ਰਾਸ਼ਟਰੀ ਕਮੇਟੀ ਸਹਿਯੋਗ ਲਈ ਤਤਪਰ
(ਬ੍ਰਿਸਬੇਨ) ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿਖੇ ਆਗਾਮੀਂ 35ਵੀਆਂ ‘ਸਿੱਖ ਖੇਡਾਂ ਬ੍ਰਿਸਬੇਨ’, ਗੋਲਡ ਕੋਸਟ ਦੇ ਪਰਫਾਰਮੈਂਸ ਸੈਂਟਰ ਵਿਖੇ ਮਿਤੀ 7, 8 ਅਤੇ 9 ਅਪ੍ਰੈਲ 2023 (ਈਸਟਰ ਦਿਹਾੜਾ) ਨੂੰ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਦੀ ਤਿਆਰੀ ਹਿਤ ਸ਼ਹਿਰ ਦੀਆਂ ਸਥਾਨਕ ਖੇਡ ਕਲੱਬਾਂ ਵੱਲੋਂ ਬਣਾਈ ਗਈ ਸੂਬਾਈ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਧਾਮੀ ਅਤੇ ਬਾਕੀ ਮੈਂਬਰਾਂ ਨੇ ਸਾਂਝ ‘ਚ ਮੀਡੀਆ ਬੈਠਕ ਨੂੰ ਸੰਬੋਧਨ ਕੀਤਾ ਅਤੇ ਮੌਜੂਦਾ ਤਿਆਰੀਆਂ ਨੂੰ ਸਿਖਰੀ ਦੱਸਿਆ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਰੌਕੀ ਭੁੱਲਰ ਵਾਈਸ ਪ੍ਰਧਾਨ, ਜਗਦੀਪ ਭਿੰਡਰ ਸੈਕਟਰੀ, ਰਣਦੀਪ ਸਿੰਘ ਜੌਹਲ ਸੱਭਿਆਚਾਰਕ ਕੋਆਰਡੀਨੇਟਰ, ਜਤਿੰਦਰ ਨਿੱਝਰ ਕਬੱਡੀ ਕੋਆਰਡੀਨੇਟਰ, ਜਸਦੇਵ ਸਿੰਘ ਬੱਲ ਖਜ਼ਾਨਚੀ, ਮਨਰੂਪ ਜੌਹਲ ਸੌਕਰ ਕੋਆਰਡੀਨੇਟਰ, ਅਮਨਦੀਪ ਕੌਰ ਯੂਥ ਪ੍ਰਤੀਨਿਧ ਅਤੇ ਮਨਵਿੰਦਰਜੀਤ ਕੌਰ ਚਾਹਲ ਨਾਰੀ ਪ੍ਰਤੀਨਿਧ ਆਦਿ ਨੇ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਇਹਨਾਂ ਖੇਡਾਂ ਵਿੱਚ ਆਸਟਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਅਤੇ ਭਾਰਤ ਆਦਿ ਦੇਸ਼ਾਂ ਤੋਂ ਤਕਰੀਬਨ 3000 ਖਿਡਾਰੀ ਵੱਖ ਵੱਖ ਖੇਡਾਂ ਹਾਕੀ, ਫੁੱਟਬਾਲ, ਕਬੱਡੀ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾ-ਕੱਸੀ, ਨੈੱਟਬਾਲ, ਪਾਵਰਲਿਫਟਿੰਗ, ਟੱਚ ਫੁੱਟਬਾਲ, ਬਾਸਕਟਬਾਲ ਅਤੇ ਦੌੜਾਂ ਆਦਿ ‘ਚ ਭਾਗ ਲੈਣਗੇ। ਇਸ ਮੌਕੇ ਨੈਸ਼ਨਲ ਕਮੇਟੀ ਦੇ ਸੱਭਿਆਚਾਰਕ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੇ ਸਿੱਖ ਖੇਡਾਂ ਦੇ ਪਿਛੋਕੜ ਅਤੇ ਭਵਿੱਖੀ ਸੰਭਾਵਨਾਵਾਂ ਬਾਬਤ ਚਾਨਣਾ ਪਾਇਆ। ਨੈਸ਼ਨਲ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਤੇ ਸਮੂਹ ਕਮੇਟੀ ਵੱਲੋਂ ਸੂਬਾਈ ਕਮੇਟੀ ਨੂੰ ਹਰ ਸੰਭਵ ਸਹਾਇਤਾ ਲਈ ਆਪਣੀ ਵਚਨਬੱਧਤਾ ਦੁਹਰਾਈ। ਇਸ ਮੌਕੇ ਖੇਡ ਕਮੇਟੀ ਵੱਲੋਂ 35ਵੀਆਂ ਸਿੱਖ ਖੇਡਾਂ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਸਮੂਹ ਗੁਰੂਘਰਾਂ ਵੱਲੋਂ ਖੇਡਾਂ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਪੰਜਾਬੀਅਤ ਨੂੰ ਸਮਰਪਿਤ ਸੱਭਿਆਚਾਰੀ ਵੰਨਗੀਆਂ ਵੀ ਖੇਡਾਂ ‘ਚ ਖਿੱਚ ਦਾ ਕੇਂਦਰ ਰਹਿਣਗੀਆਂ।