ਨਿਊਜ਼ੀਲੈਂਡ ਦੀ ਇਕ ਮੋਹਰੀ ਟੈਲੀਫੋਨ ਕੰਪਨੀ ‘2 ਡਿਗਰੀਜ਼’ ਨੇ ਸਰਦਾਰ ਮੁੰਡੇ ਨੂੰ ਆਪਣੇ ਬਿਲਬੋਰਡਾਂ ਦੇ ਵਿਚ ਥਾਂ

NZ PIC 28 June-1ਨਿਊਜ਼ੀਲੈਂਡ ਵਿਖੇ ਪੜ੍ਹਾਈ ਤੋਂ ਬਾਅਦ ਸੈਟਲ ਹੋਣਾ ਭਾਰਤੀ ਵਿਦਿਆਰਥੀਆਂ ਲਈ ਅੱਜ ਦੀ ਤਰੀਕ ਵਿਚ ਭਾਵੇਂ ਇਕ ਵੱਡੀ ਚੁਣੌਤੀ ਬਣ ਚੁੱਕਿਆ ਹੈ ਪਰ ਅਜਿਹੇ ਵਿਦਿਆਰਥੀ ਵੀ ਹਨ ਜਿਹੜੇ ਪੜ੍ਹਾਈ ਤੋਂ ਬਾਅਦ ਸੈਟਲ ਹੋ ਕੇ ਕਿਸੇ ਵੱਡੀ ਕੰਪਨੀ ਦੇ ਵਿਸਥਾਰ ਸਬੰਧੀ ਲੱਗਣ ਵਾਲੇ ਇਲੈਕਟ੍ਰਾਨਿਕ ਬਿਲਬੋਰਡਾਂ (ਵੱਡ ਅਕਾਰੀ ਇਸ਼ਤਿਹਾਰੀ ਬੋਰਡ) ਦੇ ਵਿਚ ਆਪਣੀ ਜਗ੍ਹਾ ਬਣਾ ਚੁੱਕੇ ਹਨ। ਇਕ ਅਜਿਹਾ ਹੀ ਦਸਤਾਰ ਧਾਰੀ ਸਰਦਾਰ ਮੁੰਡਾ ਸ. ਮਨਪ੍ਰੀਤ ਸਿੰਘ ਔਲਖ ਸਪੁੱਤਰ ਸ. ਬਲਦੇਵ ਸਿੰਘ ਔਲਖ ਪਿੰਡ ਉਗਰ ਔਲਖ ਜ਼ਿਲ੍ਹਾ ਅੰਮ੍ਰਿਤਸਰ ਅੱਜ ਕੱਲ ਇਥੇ ਤੀਜੇ ਨੰਬਰ ਦੀ ਮੋਬਾਇਲ ਅਤੇ ਹੁਣ ਲੈਂਡ ਲਾਈਨ ਦੇ ਵਿਚ ਕਦਮ ਧਰ ਰਹੀ ਇਕ ਵੱਡੀ ਕੰਪਨੀ ‘2 ਡਿਗਰੀਜ਼’ ਦੇ ਵੱਡੇ ਇਸ਼ਤਿਹਾਰੀ ਬੋਰਡਾਂ ਦੇ ਵਿਚ ਪੱਗ ਦੀ ਸ਼ਾਨ ਵਧਾ ਰਿਹਾ ਹੈ। ਆਕਲੈਂਡ ਸਮੇਤ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਕ੍ਰਾਈਸਟਚਰਚ, ਵਲਿੰਗਟਨ, ਹਮਿਲਟਨ ਦੇ ਸਾਰੇ ਸੀ.ਬੀ.ਡੀ. ਇਲਾਕਿਆਂ ਵਿਚ ਬਹੁਤ ਸਾਰੇ ਥਾਵਾਂ ਉਤੇ ਇਲੈਕਟ੍ਰਾਨਿਕ ਅਤੇ ਵਾਲ ਹੈਂਗਿਗ ਬੋਰਡਾਂ ਦੇ ਉਤੇ ਇਸ ਪਗੜੀਧਾਰੀ ਨੌਜਵਾਨ ਦੀ ਤਸਵੀਰ ਲੱਗੀ ਹੋਈ ਹੈ। ਕੰਪਨੀ ਨੇ ਆਪਣੇ ਲਗਪਗ 800 ਮੁਲਾਜ਼ਮਾਂ ਦੇ ਵਿਚ ਕੁਝ ਅਜਿਹੇ ਚਿਹਰੇ ਸਪੈਸ਼ਲ ਅਰਜ਼ੀਆਂ ਮੰਗ ਕੇ ਚੁਣੇ ਸਨ ਜਿਨ੍ਹਾਂ ਦੇ ਵਿਚ ਇਸ ਸਰਦਾਰ ਮੁੰਡੇ ਦੀ ਤਸਵੀਰ ਵੀ ਚੁਣੀ ਗਈ। ਕਰਾਈਸਟਚਰਚ ਦੇ ਹਵਾਈ ਅੱਡੇ ਉਤੇ ਇਸ ਨੌਜਵਾਨ ਦੀ ਤਸਵੀਰ ਹੈ, ਆਕਲੈਂਡ ਦੇ ਮੁੱਖ ਰੇਲਵੇ ਸਟੇਸ਼ਨ ਬ੍ਰਿਟੋਮਾਰਟ ਦੇ ਬਾਹਰਵਾਰ, ਵੱਡੀਆਂ ਦੀਵਾਰਾਂ ਉਤੇ ਬਹੁਤ ਸਾਰੀਆਂ ਪਬਲਲਿਕ ਥਾਵਾਂ ਉਤੇ ਬਣੇ ਲਾਈਟਾਂ ਵਾਲੇ ਬੋਰਡਾਂ ਵਿਚ ਲੱਗੀ ਇਸਦੀ ਤਸਵੀਰ ਪੱਗ ਦੀ ਸ਼ਾਨ ਵਧਾਉਂਦੀ ਹੈ ਅਤੇ ਦਸਤਾਰਾਂ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਇਕ ਸੁਨੇਹਾ ਛੱਡਦੀ ਹੈ। ਮਨਪ੍ਰੀਤ ਸਿੰਘ 2008 ਦੇ ਵਿਚ ਇਥੇ ਆਈ.ਟੀ. ਦੀ ਪੜ੍ਹਾਈ ਕਰਨ ਆਇਆ ਸੀ ਅਤੇ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਨਾਲ 2010 ਦੇ ਵਿਚ ਹੀ ਪੱਕਾ ਹੋ ਗਿਆ ਸੀ। 2 ਡਿਗਰੀ ਕੰਪਨੀ ਦੇ ਵਿਚ ਹੁਣ ਉਹ ਨੈਟਵਰਕ ਅਪ੍ਰੇਸ਼ਨ ਇੰਜੀਨੀਅਰ ਦੇ ਤੌਰ ‘ਤੇ ਕੰਮ ਕਰ ਰਿਹਾ ਹੈ। ਉਸਦੇ ਮਾਤਾ ਪਿਤਾ ਕੁਝ ਮਹੀਨੇ ਪਹਿਲਾਂ ਹੀ ਆਪਣੇ ਬੱਚੇ ਦੀ ਕਾਬਲੀਅਤ ਅਤੇ ਦੂਰ ਦੁਰਾਡੇ ਬੈਠ ਕੇ ਉਸਦੇ ਸਾਕਾਰ ਹੁੰਦੇ ਸੁਪਨਿਆਂ ਨੂੰ ਵੇਖ ਕੇ ਪਰਤੇ ਹਨ।
ਥਾਂ-ਥਾਂ ਲੱਗੇ ਬੌਰਡਾਂ ਤੋਂ ਹੁਣ ਉਸਦੇ ਦੋਸਤ ਮਿੱਤਰ ਅਤੇ ਸਹਿਪਾਠੀ ਉਸਨੂੰ ਮੋਬਾਇਲ ਫੋਨ ਤੋਂ ਤਸਵੀਰਾਂ ਭੇਜ ਕੇ ਵਧਾਈ ਸੰਦੇਸ਼ ਭੇਜਦੇ ਹਨ ਅਤੇ ਮਾਣ ਮਹਿਸੂਸ ਕਰਦੇ ਹਨ। ਸ਼ਾਲਾ! ਇਹ ਨੌਜਵਾਨ ਇਸੇ ਤਰ੍ਹਾਂ ਸਰਦਾਰੀ ਅਤੇ ਦਸਤਾਰ ਕਾਇਮ ਰੱਖਦਿਆਂ ਇਸ ਮੁਲਕ ਦੇ ਵਿਚ ਸਰਦਾਰਾਂ ਦਾ ਨਾਂਅ ਉਚਾ ਕਰਦੇ ਰਹੇ।

Install Punjabi Akhbar App

Install
×