ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਵੱਲੋਂ ਯੂਕਰੇਨ ਦੇ ਪੀੜਤਾਂ ਲਈ 30 ਹਜਾਰ ਡਾਲਰ ਦੀ ਮਦਦ

ਸਰੀ, 2 ਜੂਨ (ਹਰਦਮ ਮਾਨ)-ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਨੰਬਰ ਪੰਜ ਰੋਡ ਰਿਚਮੰਡ, ਬੀ.ਸੀ.) ਦੀ ਸੰਗਤ ਅਤੇ ਪ੍ਰਬੰਧਕ ਕਮੇਟੀ ਨੇ ਯੂਕਰੇਨ ਦੇ ਪੀੜਤਾਂ ਦੀ ਮਦਦ ਲਈ ਕੁਝ ਹਫਤੇ ਪਹਿਲਾਂ ਮਾਇਆ ਇਕੱਠੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਕੁਝ ਹਫਤਿਆਂ ਵਿਚ ਹੀ ਸੰਗਤਾਂ ਦੇ ਭਰਵੇਂ ਹੁੰਗਾਰੇ ਨਾਲ 30 ਹਜਾਰ ਡਾਲਰ ਦੀ ਰਾਸ਼ੀ ਇਕੱਠੀ ਹੋ ਗਈ। ਇਹ ਧਨ ਰਾਸ਼ੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਯੂਨਾਈਟਿਡ ਸਿੱਖਜ਼ ਜਥੇਬੰਦੀ ਨੂੰ ਸੌਂਪੀ ਗਈ ਹੈ। ਯੂਨਾਈਟਿਡ ਸਿਖਜ਼ ਦੇ ਪ੍ਰਤੀਨਿਧ ਗਰੁਵਿੰਦਰ ਸਿੰਘ ਅਤੇ ਜਸਪਰੀਤ ਸਿੰਘ ਨੂੰ 30 ਹਜਾਰ ਡਾਲਰ ਦਾ ਚੈੱਕ ਗੁਰਦੁਆਰਾ ਨਾਨਕ ਨਿਵਾਸ ਦੀ ਸੁਸਾਇਟੀ ਦੇ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਕੁਝ ਕਮੇਟੀ ਮੈਂਬਰਾਂ ਦੀ ਹਾਜਰੀ ਵਿਚ ਸੌਂਪਿਆ। 

ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਗੁਰਦਆਰਾ ਨਾਨਕ ਨਿਵਾਸ, ਰਿਚਮੰਡ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਯੂਨਾਈਟਿਡ ਸਿੱਖਜ਼ ਜਥੇਬੰਦੀ ਵੱਖ ਵੱਖ ਦੇਸ਼ਾਂ ਵਿਚ ਲੰਮੇਂ ਸਮੇਂ ਤੋਂ ਲੋਕ ਸੇਵਾ ਕਰ ਰਹੀ ਹੈ। ਯੂਕਰੇਨ ਉਪਰ 24 ਫਰਵਰੀ ਨੂੰ ਰੂਸੀ ਹਮਲੇ ਦੇ ਦੋ ਦਿਨਾਂ ਬਾਅਦ ਹੀ ਇਸ ਜਥੇਬੰਦੀ ਨੇ ਬੇਘਰ ਹੋ ਰਹੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਯੂਕਰੇਨ ਨਾਲ ਲਗਦੇ ਦੇਸ਼ ਪੋਲੈਂਡ ਦੇ ਸ਼ਹਿਰ ਮਡੀਕਾ ਵਿਚ ਹਰੀ ਸਿੰਘ ਨਲੂਏ ਦੇ ਨਾਮ ਹੇਠ ਕੈਂਪ ਸਥਾਪਤ ਕਰ ਕੇ ਬੇਘਰ ਹੋਏ ਹਜਾਰਾਂ ਇੰਟਰਨੈਸ਼ਨਲ  ਵਿਦਿਆਰਥੀਆਂ, ਸ਼ਰਨਾਰਥੀਆਂ ਅਤੇ ਕਾਮਿਆਂ ਦੀ ਮਦਦ ਲਈ ਇਕ 80 ਫੁੱਟ ਲੰਮੇ ਟਰੇਲਰ ਰਾਹੀਂ ਸੇਵਾ ਸ਼ੁਰੂ ਕਰ ਦਿੱਤੀ ਸੀ ਜੋ ਅੱਜ ਵੀ ਚੱਲ ਰਹੀ ਹੈ। ਇਸ ਸੰਸਥਾ ਵੱਲੋਂ ਹੁਣ ਤੱਕ ਲੱਖਾਂ ਹੀ ਲੋਕਾਂ ਨੂੰ ਖਾਣਾ, ਗਰਮ ਕੱਪੜੇ ਅਤੇ ਉਹਨਾਂ ਦੀਆਂ ਬਾਕੀ ਲੋੜਾਂ ਪੂਰੀਆਂ ਕੀਤੀਆਂ ਗਈਆਂ ਹਨ।

ਵਰਨਣਯੋਗ ਹੈ ਕਿ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਵੱਲੋਂ ਕਰੋਨਾ ਮਹਾਂਮਾਰੀ ਦੇ ਪੀੜਤਾਂ ਲਈ ਇਕ ਲੱਖ ਡਾਲਰ ਇਕੱਠੇ ਕਰਕੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿਚ ਭੇਜੇ ਸਨ। ਇਸ ਧਨ ਰਾਸ਼ੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਿਚ ਨਰਗਸ ਦੱਤ ਕੈਂਸਰ ਫਾਊਂਡੇਸ਼ਨ ਰਾਹੀਂ ਤਿੰਨ ਕਿਡਨੀ ਡਾਇਲਸਿਜ ਮਸ਼ੀਨਾਂ ਅਤੇ ਰਾਜਾ ਸਾਹਿਬ ਮਜਾਰਾ /ਰੈਹਪਾ (ਜ਼ਿਲਾ ਨਵਾਂ ਸ਼ਹਿਰ) ਦੇ ਹਸਪਤਾਲਾਂ ਵਿਚ ਪੰਜ ਮਸ਼ੀਨਾਂ ਲਵਾਈਆਂ ਗਈਆਂ ਹਨ। 

(ਹਰਦਮ ਮਾਨ)

+1 604 308 6663
maanbabushahi@gmail.com

Install Punjabi Akhbar App

Install
×