ਬ੍ਰਿਸਬੇਨ: ਰਾਜ ਪੱਧਰੀ 33ਵੀਆਂ ਆਸਟਰੇਲੀਅਨ ਸਿੱਖ ਖੇਡਾਂ ਸ਼ਾਨ ਨਾਲ ਸਮਾਪਤ

ਫੁੱਟਬਾਲ ਮੁੰਡਿਆਂ ‘ਚ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਫੁੱਟਬਾਲ ਕੁੜੀਆਂ ‘ਚ ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ ਅਤੇ ਵਾਲੀਵਾਲ ਸਮੈਸ਼ਜਿੰਗ ‘ਚ ਸਿੰਘ ਸਪਾਈਕਰਜ਼ ਜੈਤੂ

1992 ਦੀ ਪਹਿਲੀ ਸਿੱਖ ਖੇਡ ਕਮੇਟੀ ਸਨਮਾਨਿਤ 

(ਫੁੱਟਬਾਲ ਵਿਜੇਤਾ ‘ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ’ ਮੁੰਡਿਆ ਦੀ ਟੀਮ)

(ਬ੍ਰਿਸਬੇਨ) ਇੱਥੇ 33ਵੀਆਂ ਕੌਮੀ ਆਸਟ੍ਰੇਲਿਆਈ ਸਲਾਨਾ ਸਿੱਖ ਖੇਡਾਂ ਨੂੰ ਸਮਰਪਿਤ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਈਸਟਰ ਵੀਕਐਂਡ ‘ਤੇ  ਈਗਲ ਸਪੋਰਟਸ ਕੰਪਲੈਕਸ ਮੈਨਸਫੀਲਡ ਵਿਖੇ ਸੂਬੇ ਪੱਧਰ ਦਾ ਖੇਡ ਤੇ ਸੱਭਿਆਚਾਰਕ ਮੇਲਾ ਬਹੁਤ ਹੀ ਉਤਸ਼ਾਹ ਤੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਗਿਆ।

(ਫੁੱਟਬਾਲ ਕੁੜੀਆਂ ‘ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ’ ਦੀ ਵਿਜੇਤਾ ਟੀਮ)

ਕੌਮੀ ਖੇਡ ਕਮੇਟੀ ਦੇ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਕੌਮੀ ਸੱਭਿਆਚਾਰਕ ਕਮੇਟੀ ਦੇ ਨੁਮਾਇੰਦੇ ਮਨਜੀਤ ਬੋਪਾਰਾਏ ਅਤੇ ਕੁਈਨਜ਼ਲੈਂਡ ਸੂਬਾਈ ਕਮੇਟੀ ਦੇ ਪ੍ਰਬੰਧਕ ਹੈਪੀ ਧਾਮੀ, ਰੌਕੀ ਭੁੱਲਰ, ਜਗਦੀਪ ਸਿੰਘ ਭਿੰਡਰ, ਗੁਰਜੀਤ ਸਿੰਘ ਅਤੇ ਰਣਦੀਪ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ, ਭਾਰ-ਤੋਲਣ ਆਦਿ ਖੇਡਾਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਹੁੰਮ-ਹੁੰਮਾਂ ਕੇ ਭਾਗ ਲਿਆ।

ਵਾਲੀਵਾਲ ਸਮੈਸ਼ਜਿੰਗ ਦੇ ਫਾਈਨਲ ਮੈਚ ਫਸਵੇ ਮੁਕਾਬਲੇ ‘ਚ ‘ਸਿੰਘ ਸਪਾਈਕਰਜ਼’ ਦੀ ਟੀਮ ਨੇ ‘ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ’ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਦੇ ਮੁੰਡਿਆਂ ਦੇ ਫਾਈਨਲ ਮੁਕਾਬਲੇ ਵਿੱਚ ‘ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ’ ਜੇਤੂ ਅਤੇ ‘ਪੰਜਾਬੀ ਯੂਨਾਈਟਿਡ ਬ੍ਰਿਸਬੇਨ ਉਪ ਵਿਜੇਤਾ ਰਿਹਾ। ਕੁੜੀਆਂ ਦੇ ਫੁੱਟਬਾਲ ਮੁਕਾਬਲੇ ਵਿੱਚ ‘ਨਿਊ ਫਾਰਮ ਪੰਜਾਬੀ ਸਪੋਰਟਸ ਕਲੱਬ’ ਜੇਤੂ ਅਤੇ ਉਪ ਜੇਤੂ ‘ਬ੍ਰਿਸਬੇਨ ਯੂਥ ਸਪੋਰਟਸ ਕਲੱਬ’ ਰਿਹਾ। ਪ੍ਰਬੰਧਕਾਂ ਵੱਲੋਂ 1992 ਦੀ ਪਹਿਲੀ ਸਿੱਖ ਖੇਡ ਕਮੇਟੀ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ।

(ਰੱਸਾਕਸ਼ੀ ਦੀ ਵਿਜੇਤਾ ਟੀਮ ਦਾ ਸਨਮਾਨ ਸਮੇਂ)

ਸਿੱਖ ਫੋ਼ਰਮ ਦੌਰਾਨ ਗੁਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਪੰਜਾਬੀ ਹਿਤੈਸ਼ੀਆਂ ਵੱਲੋਂ ਮਾਂ-ਬੋਲੀ ਪੰਜਾਬੀ ਦੇ ਪਸਾਰ, ਭਾਈਚਾਰਿਕ ਸਾਂਝ ਅਤੇ ਭਵਿੱਖੀ ਗਤੀਵਿਧੀਆਂ ਦਾ ਗੰਭੀਰ ਚਿੰਤਨ ਕੀਤਾ ਗਿਆ।

(ਖੇਡ ਪ੍ਰਬੰਧਕਾਂ ‘ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ’ ਨੂੰ ਸਨਮਾਨ ਦਿੰਦੇ ਸਮੇਂ)

ਇਸ ਮੌਕੇ ਗੀਤ-ਸੰਗੀਤ, ਗਿੱਧਾ-ਭੰਗੜਾ ਅਤੇ ਸੱਭਿਆਚਾਰਕ ਵੰਨਗੀਆਂ ਦੀਆਂ ਸਫ਼ਲ ਪੇਸ਼ਕਾਰੀਆਂ ਨੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਨੂੰ ਜਿਉਂਦਾ ਕੀਤਾ। ਖੇਡ ਮੇਲੇ ਵਿੱਚ ਦਸਤਾਰ ਸਜਾਉਣ, ਔਰਤਾਂ ਦੀ ਸੋਹਣੀ ਪੰਜਾਬੀ ਪੁਸ਼ਾਕ, ਬੱਚਿਆਂ ਦੀਆਂ ਖੇਡਾਂ ਅਤੇ ਬਹੁ-ਸੱਭਿਅਕ ਸੰਗੀਤ ਦੇ ਮੁਕਾਬਲੇ ਤੇ ਵੰਨਗੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।

(1992 ਦੀ ਪਹਿਲੀ ਸਿੱਖ ਖੇਡ ਕਮੇਟੀ ਦੀ ਯਾਦਗਾਰੀ ਤਸਵੀਰ ਸਨਮਾਨ ਸਮੇਂ)

ਇਸ ਮੌਕੇ ਬ੍ਰਿਸਬੇਨ ਦੇ ਸਮੂਹ ਗੁਰਘਰਾਂ ਵੱਲੋਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ।ਪੰਜਾਬੀ ਭਾਸ਼ਾ ਫ਼ੋਰਮ ਵੱਲੋਂ ਕਿਤਾਬਾਂ ਦਾ ਸਟਾਲ ਚੰਗਾ ਸੁਨੇਹਾ ਦੇ ਗਿਆ।

(ਬ੍ਰਿਸਬੇਨ ਯੂਥ ਸਪੋਰਟਸ ਕਲੱਬ – ਉਪ ਵਿਜੇਤਾ ਲੜਕੀਆਂ ਦੀ ਫੁੱਟਬਾਲ ਟੀਮ)

ਇੰਡੋਜ਼ ਟੀਵੀ ਆਸਟਰੇਲੀਆ, ਕਮਿਊਨਟੀ ਰੇਡੀਓ ਫੋਰ ਈ ਬੀ, ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਤੇ ਟੀਵੀ ਏਸ਼ੀਆ ਦੀਆਂ ਵਲੰਟੀਅਰ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ। ਸੱਭਿਆਚਾਰਕ ਮੇਲੇ ਦਾ ਮੰਚ ਸੰਚਾਲਨ ਰਣਦੀਪ ਸਿੰਘ ਜੌਹਲ ਤੇ ਸ਼ਰੂਤੀ ਪੱਡਾ ਵੱਲੋਂ ਬਾਖੂਬੀ ਕੀਤਾ ਗਿਆ।

(ਰੇਡੀਓ ਫੋਰ ਈਬੀ ਅਤੇ ਇੰਡੋਜ਼ ਟੀਵੀ ਦੀ ਵਲੰਟੀਅਰ ਪੰਜਾਬੀ ਟੀਮ)

ਇਸ ਖੇਡ ਅਤੇ ਸੱਭਿਆਚਾਰਕ ਮੇਲੇ ਪ੍ਰਤੀ ਲੋਕਾਂ ’ਚ ਬਹੁਤ ਹੀ ਉਤਸ਼ਾਹ ਪਾਇਆ ਗਿਆ।

Install Punjabi Akhbar App

Install
×