ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਸਜਿਆ ਦੂਜਾ ਵਿਸ਼ਾਲ ਨਗਰ ਕੀਰਤਨ-ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਸੰਗਤ

NZ PIC 3 Jan-1
ਨਿਊਜ਼ੀਲੈਂਡ ਦੇ ਛੇਵੇਂ ਵੱਡੇ ਅਰਬਨ ਏਰੀਆ ਨਾਲ ਜਾਣੇ ਜਾਂਦੇ ਅਤੇ ਔਕਲੈਂਡ ਸ਼ਹਿਰ ਤੋਂ ਲਗਪਗ 200 ਕਿਲੋਮੀਟਰ ਦੂਰ ਵਸੇ ਸ਼ਹਿਰ ਟੌਰੰਗਾ ਜਿਸ ਦੀ ਆਬਾਦੀ ਲਗਪਗ ਸਵਾ ਲੱਖ ਦੇ ਕਰੀਬ ਹੈ ਵਿਖੇ ਵਸਦੇ ਸਿੱਖ ਭਾਈਚਾਰੇ ਨੇ ਅੱਜ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਦੂਜਾ ਮਹਾਨ ਨਗਰ ਕੀਰਤਨ ਸਜਿਆ। ਪ੍ਰਬੰਧਕ ਕਮੇਟੀ, ਇਲਾਕਾ ਨਿਵਾਸੀ ਸਾਧ-ਸੰਗਤ, ਤਨ-ਮਨ-ਧਨ ਨਾਲ ਸੇਵਾ ਕਰਨ ਵਾਲੇ ਪਰਿਵਾਰਾਂ ਅਤੇ ਸਥਾਨਕ ਕੌਂਸਿਲ ਦੇ ਸਹਿਯੋਗ ਨਾਲ ਸਫਲਤਾ ਪੂਰਨ ਸੰਪਨ ਹੋਏ ਅੱਜ ਦੇ ਨਗਰ ਕੀਰਤਨ ਦੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੂਰ-ਨੇੜਿਓ ਸ਼ਾਮਿਲ ਹੋਈਆਂ। ਇਹ ਨਗਰ ਕੀਰਤਨ ਦਸਵੇਂ ਪਾਤਸ਼ਾਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 348ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਸੀ। ਪਿਛਲੇ ਸਾਲ ਪਹਿਲੀ ਵਾਰ ਹੋਇਆ ਸੀ ਕਿ ਇਸ ਸ਼ਹਿਰ ਵਿਖੇ ਨਗਰ ਕੀਰਤਨ (ਸਿੱਖ ਪ੍ਰੇਡ) ਦੇ ਰਾਹੀਂ ਸਥਾਨਕ ਲੋਕਾਂ ਨੂੰ ਸਿੱਖਾਂ ਦੀ ਵੱਖਰੀ ਪਹਿਚਾਣ ਬਾਰੇ ਜਾਣੂ ਕਰਵਾਉਣ ਦਾ ਉਦਮ ਸਫਲ ਹੋਇਆ ਸੀ। ਇਸ ਵਾਰ ਫਿਰ ਉਦਮ ਸਥਾਨਕ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਸ੍ਰੀ ਸਾਇਮਨ ਬ੍ਰਿਜਸ, ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਨਗਰ ਕੌਂਸਿਲ ਦੇ ਮੇਅਰ, ਡਿਪਟੀ ਮੇਅਰ ਕੈਲਵਿਨ ਕਲਾਊਟ, ਬੇਅ ਆਫ਼ ਪਲੇਂਟੀ ਟੀ-ਪੁੱਕੀ ਸਿੱਖ ਸੁਸਾਇਟੀ, ਗੁਰਦੁਆਰਾ ਸਾਹਿਬ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਸਿਰੇ ਚੜ੍ਹਿਆ। ਨਗਰ ਕੀਰਤਨ ਦੀ ਰਹਿਨੁਮਾਈ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਫੁੱਲਾਂ ਨਾਲ ਸਜੇ ਟੱਰਕ ਦੇ ਵਿਚ ਪ੍ਰਕਾਸ਼ ਮਾਨ ਕੀਤਾ ਗਿਆ ਸੀ ਅਤੇ ਇਕ ਹੋਰ ਟਰੱਕ ਦੇ ਉਤੇ ਭਾਈ ਜਸਵੰਤ ਸਿੰਘ ਜੋਸ਼ ਦੇ ਢਾਡੀ ਜੱਥੇ ਨੇ ਵਾਰਾਂ ਰਾਹੀਂ ਖਾਲਸਈ ਮਾਹੌਲ ਸਿਰਜਿਆ। ਨਗਰ ਕੀਰਤਨ ਦੀ ਅਗਵਾਈ ਪੰਜ ਨਿਸ਼ਾਨਚੀ ਅਤੇ ਪੰਜ ਪਿਆਰੇ ਕਰ ਰਹੇ ਸਨ। ਝਾੜੂ ਬਰਦਾਰਾਂ ਅਤੇ ਜਲ ਦੀ ਸੇਵਾ ਕਰ ਰਹੇ ਸਿੰਘ ਸਿੰਘਣੀਆਂ ਨੇ ਸਤਿਕਾਰ ਵਜੋਂ ਰਸਤੇ ਨੂੰ ਨਾਲੋ-ਨਾਲ ਸਾਫ ਕੀਤਾ। ਪੂਰੇ ਗੁਰਦੁਆਰਾ ਸਾਹਿਬ ਵਿਖੇ ਵੀ ਰੰਗ-ਬਿਰੰਗੀਆਂ ਝੰਡੀਆ ਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਭਾਈ ਮਲਕੀਤ ਸਿੰਘ ਸੁੱਜੋਂ, ਭਾਈ ਮੇਜਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਨੌਰਾ ਵਾਲਿਆਂ ਦੇ ਹਜ਼ੂਰੀ ਰਾਗੀ ਜੱਥੇ ਨੇ ਆਪਣੀਆਂ ਵਧੀਆ ਸੇਵਾਵਾਂ ਨਿਭਾਈਆਂ ਅਤੇ ਇਸ ਜੱਥੇ ਵੱਲੋਂ ਸਿਖਾਏ ਬੱਚੀਆਂ ਜਸਦੀਪ ਕੌਰ, ਤਰਨਦੀਪ ਕੌਰ ਅਤੇ ਕਾਕਾ ਜਸਕਰਨ ਸਿੰਘ ਨੇ ਕਵਿਤਾਵਾਂ ਦੇ ਰਾਹੀਂ ਨਵਾਂ ਜੋਸ਼ ਭਰਿਆ। ਨਗਰ ਕੀਰਤਨ ਦੇ ਵਿਚ ਸ਼ਾਮਿਲ ਬੀਬੀਆਂ ਵਾਜ਼ਾਂ ਵਾਲੇ ਦੀ ਉਸਤਤ ਦੇ ਵਿਚ ਸ਼ਬਦ ਪੜ੍ਹ ਰਹੀਆਂ ਸਨ। ਦਸਮੇਸ਼ ਅਖਾੜਾ ਬੇਅ ਆਫ ਪਲੈਂਟੀ ਅਤੇ ਆਕਲੈਂਡ ਤੋਂ ਪਹੁੰਚੇ ਗਤਕਾ ਸਿੰਘਾਂ ਵੱਲੋਂ ਗਤਕੇ ਦੇ ਜੌਹਰ ਵਿਖਾਏ ਗਏ। ਗੋਰਿਆਂ ਦੇ ਇਕ ਮਸ਼ਹੂਰ ‘ਟੀ ਪੁੱਕੀ ਐਂਡ ਡਿਸਟ੍ਰਿਕਟ ਪਾਈਪ ਬੈਂਡ’ ਨੇ ਬਹੁਤ ਹੀ ਸੁੰਦਰ ਸੰਗੀਤਕ ਮਾਹੌਲ ਸਿਰਜਿਆ। ਟਰੱਕਾਂ ਦੀ ਸੇਵਾ ਹਰਪਾਲ ਸਿੰਘ ਪਾਲਾ ਤੇ ਰਣਜੀਤ ਸਿੰਘ, ਅਖੰਠ ਪਾਠ ਦੀ ਸੇਵਾ ਗੁਰਪਾਲ ਸਿੰਘ ਸ਼ੇਰਗਿੱਲ, ਡਰਿੰਕਾਂ ਅਤੇ ਫਰੂਟ ਦੀ ਸੇਵਾ ਗੁਰਪ੍ਰੀਤ ਸਿੰਘ-ਮਨੋਹਰ ਸਿੰਘ ਵੈਲਕਮ ਵੇਅ, ਮਨਜੀਤ ਸਿੰਘ ਪਾਪਾਮੋਆ, ਹਰਜਿੰਦਰ ਸਿੰਘ ਹੀਰਾ,  ਚੈਂਚਲ ਸਿੰਘ ਫੌਜੀ, ਚਰਨਜੀਤ ਸਿੰਘ ਮੰਡੀ, ਅਤੇ ਗਾਖਲ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਗਈ। ਟਰੱਕ ਸਜਾਉਣ ਦੀ ਸੇਵਾ ਕੁਲਵਿੰਦਰ ਸਿੰਘ ਤੇ ਸੁਰਜੀਤ ਸਿੰਘ ਵੱਲੋਂ ਕੀਤੀ ਗਈ।  ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਉਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਸੀ। ਨਿਊਜ਼ੀਲੈਂਡ ਪੁਲਿਸ ਅਤੇ ਟ੍ਰੈਫਿਕ ਕੰਪਨੀ ਵੱਲੋਂ ਆਵਾਜਾਈ ਦੇ ਪੁੱਖਤਾ ਪ੍ਰਬੰਧ ਕੀਤੇ ਗਏ। ਰਾਹ ਦੇ ਵਿਚ ਗੋਰੇ ਲੋਕਾਂ ਨੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਇਸ ਪ੍ਰੇਡ ਬਾਰੇ ਜਾਣਿਆ ਅਤੇ ਵੀਡੀਓਜ਼ ਅਤੇ ਫੋਟੋਆਂ ਨੂੰ ਆਪਣੇ ਕੈਮਰੇ ਵਿਚ ਬੰਦ ਕੀਤਾ। ਰਸਤੇ ਵਿਚ ਮਿਲਦੇ ਵੱਖ-ਵੱਖ ਤਰ੍ਹਾਂ ਦੇ ਪ੍ਰਸ਼ਾਦਿ ਨੂੰ ਉਨ੍ਹਾਂ ਬੜੇ ਸਤਿਕਾਰ ਨਾਲ ਪ੍ਰਾਪਤ ਕੀਤਾ ਅਤੇ ਖੁਸ਼ ਹੋਏ। ਸਿੱਖ ਧਰਮ ਬਾਰੇ ਜਾਣਕਾਰੀ ਦਿੰਦੇ ਪਰਚੇ ਵੀ ਸਥਾਨਕ ਲੋਕਾਂ ਨੂੰ ਵੰਡੇ ਗਏ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਨਿਊਜ਼ੀਲੈਂਡ ਪੰਜਾਬੀ ਮੀਡੀਆ ਤੋਂ ਇਲਾਵਾ ਇੰਗਲਿਸ਼ ਅਖਬਾਰਾਂ ਵਾਲੇ ਵੀ ਉਥੇ ਪੁਹੰਚੇ ਹੋਏ ਸਨ ਅਤੇ ਉਨ੍ਹਾਂ ਅੰਗਰੇਜ਼ੀ ਅਖਬਾਰਾਂ ਦੇ ਵਿਚ ਕਰਵੇਜ ਦਿੱਤੀ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨ-ਸਨਮਾਨ: ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਪੂਰਨ ਸਿੰਘ ਬੰਗਾ, ਗੁਰਪਾਲ ਸਿੰਘ ਸ਼ੇਰਗਿੱਲ, ਸ. ਦਲਜੀਤ ਸਿੰਘ ਭੁੰਗਰਨੀ ਅਤੇ ਹੋਰ ਪ੍ਰਬੰਧਕ ਮੈਂਬਰਾਂ ਨੇ ਸ. ਕੰਵਲਜੀਤ ਸਿੰਘ ਬਖਸ਼ੀ, ਡਿਪਟੀ ਮੇਅਰ ਕੈਲਵਿਨ ਕਲਾਊਟ, ਪਾਈਪ ਬੈਂਡ ਟੀਮ, ਪੁਲਿਸ ਅਫਸਰ, ਸ. ਖੜਗ ਸਿੰਘ ਸਿੱਧੂ ਔਕਲੈਂਡ ਅਤੇ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕੱਲ ਸਵੇਰੇ 10 ਵਜੇ ਪਵੇਗਾ ਅਖੰਠ ਪਾਠ ਦਾ ਭੋਗ: ਗੁਰਦੁਆਰਾ ਸਾਹਿਬ ਵਿਖੇ ਬੀਤੇ ਕੱਲ੍ਹ ਤੋਂ ਅਖੰਠ ਪਾਠ ਆਰੰਭ ਹਨ ਜਿਨ੍ਹਾਂ ਦੇ ਭੋਗ ਕੱਲ੍ਹ ਐਤਵਾਰ ਸਵੇਰੇ 10 ਵਜੇ ਪਾਏ ਜਾ ਰਹੇ ਹਨ। ਸਮੂਹ ਸੰਗਤ ਨੂੰ ਹੁੰਮ-ਹੁੰਮਾ ਕੇ ਪਹੁੰਚਣ ਬੇਨਤੀ ਕੀਤੀ ਗਈ ਹੈ।