ਭਾਈ ਜੈਤਾ ਜੀ ਫਾਊਂਡੇਸ਼ਨ ਰਾਹੀਂ ਸਿੱਖਿਅਤ 39 ਵਿਦਿਆਰਥੀ ਜਵਾਹਰ ਨਵੋਦਿਆ ਲਈ ਚੁਣੇ ਗਏ

28gsc 1
(ਵਿਦਿਆਰਥੀਆਂ ਦੇ ਦਾਖਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ)

ਫਰੀਦਕੋਟ 28 ਜੁਲਾਈ — ਅਮਰੀਕਾ ਨਿਵਾਸੀ ਪ੍ਰਵਾਸੀ ਭਾਰਤੀ ਹਰਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਰਾਹੀਂ 39 ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਾ ਲਈ ਚੁਣੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਭਾਈ ਜੈਤਾ ਜੀ ਫਾਊਂਡੇਸ਼ਨ ਦੁਆਰਾ ਜਵਾਹਰ ਨਵੋਦਿਆ ਵਿਦਿਆਲਾ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਵਾਸਤੇ ਹਰ ਐਤਵਾਰ ਅਤੇ ਹੋਰ ਸਰਕਾਰੀ ਛੁੱਟੀਆਂ ਵਾਲੇ ਦਿਨ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਜਿਲ੍ਹਾ ਫਰੀਦਕੋਟ ਵਿੱਚ 15 ਸੈਂਟਰ ਅਤੇ ਇੱਕ ਸੈਂਟਰ ਫਿਰੋਜਪੁਰ ਜਿਲ੍ਹੇ ਦੇ ਪਿੰਡ ਭਾਂਗਰ ਵਿੱਚ ਚਲਾਇਆ ਗਿਆ ਸੀ। ਇਹਨਾਂ ਸੈਂਟਰਾਂ ਲਈ ਅਧਿਆਪਕਾਂ, ਤਿਆਰੀ ਲਈ ਕਿਤਾਬਾਂ ਅਤੇ ਸਟੇਸ਼ਨਰੀ ਦਾ ਸਾਰਾ ਪ੍ਰਬੰਧ ਭਾਈ ਜੈਤਾ ਜੀ ਫਾਊਂਡੇਸ਼ਨ ਦੁਆਰਾ ਕੀਤਾ ਗਿਆ ਸੀ। ਇਹਨਾਂ ਸੈਂਟਰਾਂ ਵਿੱਚ ਤਿਆਰੀ ਲਈ ਆਏ ਵਿਦਿਆਰਥੀਆਂ ਵਿੱਚੋਂ ਜਿਲ੍ਹਾ ਫਰੀਦਕੋਟ ਵਿੱਚ 34 ਅਤੇ ਭਾਂਗਰ ਸੈਂਟਰ ਦੇ 5 ਵਿਦਿਆਰਥੀ ਜਵਾਹਰ ਨਵੋਦਿਆ ਵਿੱਚ ਅਗਲੀ ਪੜ੍ਹਾਈ ਲਈ ਚੁਣੇ ਗਏ ਹਨ। ਇਹਨਾਂ ਵਿਦਿਆਰਥੀਆਂ ਦੀ ਅਗਲੀ ਸਾਰੀ ਪੜਾਈ ਅਤੇ ਰਹਿਣ ਸਹਿਣ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਮੁਫਤ ਹੋਵੇਗਾ। ਜਿਕਰਯੋਗ ਹੈ ਕਿ ਹਰ ਜਿਲ੍ਹੇ ਵਿੱਚ ਜਵਾਹਰ ਨਵੋਦਿਆ ਵਿਦਿਆਲਾ ਵਿੱਚ 80 ਸੀਟਾਂ ਹੁੰਦੀਆਂ ਹਨ ਜੋ ਕਿ ਪ੍ਰੀਖਿਆ ਰਾਹੀਂ ਹੀ ਭਰੀਆਂ ਜਾਂਦੀਆਂ ਹਨ। ਇਸ ਮੌਕੇ ‘ਤੇ ਉਹਨਾਂ ਨੇ ਧਰਮਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਫਰੀਦਕੋਟ, ਕੋਆਰਡੀਨੇਟਰ ਮਨਦੀਪ ਸਿੰਘ ਢਿੱਲੋਂ, ਮਹਿਲ ਸਿੰਘ ਭਾਂਗਰ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ।

Install Punjabi Akhbar App

Install
×