ਪੰਜਾਬੀ ਅਖ਼ਬਾਰ ਦੇ ਦੋ ਵਰ੍ਹੇ

punjabiakhbar24thissue

ਇਸ ਅੰਕ ਦੇ ਨਾਲ ਹੀ ਪੰਜਾਬੀ ਅਖ਼ਬਾਰ ਨੇ ਆਪਣੇ ਦੋ ਵਰ੍ਹੇ ਪੂਰੇ ਕਰ ਲਏ ਹਨ। ਭਾਵੇਂ ਦੋ ਵਰ੍ਹੇ ਬਹੁਤ ਛੋਟਾ ਜਿਹਾ ਪੈਂਡਾ ਹੈ ਪਰ ਕਿਸੇ ਵੀ ਕੰਮ ਦੇ ਸ਼ੁਰੂਆਤੀ ਦੌਰ ‘ਚ ਆਉਂਦੀਆਂ ਔਕੜਾਂ ਇਸ ਨੂੰ ਬਹੁਤ ਲੰਮਾ ਕਰ ਦਿੰਦੀਆਂ ਹਨ। ਜਿਸ ਦਿਨ ਇਸ ਅਖ਼ਬਾਰ ਦਾ ਸਫ਼ਰ ਸ਼ੁਰੂ ਹੋਇਆ ਸੀ ਉਸ ਦਿਨ ਜੋ ਸੋਚ ਲੈ ਕੇ ਚਲੇ ਸੀ ਉਸ ਉੱਤੇ ਟਿਕਣ ਲਈ ਬਹੁਤ ਜੱਦੋ-ਜਹਿਦ ਕਰਨੀ ਪਈ ਹੈ। ਪਹਿਲੇ ਦਿਨੋਂ ਇਹ ਤਾਂ ਪਤਾ ਸੀ ਕਿ ਇਹ ਅਖ਼ਬਾਰ ਕਿਸੇ ਦੀ ਰੋਜੀ ਰੋਟੀ ਦਾ ਸਾਧਨ ਨਹੀਂ ਬਣ ਸਕਦਾ ਪਰ ਏਨੀ ਕੁ ਉਮੀਦ ਸੀ ਕਿ ਇਹ ਆਪਣਾ ਭਾਰ ਜ਼ਰੂਰ ਚੁੱਕ ਲਵੇਗਾ। ਪਰ ਹਾਲੇ ਤੱਕ ਇਹ ਇਕ ਉਮੀਦ ਹੀ ਬਣਿਆ ਹੋਇਆ ਹੈ। ਮਾਲੀ ਹਾਲਤਾਂ ਨਾਲ ਜੂਝਦੇ ਹੋਈਆਂ ਵੀ ਹਰ ਰੋਜ ਇਸ ਦਾ ਕਦਮ ਅੱਗੇ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ। ਜਿਸ ਵਿਚ ਬਹੁਤ ਸਾਰੇ ਸੱਜਣਾਂ-ਸਨੇਹੀਆਂ ਨੇ ਦਿਨ ਰਾਤ ਮਦਦ ਕੀਤੀ। ਭਾਵੇਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਕੱਲ੍ਹ ਵਪਾਰਿਕ ਮੰਦੀ ਹੋਣ ਕਾਰਨ ਕਿਸੇ ਕੋਲ ਵੀ ਏਨਾ ਫ਼ਾਲਤੂ ਫ਼ੰਡ ਨਹੀਂ ਹੁੰਦਾ ਕੇ ਉਹ ਅਖ਼ਬਾਰਾਂ ‘ਚ ਇਸ਼ਤਿਹਾਰ ਲਗਾਤਾਰ ਲਵਾ ਸਕਣ ਪਰ ਫੇਰ ਵੀ ਬਹੁਤ ਸਾਰੇ ਅਦਾਰੇ ਪਹਿਲੇ ਦਿਨ ਤੋਂ ਸਾਡੇ ਨਾਲੇ ਜੁੜੇ ਰਹੇ ਹਨ ਉਨ੍ਹਾਂ ਦਾ ਜਿਨ੍ਹਾਂ ਵੀ ਧੰਨਵਾਦ ਕੀਤਾ ਜਾਵੇ ਘੱਟ ਹੈ।
ਗ਼ਲਤੀ ਵੀ ਉਸੇ ਕੋਲੋਂ ਹੁੰਦੀ ਹੈ ਜੋ ਕੰਮ ਕਰਨ ਦਾ ਹੀਲਾ ਕਰਦਾ ਹੈ। ਸੋ ਅਖ਼ਬਾਰ ਕੱਢਣ ਦੇ ਇਹਨਾਂ ਦੋ ਵਰ੍ਹਿਆਂ ‘ਚ ਬਹੁਤ ਸਾਰੀਆਂ ਗ਼ਲਤੀਆਂ ਵੀ ਹੋਈਆਂ। ਪਰ ਜ਼ਿਆਦਾਤਰ ਅਣਜਾਣਪੁਣੇ ਅਤੇ ਵਿਦੇਸ਼ ਦੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਕਾਰਨ ਹੋਈਆਂ। ਉਨ੍ਹਾਂ ਲਈ ਅਸੀਂ ਕਿਸੇ ਨੂੰ ਜ਼ੁੰਮੇਵਾਰ ਨਾ ਮੰਨਦੇ ਹੋਏ ਆਪਣੇ ਤੇ ਲੈਂਦੇ ਹਾਂ ਤੇ ਮਾਫ਼ੀ ਦੇ ਜਾਚਕ ਹਾਂ।
ਸਾਡੇ ਬਹੁਤ ਸਾਰੇ ਪਾਠਕਾਂ ਦੇ ਸਾਡੇ ਨਾਲ ਗਿਲੇ ਰਹੇ ਹਨ ਜਿਨ੍ਹਾਂ ਨੂੰ ਅਸੀਂ ਖਿੜੇ ਮੱਥੇ ਸਵੀਕਾਰ ਕੀਤਾ ਪਰ ਕੁਝ ਗਿਲੇ ਸਾਨੂੰ ਵੀ ਪਾਠਕਾਂ ਨਾਲ ਹਨ ਤੇ ਉਹ ਆਪ ਜੀ ਨਾਲ ਸਾਂਝੇ ਕਰ ਰਹੇ ਹਾਂ। ਤੁਹਾਡੇ ਸਾਡੇ ਗਿਲਿਆਂ ਪ੍ਰਤੀ ਜੋ ਵੀ ਵਿਚਾਰ ਹੋਣ ਉਨ੍ਹਾਂ ਦੀ ਉਡੀਕ ਰਹੇਗੀ। ਸਭ ਤੋਂ ਪਹਿਲਾਂ ਤਾਂ ਇਹ ਕਿ ਵਿਦੇਸ਼ਾਂ ‘ਚ ਅਖ਼ਬਾਰ ਮੁਫ਼ਤ ‘ਚ ਵੰਡਣਾ ਪੈਂਦਾ, ਪਰ ਚੇਤੇ ਰਹੇ ਇਹ ਛਪਦਾ ਮੁਫ਼ਤ ‘ਚ ਨਹੀਂ। ਫੇਰ ਵੀ ਅਖ਼ਬਾਰ ਵਕਤ ਸਿਰ ਕੱਢ ਰਹੇ ਹਾਂ, ਇਸ ਆਸ ਨਾਲ ਕੀ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਸਕੇ। ਹਰ ਅਖ਼ਬਾਰ ਛਪਣ ਤੋਂ ਬਾਅਦ ਆਸ ਹੁੰਦੀ ਹੈ ਕਿ ਕੋਈ ਦੋ ਬੋਲ ਹੱਲਾਸ਼ੇਰੀ ਦੇ ਸੁਣਨ ਨੂੰ ਮਿਲਣਗੇ। ਪਰ ਕਿੱਥੇ! ਜਿਨ੍ਹਾਂ ਪਾਠਕਾਂ ਨੂੰ ਕੁਝ ਪਸੰਦ ਆਉਂਦਾ ਉਹ ਤਾਂ ਵਿਚਾਰੇ ਸੰਪਰਕ ਕਰਨ ਦੀ ਖੇਚਲ ਵੀ ਨਹੀਂ ਕਰਦੇ। ਪਰ ਹਰ ਅਖ਼ਬਾਰ ਤੋਂ ਬਾਅਦ ਪੰਜ-ਦਸ ਇਹੋ ਜਿਹੇ ਫ਼ੋਨ ਜਾਂ ਈਮੇਲ ਜ਼ਰੂਰ ਆ ਜਾਂਦੇ ਹਨ ਜਿਨ੍ਹਾਂ ਦਾ ਜੇ ਪੰਜਾਬੀ ‘ਚ ਤਰਜਮਾ ਕੀਤਾ ਜਾਵੇ ਤਾਂ ਉਹ ਇਹ ਕਿ ‘ਧਰਨ ਟਿਕਾਣੇ’ ਕਰਨ ਦੇ ਲਿਹਾਜ਼ ਨਾਲ ਆਉਂਦੇ ਹਨ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਜੋ ਮਰਜ਼ੀ ਛਾਪੀ ਜਾਈਏ ਤੇ ਉਸ ਦੇ ਅਸੀਂ ਜਵਾਬ ਦੇਹ ਨਹੀ। ਅਸੀਂ ਤਾਂ ਆਪ ਕਹਿੰਦੇ ਹਾਂ ਕਿ ਅਖ਼ਬਾਰ ਦੀ ਆਪਣੀ ਪਸੰਦ-ਨਾਪਸੰਦ ਨਹੀਂ ਹੁੰਦੀ। ਇਹ ਤਾਂ ਇਕ ਮਹਿਜ਼ ਗੱਲ ਕਹਿਣ ਦਾ ਇਕ ਪਲੇਟਫ਼ਾਰਮ ਹੁੰਦਾ ਹੈ। ਬਹੁਤ ਸਾਰੇ ਸੱਜਣਾਂ ਮਿੱਤਰਾਂ ਨੂੰ ਜਦੋਂ ਸਾਡੇ ਨਾਲ ਅਸਹਿਮਤੀ ਹੁੰਦੀ ਹੈ ਤਾਂ ਉਹ ਬੜੇ ਸਭਿਅਕ ਤਰੀਕੇ ਨਾਲ ਉਸ ਨੂੰ ਸਾਡੇ ਕੋਲ ਜ਼ਾਹਿਰ ਕਰਦੇ ਹਨ ਤੇ ਅਸੀਂ ਵੀ ਉਨ੍ਹਾਂ ਨੂੰ ਅਖ਼ਬਾਰ ਵਿਚ ਥਾਂ ਦੇ ਕੇ ਮਾਣ ਮਹਿਸੂਸ ਕਰਦੇ ਹਾਂ। ਕੁਝ ਇਹੋ ਜਿਹੇ ਕਿਸਮ ਦੇ ਸੁਨੇਹੇ ਵੀ ਮਿਲਦੇ ਹਨ ਕਿ ਮੇਰਾ ਨਾਂ ਕਿਉਂ ਨਹੀਂ ਛਾਪਿਆ? ਭਾਵੇਂ ਹਰ ਅੰਕ ‘ਚ ਉਨ੍ਹਾਂ ਸਜਣਾ ਦਾ ਨਾਂ ਛਾਪੀ ਜਾਈਏ ਤਾਂ ਕੋਈ ਗੱਲ ਨਹੀਂ ਜੇ ਗਲਤੀ ਨਾਲ ਇਕ ਬਾਰ ਨਹੀਂ ਛਪਿਆ ਤਾਂ ਏਡਾ ਕੁ ਉਲਾਂਭਾ ਕੇ ਝੱਲਿਆ ਜਾਣਾ ਔਖਾ। ਚਲੋ ਜੀ ਗਿਲੇ ਨਾਲ ਸ਼ਿਕਵੇ ਚਲਦੇ ਰਹਿਣਗੇ ਪਿਆਰ ‘ਚ ਨੋਕ ਝੋਕ ਚਲਦੀ ਰਹੇਗੀ ਤੇ ਜਿੱਥੇ ਹੀਲੇ ਹੋਣਗੇ ਉਥੇ ਗ਼ਲਤੀਆਂ ਵੀ ਹੋਣ ਗੀਆਂ। ਸੋ ਇਕ ਬਾਰ ਫੇਰ ਆਪ ਸਭ ਦੇ ਸਾਥ ਦੇ ਸਦਾ ਰਿਣੀ ਰਹਾਂਗੇ।

ਹੁਣ ਗੱਲ ਕੁਝ ਭਖਦੇ ਮੁੱਦਿਆਂ ਦੀ; ਜਦੋਂ ਦਾ ਤੇ ਜਦੋਂ ਤੱਕ ਇਸ ਸੰਸਾਰ ਤੇ ਜੀਵਨ ਹੈ ਤੇ ਰਹੇਗਾ ਮੁੱਦੇ ਭਖਦੇ ਰਹਿਣਗੇ। ਪਰ ਅੱਜ ਕੱਲ੍ਹ ਇਕ ਨਵਾਂ ਰੁਝਾਨ ਹੋਰ ਦੇਖਣ ਨੂੰ ਮਿਲ ਰਿਹਾ, ਉਹ ਹੈ, ਸੋਸ਼ਲ ਮੀਡੀਆ ਰਾਹੀਂ ਇਕ ਦੂਜੇ ਤੇ ਗੰਦ ਸੁੱਟਣ ਦਾ, ਜਾ ਧੱਕੇ ਨਾਲ ਆਪਣੀ ਗੱਲ ਮੰਨਵਾਉਣ ਦਾ। ਅਕਾਲ ਪੁਰਖ ਨੇ ਜੋ ਵੰਨਗੀਆਂ ਸੰਸਾਰ ਨੂੰ ਦਿੱਤੀਆਂ ਉਨ੍ਹਾਂ ਦਾ ਵੀ ਜ਼ਰੂਰ ਕੋਈ ਮੰਤਵ ਹੋਵੇਗਾ ਨਹੀਂ ਤਾਂ ਉਹ ਵੀ ਸਾਰੇ ਸੰਸਾਰ ਦੀ ਸੋਚ ਨੂੰ ਇਕੋ ਜਿਹਾ ਬਣਾ ਸਕਦੇ ਸੀ। ਜਦੋਂ ਕਰਤੇ ਨੇ ਸਾਨੂੰ ਵੱਖੋ-ਵੱਖਰਾ ਰੱਖਿਆ ਤਾਂ ਅਸੀਂ ਕੋਣ ਹੁੰਦੇ ਹਾਂ ਇਕ ਦੂਜੇ ਤੇ ਆਪਣੀ ਸੋਚ ਥੋਪਣ ਵਾਲੇ? ਦੁਨਿਆਵੀ ਸਚਾਈ ਹੈ ਕਿ ਜੋ ਇਕ ਲਈ ਸ਼ਹੀਦ ਦਾ ਰੁਤਬਾ ਰੱਖਦਾ ਉਹੀ ਕਿਸੇ ਇਕ ਦੀਆਂ ਨਜ਼ਰਾਂ ‘ਚ ਕਾਤਲ ਵੀ ਹੁੰਦਾ। ਸੋ ਸਾਨੂੰ ਇਹੀ ਚਾਹੀਦੇ ਕਿ ਅਸੀਂ ਜਿਸ ਵੀ ਸੋਚ ਦੇ ਧਾਰਨੀ ਹੋਈਏ ਉਸੇ ਤੇ ਡਟ ਕੇ ਪਹਿਰਾ ਦੇਈਏ।  ਜਦੋਂ ਅਸੀਂ ਇਕ ਸਟੈਂਡ ਤੇ ਖੜ੍ਹੇ ਹੋਵਾਂਗੇ ਤਾਂ ਹੋਲੀ-ਹੋਲੀ ਮਿਲਦੀ ਸੋਚ ਵਾਲੀਆਂ ਦਾ ਕਾਫ਼ਲਾ ਬਣਦਾ ਜਾਵੇਗਾ ਤੇ ਇਕ ਦਿਨ ਤੁਹਾਡਾ ਬਹੁਮਤ ਤੁਹਾਨੂੰ ਜੇਤੂ ਕਰ ਦੇਵੇਗਾ। ਬੱਸ ਸਾਨੂੰ ਆਪਣੀ ਸੋਚ ਮੁਤਾਬਿਕ ਇਮਾਨਦਾਰ ਉਪਰਾਲੇ ਜਾਰੀ ਰੱਖਣੇ ਚਾਹੀਦੇ ਹਨ। ਨਿਸਬਤ ਇਸ ਗੱਲ ਦੇ ਕੀ ਦੂਜਿਆਂ ਤੇ ਆਪਣੀ ਸੋਚ ਜਬਰੀ ਥੋਪੀ ਜਾਵੇ ਜਾਂ ਗਾਲੀ-ਗਲੋਚ ਤੇ ਮੰਦੀ ਸ਼ਬਦਾਵਲੀ ਵਰਤੀ ਜਾਵੇ। ਇਤਿਹਾਸ ਗਵਾਹ ਹੈ ਕਿ ਜੋ ਲੋਕ ਜਬਰੀ ਕਿਸੇ ਦੀ ਸੋਚ ਬਦਲਣ ਦੀ ਕੋਸ਼ਿਸ਼ ਕਰਦੇ ਹਨ ਉਹ ਸਦਾ ਹੀ ਆਪਣਾ ਵਜੂਦ ਖ਼ਤਮ ਕਰ ਲੈਂਦੇ ਹਨ। ਸਿਆਸੀ ਲੋਕਾਂ ਵੱਲੋਂ ਹਰ ਮੁਹਿੰਮ ਨੂੰ ਭੁਨਾਇਆ ਜਾਂਦਾ ਰਿਹਾ ਹੈ ਤੇ ਮੌਜੂਦਾ ਸਮੇਂ ‘ਚ ਚੱਲ ਰਹੀ ਭਾਈ ਗੁਰਬਖ਼ਸ਼ ਸਿੰਘ ਲਹਿਰ ਤੇ ਵੀ ਸਿਆਸੀ ਕਾਂ ਮੰਡਰਾਉਂਦੇ ਦਿਖਾਈ ਦੇ ਰਹੇ ਹਨ। ਉਮੀਦ ਦੀ ਕਿਰਨ ਨਾਮ ਮਾਤਰ ਦਿਖਾਈ ਦੇ ਰਹੀ ਹੈ ਕਿ ਇਹ ਮੁਹਿੰਮ ਸਿਆਸੀ ਕਾਂਵਾਂ ਤੋਂ ਬਚ ਕੇ ਕਿਸੇ ਮੁਕਾਮ ਤੇ ਪਹੁੰਚ ਸਕੇਗੀ।

Install Punjabi Akhbar App

Install
×