ਬਠਿੰਡਾ/ 15 ਜੁਲਾਈ/ — ਇੱਥੋਂ ਕਰੀਬ ਦਸ ਕਿਲੋਮੀਟਰ ਦੂਰ ਪਿੰਡ ਗੋਬਿੰਦਪੁਰਾ ਨਜਦੀਕ ਸਰਹਿੰਦ ਨਹਿਰ ਵਿੱਚ ਡੁੱਬਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜੋ ਛੁੱਟੀ ਹੋਣ ਸਦਕਾ ਅਨੰਦ ਮਾਣਨ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਦੀ ਛੁੱਟੀ ਹੋਣ ਸਦਕਾ ਵਹੀਕਲ ਮੁਰੰਮਤ ਵਾਲੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਪੰਜ ਨੌਜਵਾਨ ਇਕੱਠੇ ਹੋ ਕੇ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਲਈ ਅਨੰਦ ਮਾਣਨ ਵਾਸਤੇ ਪਿੰਡ ਗੋਬਿੰਦਪੁਰਾ ਦੇ ਨਹਿਰ ਦੇ ਪੁਲ ਕੋਲ ਗਏ। ਨਹਿਰ ਵਿੱਚ ਨਹਾਉਂਦਿਆਂ ਉਹਨਾਂ ਚੋਂ ਤਿੰਨ ਨੌਜਵਾਨਾਂ ਸੁਖਦੇਵ ਸਿੰਘ ਉਮਰ 22 ਸਾਲ ਵਾਸੀ ਬਠਿੰਡਾ, ਬੁਧ ਰਾਮ ਉਮਰ ਕਰੀਬ 20 ਸਾਲ ਵਾਸੀ ਭੁੱਚੋ ਮੰਡੀ ਅਤੇ ਦੀਪੂ ਉਮਰ ਕਰੀਬ 20 ਸਾਲ ਵਾਸੀ ਭੁੱਚੋ ਮੰਡੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਇਹਨਾਂ ਦੇ ਦੋ ਸਾਥੀ ਰਵੀ ਕੁਮਾਰ ਅਤੇ ਅਜੈ ਕੁਮਾਰ ਬਚ ਗਏ, ਪਰ ਇਸ ਦੁਖਦਾਈ ਘਟਨਾਂ ਨੂੰ ਅੱਖੀਂ ਦੇਖਿਆ ਹੋਣ ਕਾਰਨ ਉਹਨਾਂ ਦੀ ਹਾਲਤ ਵੀ ਕਾਫ਼ੀ ਮਾੜੀ ਸੀ।
ਥਾਨਾ ਬਠਿੰਡਾ ਕੈਂਟ ਦੇ ਇੰਚਾਰਜ ਸ੍ਰੀ ਨਰਿੰਦਰ ਕੁਮਾਰ ਨੇ ਤਿੰਨਾਂ ਨੌਜਵਾਨਾਂ ਦੀ ਮੌਤ ਦੀ ਪੁਸਟੀ ਕਰਦਿਆਂ ਦੱਸਿਆ ਕਿ ਉਹਨਾਂ ਦੀਆਂ ਲਾਸਾਂ ਇੱਕ ਵੈੱਲਫੇਅਰ ਸੰਸਥਾ ਵੱਲੋਂ ਸਥਾਨਕ ਸਿਵਲ ਹਸਪਤਾਲ ਪਹੁੰਚਾਈਆਂ ਗਈਆਂ ਹਨ ਅਤੇ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਡੁੱਬਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਲਾਕੇ ਭਰ ਵਿੱਚ ਇਹ ਖ਼ਬਰ ਸੁਣਦਿਆਂ ਮਹੌਲ ਗਮਗੀਨ ਹੋ ਗਿਆ ਹੈ।
(ਬਲਵਿੰਦਰ ਸਿੰਘ ਭੁੱਲਰ)