੰਘ ਅਟਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਪੂਰੀ ਸਪੁਰੋਟ ਰਹੇਗੀ ਅਤੇ ਇਸ ਵਾਰ ਐਤਵਾਰ 28 ਨਵੰਬਰ ਨੂੰ ਦੁਪਹਿਰ 3 ਤੋਂ 4 ਵਜੇ ਤੱਕ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਰੋਟਰੀ ਕਲੱਬ ਤੋਂ ਸ. ਕੁਲਬੀਰ ਸਿੰਘ ਨੇ ਪੂਰਨ ਹਮਾਇਤ ਦਿੰਦਿਆ ਇਨ੍ਹਾਂ ਖੇਡਾਂ ਦੀ ਸਫਲਤਾ ਲਈ ਸ਼ੁੱਭਾ ਇਛਾਵਾਂ ਦਿੱਤੀਆਂ। ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਇਨ੍ਹਾਂ ਖੇਡਾਂ ਨੂੰ ਭਾਈਚਾਰੇ ਵੱਲੋਂ ਸਲਾਹਿਆ ਗਿਆ ਵੱਡਾ ਉਦਮ ਦੱਸਿਆ। ਮੈਡਮ ਇੰਦੂ ਬਾਜਵਾ ਨੇ ਪ੍ਰਭਾਵਸ਼ਾਲੀ ਸ਼ਬਦਾਂ ਨਾਲ ਪੂਰਨ ਹਮਾਇਤ ਦਿੱਤੀ। ਕਬੱਡੀ ਫੈਡਰੇਸ਼ਨ ਵੱਲੋਂ ਹਰਪ੍ਰੀਤ ਸਿੰਘ ਗਿੱਲ ਰਾਏਸਰ, ਵਾਇਕਾਟੋ ਸ਼ਹੀਦ-ਏ-ਆਜ਼ਿਮ ਸਪੋਰਟਸ ਐਂਡਕਲਚਰਲ ਟ੍ਰਸਟ ਵੱਲੋਂ ਸ.ਜਰਨੈਲ ਸਿੰਘ ਰਾਹੋਂ ਜੋ ਕਿ ਬੱਸ ਭਰ ਕੇ ਹਮਿਲਟਨ ਤੋਂ ਪਹੁੰਚੇ ਹੋਏ ਸਨ, ਨੇ ਆਖਿਆ ਕਿ ਉਹ ਇਨ੍ਹਾਂ ਖੇਡਾਂ ਦੇ ਵਿਚ ਜਿੱਥੇ ਦਰਜਨਾਂ ਖਿਡਾਰੀ ਲੈ ਕੇ ਆ ਰਹੇ ਹਨ ਉਥੇ ਉਹ ਬੱਸਾਂ ਭਰਕੇ ਹੋਰ ਦਰਸ਼ਕ ਵੀ ਨਾਲ ਲੈ ਕੇ ਆਉਣਗੇ। ਮਨਪ੍ਰਤੀ ਕੌਰ ਸਿੱਧੂ ਅਤੇ ਖੁਸ਼ਮੀਤ ਕੌਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ। ਖੁਸ਼ਮੀਤ ਕੌਰ ਹੋਰਾਂ ਹਾਕੀ ਨੂੰ ਵੀ ਬਰੂਸ ਪੁਲਮਨ ਪਾਰਕ ਵਿਖੇ ਹੀ ਕਰਾਉਣ ਦਾ ਸੁਝਾਅ ਦਿੱਤਾ। ਮੈਟਰੋ ਕਲੱਬ ਤੋਂ ਰਾਣਾ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਸੇਵਾ ਲਈ ਹਾਜ਼ਿਰ ਰਹੇਗੀ। ਇਨ੍ਹਾਂ ਸਿੱਖ ਖੇਡਾਂ ਦੇ ਵਿਚ ਦਸਤਾਰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਬੇਅ ਆਫ ਪਲੈਂਟੀ ਕਲੱਬ ਤੋਂ ਸ. ਚਰਨਜੀਤ ਸਿੰਘ ਦੁੱਲਾ ਹੋਰਾਂ ਕਿਹਾ ਕਿ ਉਨ੍ਹਾਂ ਦੇ ਕੱਲਬ ਦੇ ਖਿਡਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਵੱਡੀ ਗਿਣਤੀ ਦੇ ਵਿਚ ਖਿਡਾਰੀ ਆਉਣਗੇ। ਮਾਲਵਾ ਸਪੋਰਟਸ ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ ਨੇ ਵੀ ਮਾਲਵਾ ਕਲੱਬ ਦੀ ਤਰਫ ਤੋਂ ਖੇਡਾਂ ਦੀ ਸਫਲਤਾ ਲਈ ਪੂਰਨ ਸਹਿਯੋਗ ਦੇਣ ਦੀ ਗੱਲ ਕੀਤੀ ਅਤੇ ਕਿਹਾ ਕਿ ਕਲੱਬ ਪਹਿਲੇ ਦਿਨ ਤੋਂ ਇਨ੍ਹਾਂ ਖੇਡਾਂ ਦੀ ਹਮਾਇਤ ਵਿਚ ਡਟਿਆ ਰਹੇਗਾ। ਅਖੀਰ ਦੇ ਵਿਚ ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਸਾਰੇ ਮਹਿਮਾਨਾਂ ਦਾ ਅਤੇ ਮੀਡੀਆ ਕਰਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks