ਪੀੜ੍ਹੀ ਦਰ ਪੀੜ੍ਹੀ ਸਾਹਿਤ ਰਚਨਾ ਸਮਾਜਿਕ ਪ੍ਰਤੀਬੱਧਤਾ ਦਾ ਪ੍ਰਤੀਕ- ਸੁਰਿੰਦਰ ਤੇਜ

ਤਿੰਨ ਪੀੜ੍ਹੀਆਂ ਦੀਆਂ ਤਿੰਨ ਪੁਸਤਕਾਂ ਦਾ ਹੋਇਆ ਲੋਕ-ਅਰਪਣ

ਚੰਡੀਗੜ੍ਹ: ‘ਸਾਹਿਤ ਜਗਤ ਵਿਚ ਸ਼ਾਇਦ ਇਹ ਦੁਰਲੱਭ ਸਬਬ ਹੋਵੇਗਾ ਕਿ ਤਿੰਨ ਪੀੜ੍ਹੀਆਂ ਦੀਆਂ ਵਖੋ-ਵਖ ਵਿਧਾਵਾਂ ਦਾ ਇੱਕੋ ਵੇਲੇ ਲੋਕ-ਅਰਪਣ ਹੋਇਆ ਹੋਵੇ ਅਤੇ ਪੀੜ੍ਹੀ ਦਰ ਪੀੜ੍ਹੀ ਸਾਹਿਤ ਦੀ ਰਚਨਾ ਸਮਾਜਿਕ ਚੇਤਨਾ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਹੈ’ ਇਹ ਸ਼ਬਦ ਪੰਜਾਬੀ ਟ੍ਰਿਬਊਨ ਦੇ ਸਾਬਕਾ ਮੁੱਖ ਸੰਪਾਦਕ ਸ਼੍ਰੀ ਸੁਰਿੰਦਰ ਸਿੰਘ ਤੇਜ ਨੇ ਐਡਵੋਕੇਟ ਸ਼੍ਰੀ ਰਿਪੁਦਮਨ ਸਿੰਘ ਰੂਪ ਦੇ ਕਹਾਣੀ-ਸੰਗ੍ਰਹਿ ‘ਪਹੁ ਫੁਟਾਲੇ ਤੱਕ’, ੳਨ੍ਹਾਂ ਦੇ ਪੁੱਤਰ ਪ੍ਰਸਿੱਧ ਨਾਟਕਕਾਰ ਸੰਜੀਵਨ ਸਿੰਘ ਦੀ ਨਾਟ-ਪੁਸਤਕ ‘ਦਫ਼ਤਰ’ ਅਤੇ ਸ਼੍ਰੀ ਰੂਪ ਦੀ ਪੋਤਰੀ ਐਡਵੋਕੇਟ ਰਿੱਤੂ ਰਾਗ ਦੇ ਅੰਗਰੇਜ਼ੀ ਕਵਿ-ਸੰਗ੍ਰਹਿ ‘ਯੂ ਐਂਡ ਆਈ’ ਦੇ ਲੋਕ-ਅਰਪਣ ਮੌਕੇ ਕਹੇ। ਇਹਨਾਂ ਤਿੰਨ ਪੁਸਤਕਾਂ ਦਾ ਲੋਕ ਅਰਪਣ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਇਕ ਪ੍ਰਭਾਵਸ਼ਾਲੀ ਸਾਹਿਤਕ ਇੱਕਤਰਤਾ ਵਿਚ ਕਰਵਾਇਆ ਗਿਆ। ਸ਼੍ਰੀ ਸੁਰਿੰਦਰ ਸਿੰਘ ਤੇਜ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿੱਚ ਅੱਗੇ ਕਿਹਾ ਕਿ ਇਹ ਅੱਜ ਦੇ ਟੁਟ-ਭੱਜ ਵਾਲੇ ਦੌਰ ਵਿਚ ਇਹ ਡੂੰਘੀ ਤਸੱਲੀ ਦੀ ਗੱਲ ਹੈ ਕਿ ਲੋਕ-ਕਵੀ ਗਿਆਨੀ ਇਸ਼ਰ ਸਿੰਘ ਦਰਦ ਦੇ ਪੁੱਤਰ ਅਤੇ ਸ਼੍ਰੋਮਣੀ ਸਾਹਿਤਕਾਰ ਸ਼੍ਰੀ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਸ਼੍ਰੀ ਰਿਪੁਦਮਨ ਸਿੰਘ ਰੂਪ ਨੇ ਆਪਣੇ ਪੁੱਤਰਾਂ ਅਤੇ ਅੱਗੋਂ ਆਪਣੇ ਪੋਤਰੇ-ਪੋਤਰੀਆਂ ਨੂੰ ਵੀ ਸਾਹਿਤ ਨਾਲ ਜੋੜਿਆ ਹੈ ਜਿਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਸਾਡਾ ਭਵਿੱਖ ਸੁਰਖਿਅਤ ਹੈ।
‘ਪਹੁ ਫੁਟਾਲੇ ਤੱਕ’ ਬਾਰੇ ਗੱਲ ਕਰਦਿਆਂ ਪੰਜਾਬੀ ਅਲੋਚਕ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼੍ਰੀ ਰੂਪ ਦੀਆਂ ਕਹਾਣੀਆਂ ਸਰਲ ਅਤੇ ਬੇਬਾਕ ਹਨ ਜੋ ਮੱਨੁਖੀ ਰਿਸ਼ਤਿਆਂ, ਔਰਤ ਦੀ ਸਮਾਜਿਕ ਸਥਿਤੀ, ਰਾਜਨੀਤਕ ਤੇ ਸਮਾਜਿਕ ਗਿਰਾਵਟ ਅਤੇ ਪਰਿਵਾਰਾਂ ਦੀ ਟੁਟ-ਭੱਜ ਦੀ ਬਾਤ ਪਾਉਂਦੀਆਂ ਹਨ। ਉਹਨਾਂ ਕਿਹਾ ਕਿ ‘ਆਪਣਾ ਘਰ’, ‘ਪਾਲਾ ਸਬਜ਼ੀਵਾਲਾ’ ਮਨੁੱਖੀ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਕਹਾਣੀਆਂ ਹਨ।
ਨਾਟ-ਪੁਸਤਕ ਦਫਤਰ ਬਾਰੇ ਗੱਲ ਕਰਦਿਆਂ ਨਾਟਕਕਾਰ ਤੇ ਅਲੋਚਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਇਸ ਨਾਟਕ ਵਿਚ ਭਾਰਤੀ ਦਫਤਰਾਂ ਵਿਚ ਫੈਲੇ ਭ੍ਰਿਸ਼ਟਾਚਾਰ, ਚਾਪਲੂਸੀ, ਮਹਿਲਾਂ ਕਰਮਚਾਰੀਆਂ ਦਾ ਸ਼ੋਸ਼ਨ ਅਤੇ ਕੰਮ-ਸਭਿਆਚਾਰ ਵਿਚ ਆ ਰਹੀ ਗਿਰਾਵਟ ਉਪਰ ਸੰਜੀਵਨ ਵਲੋਂ ਤਿੱਖੇ ਕਟਾਕਸ਼ ਕੀਤੇ ਗਏ ਹਨ। ਇਹ ਨਾਟਕ ਉਤਾਰਵਾਂ-ਚੜਾਵਾਂ ਦੀ ਬੁਣਤਰ ਵਿਚੋਂ ਨਿਕਲਦਿਆਂ ਅਖੀਰ ਕਰਮਚਾਰੀਆਂ ਨੂੰ ਲੋਕਾਂ ਪ੍ਰਤੀ ਸੁਹਿਰਦ ਹੋਣ ਦਾ ਹੋਕਾ ਦਿੰਦਾ ਹੈ। ਉਹਨਾਂ ਕਿਹਾ ਕਿ ਸੰਜੀਵਨ ਵਲੋਂ ਲਿਖੇ ਅਤੇ ਮੰਚਿਤ ਦੋ ਦਰਜਨ ਨਾਟਕਾਂ ਵਿੱਚੋਂ ਇਹ ਉਸਦੀ ਚੌਥੀ ਪ੍ਰਕਾਸ਼ਿਤ ਨਾਟ-ਪੁਸਤਕ ਹੈ।
ਰਿੱਤੂ ਰਾਗ ਦੇ ਪਹਿਲੇ ਅੰਗਰੇਜ਼ੀ ਕਾਵਿ-ਸੰਗ੍ਰਹਿ ‘ਯੂ ਐਂਡ ਆਈ’ ਬਾਰੇ ਗੱਲ ਕਰਦਿਆਂ ਪੰਜਾਬੀ ਸਾਹਿਤ ਅਧਿਅਨ ਵਿਭਾਗ, ਪੰਜਾਬੀ ਯੂਨੀਵਿਰਸਟੀ, ਪਟਿਆਲਾ ਦੇ ਮੁੱਖੀ ਡਾ. ਭੀਮਇੰਦਰ ਨੇ ਕਿਹਾ ਕਿ ਰਿੱਤੂ ਦੀਆਂ ਕਵਿਤਾਵਾਂ ਵਿਚ ਬਚਪਨ ਤੋਂ ਕਿਸ਼ੋਰ ਅਵਸਥਾ ਲੰਘਦਿਆਂ ਜਵਾਨੀ ਤੱਕ ਦੀ ਮਨੋ-ਅਵਸਥਾ ਨਾਲ ਜੁੜੇ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ। ਪੰਜਾਬੀ ਸਾਹਿਤਕ ਪਰਿਵਾਰ ਦੀ ਵਿਰਾਸਤ ਵਿੱਚ ਉਸਦੀ ਅੰਗ੍ਰੇਜ਼ੀ ਵਿੱਚ ਕਲਮ ਅਜ਼ਮਾਈ ਸੰਭਾਵਨਾ ਭਰਪੂਰ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਦਭੂਤ ਸੰਗਮ ਹੈ ਕਿ ਰਿੱਤੂ ਰਾਗ ਇਕ ਚਿੱਤਰਕਾਰ ਵੀ ਹੈ ਜਿਸ ਦੇ ਚਿੱਤਰ ਇਸ ਪੁਸਤਕ ਵਿਚ ਸ਼ਾਮਲ ਹਨ। ਇਸ ਮੌਕੇ ਰਿੱਤੂ ਰਾਗ ਦੇ ਸਕੂਲ ਵੇਲੇ ਦੇ ਅਧਿਆਪਕ ਸ਼੍ਰੀ ਸੁਰੇਸ਼ ਭਸੀਨ, ਜੋ ਰਿੱਤੂ ਦੇ ਕਾਵਿ-ਸਫਰ ਦੇ ਮੁੱਢਲੇ ਗੁਰੂ ਹਨ, ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੀ ਵਿਦਿਆਰਥਨ ਅੱਜ ਜਿਥੇ ਇੱਕ ਵਕੀਲ ਹੈ ਉਥੇ ਉਸਨੇ ਆਪਣੀਆਂ ਸੂਖਮ ਕਲਾਵਾਂ ਨੂੰ ਵੀ ਜਿਉਂਦਾ ਰੱਖਿਆ ਹੈ। ਐਡਵੋਕੇਟ ਸ਼੍ਰੀ ਐਨ.ਕੇ.ਸੁਨੇਜਾ ਨੇ ਬੜ੍ਹੇ ਭਾਵ-ਪੂਰਤ ਸ਼ਬਦਾਂ ਨਾਲ ਰਿੱਤੂ ਰਾਗ ਨੂੰ ਉਸ ਦੇ ਪਹਿਲੇ ਕਾਵਿ ਸੰਗ੍ਰਹਿ ਲਈ ਮੁਬਾਰਕਬਾਦ ਦਿੰਦਿਆ ਕਿਹਾ ਕਿ ਉਹ ਭਵਿੱਖ ਦੀ ਇਕ ਅਛੀ ਕਵਿਤਰੀ ਹੋਵੇਗੀ।
ਇਸ ਮੌਕੇ ਪੁਸਤਕਾਂ ਦੇ ਲੇਖਕਾਂ ਰਿਪੁਦਮਨ ਸਿੰਘ ਰੂਪ, ਸੰਜੀਵਨ ਸਿੰਘ ਅਤੇ ਰਿੱਤੂ ਰਾਗ ਨੇ ਕਿਹਾ ਕਿ ਵਿਦਵਾਨਾਂ ਤੇ ਬੁੱਧੀਜੀਵੀਆਂ ਤੋਂ ਮਿਲੀ ਹੌਸਲਾ ਅਫ਼ਜਾਈ ਲਈ ਉਹ ਸ਼ੁਕਰਗੁਜ਼ਾਰ ਹਨ ਅਤੇ ਅੱਗੋਂ ਲਈ ਵੀ ਉਹ ਇਸੇ ਸ਼ਿਦੱਤ ਅਤੇ ਪ੍ਰਤੀਬਧਤਾ ਨਾਲ ਆਪਣੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਣਗੇ।
ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ੍ਰੀ ਬਲਕਾਰ ਸਿੱਧੂ ਨੇ ਮੀਂਹ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਆਰੰਭ ਵਿਚ ਪਿਛਲੇ ਦਿਨੀ ਵਿਛੜ ਗਏ ਸਾਹਿਤਕਾਰਾਂ ਸ੍ਰੀ ਐਸ.ਬਲਵੰਤ ਅਤੇ ਸ੍ਰੀ ਮੇਘ ਰਾਜ ਗੋਇਲ ਦੀ ਯਾਦ ਵਿਚ ਮੋਨ ਧਾਰਿਆ ਗਿਆ। ਮੰਚ ਸੰਚਾਲਣ ਸ਼੍ਰੀ ਰਵੀਤੇਜ ਸਿੰਘ ਬਰਾੜ ਨੇ ਬਹੁਤ ਹੀ ਭਾਵ੿ਪੂਰਤ ਤੇ ਦਿਲਚਸਪ ਤਰੀਕੇ ਨਾਲ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਰਾਬਿੰਦਰ ਨਾਥ ਸ਼ਰਮਾ, ਸ਼ਿਵਨਾਥ, ਐਡਵੋਕੇਟ ਕੁਲਬੀਰ ਧਾਲੀਵਾਲ, ਐਡਵੋਕੇਟ ਪੁਨੀਤਾ ਸੇਠੀ, ਅਰਵਿੰਦਰ ਕੁਮਾਰ ਐਸ.ਡੀ.ਐਮ. ਗੜ੍ਹਸ਼ੰਕਰ, ਸੇਵੀ ਰਾਯਤ, ਹਰਮਿੰਦਰ ਕਾਲੜਾ, ਲਾਭ ਸਿੰਘ ਖੀਵਾ, ਮਨਜੀਤ ਕੌਰ ਮੀਤ, ਹਰਜਿੰਦਰ ਢਿਲੋ ਐਡਵੋਕੇਟ, ਪ੍ਰਵੀਨ ਸਿੱਧੂ, ਖੁਸ਼ਹਾਲ ਸਿੰਘ ਨਾਗਾ, ਅਵਤਾਰ ਪਤੰਗ, ਪਾਲ ਅਜ਼ਨਬੀ, ਜੈਪਾਲ ਅਤੇ ਦਿਲਦਾਰ ਸਿੰਘ ਨੇ ਵੀ ਸ਼ਿਰਕਤ ਕੀਤੀ।

Install Punjabi Akhbar App

Install
×