ਬ੍ਰਿਸਬੇਨ ਵਿਖੇ ਤੀਜ ਮੇਲੇ ਦਾ ਸਫ਼ਲ ਆਯੋਜਨ

ਸੱਭਿਆਚਾਰਕ ਰੰਗਾਂ ਨੇ ਮੇਲੇ ਨੂੰ ਬਣਾਇਆ ਯਾਦਗਾਰੀ

(ਬ੍ਰਿਸਬੇਨ) ਇੱਥੇ ਬ੍ਰਿਸਬੇਨ ਯੂਥ ਕਲੱਬ ਅਤੇ ਸਮੂਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਐੱਸਪਲੀ ਸਟੇਟ ਸਕੂਲ ਵਿਖੇ ਪੰਜਾਬ ਦਾ ਹਰਮਨ ਪਿਆਰਾ ਖੁਸ਼ੀਆਂ-ਖੇੜੇ ਵੰਡਦਾ ਤਿਉਹਾਰ ਤੀਜ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ’ਚ ਰਵਾਇਤੀ ਪੰਜਾਬੀ ਪੁਸ਼ਾਕਾਂ ‘ਚ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਮੁਟਿਆਰਾਂ ਵੱਲੋਂ ਲੋਕ ਨਾਚ ਗਿੱਧਾ, ਭੰਗੜਾ, ਬੋਲੀਆਂ, ਸਿੱਠਣੀਆਂ, ਸੰਮੀ, ਕਿੰਕਲੀ, ਮਲਵਾਈ ਗਿੱਧਾ ਆਦਿ ਵੰਨਗੀਆਂ ਦੀ ਬਾਕਾਇਦਾ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ‘ਚ ਲਿਬਰਲ ਪਾਰਟੀ ਤੋਂ ਪਿੰਕੀ ਸਿੰਘ, ਕੌਂਸਲਰ ਟਰੇਸੀ ਡੇਵਸ, ਕੌਂਸਲਰ ਫਿਉਨਾ ਹੈਮਡ, ਕੌਂਸਲਰ ਸੈਂਡੀ ਲੈਂਡਰਸ ਨੇ ਹਾਜ਼ਰੀ ਲਗਵਾਈ। ਮੇਲੇ ਦੇ ਪ੍ਰਬੰਧਕ ਜਤਿੰਦਰ ਰੈਹਿਲ, ਜਗਜੀਤ ਖੋਸਾ, ਹਰਪ੍ਰੀਤ ਸਰਵਾਰਾ ਅਤੇ ਮਹਿੰਦਰ ਰੰਧਾਵਾ ਨੇ ਸਥਾਨਕ ਮੀਡੀਆ ਨੂੰ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਦੀ ਕੋਸ਼ਿਸ਼ ਕਰਦੇ ਹੋਏ ਇਹ ਤਿਉਹਾਰ ਮੇਲਾ ਸਾਡੇ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ। ਇਸ ਮੇਲੇ ਦਾ ਮੂਲ ਉਦੇਸ਼ ਵਿਦੇਸ਼ ‘ਚ ਵਸਦੇ ਸਾਡੇ ਪਰਿਵਾਰਾਂ ਨੂੰ ਆਪਣੀਆਂ ਰਵਾਇਤੀ ਅਤੇ  ਸੱਭਿਆਚਾਰਕ ਵੰਨਗੀਆਂ ਨਾਲ ਸਾਂਝ ਪਾਉਣਾ ਸੀ। ਉਹਨਾਂ ਹੋਰ ਕਿਹਾ ਕਿ ਲੜਕੀਆਂ ਦੇ ਚਾਵਾਂ-ਮਲਾਰਾਂ, ਰੀਝਾਂ, ਸੱਧਰਾਂ ਅਤੇ ਸਾਂਝਾਂ ਦੀ ਤਰਜ਼ਮਾਨੀ ਕਰਨ ਵਾਲਾ ਇਕਲੌਤਾ ਤਿਉਹਾਰ ਸਿਰਫ਼ ਤੀਆਂ ਹਨ। ਮੁਟਿਆਰਾਂ ਜੇਕਰ ਇਸ ਤਿਉਹਾਰ ਦੀ ਪਾਕੀਜ਼ਗੀ, ਖ਼ੂਬਸੂਰਤੀ ਅਤੇ ਅਹਿਮੀਅਤ ਨੂੰ ਬਰਕਰਾਰ ਰੱਖਣ ਲਈ ਹੰਭਲਾ ਮਾਰਨ ਤਾਂ ਆਪ-ਮੁਹਾਰੇ ਹੀ ਸਾਡਾ ਵਾਤਾਵਰਨ ਦੀ ਸੰਭਾਲ ਪ੍ਰਤੀ ਲਗਾਅ ਹੋਰ ਵਧ ਜਾਵੇਗਾ। ਸਾਡੇ ਵਿਰਸੇ ਦਾ ਲੋਪ ਹੋ ਰਿਹਾ ਅੰਗ ਤੀਆਂ ਮੁੜ ਪੰਜਾਬੀਅਤ ਦਾ ਸ਼ਿੰਗਾਰ ਬਣ ਜਾਣਗੀਆਂ ਅਤੇ ਮੁਟਿਆਰਾਂ ਦੇ ਦਿਲਾਂ ਦੇ ਅਕਹਿ ਵਲਵਲਿਆਂ ਦੇ ਪ੍ਰਗਟਾਵੇ ਲਈ ਸਾਰਥਿਕ ਸਿੱਧ ਹੋਣਗੀਆਂ। ਖਾਣ-ਪੀਣ ਦਾ ਪ੍ਰਬੰਧ ‘ਨਮਸਤੇ ਇੰਡੀਆ’ ਵੱਲੋਂ ਕੀਤਾ ਗਿਆ। ਸਟੇਜ ਸੰਚਾਲਨ ਹਰਵਿੰਦਰ ਕੌਰ ਰਿੱਕੀ ਅਤੇ ਹਰਜਿੰਦ ਕੌਰ ਮਾਂਗਟ ਵੱਲੋਂ ਕੀਤਾ ਗਿਆ।

Install Punjabi Akhbar App

Install
×