ਮਿੱਟੀ ਅਤੇ ਮਸ਼ੀਨ ‘ਚ ਦਫਨ ਹੋਏ ਸੁਪਨੇ

– ਨਿਊਜ਼ੀਲੈਂਡ ‘ਚ  ਪੰਜਾਬੀ ਨੌਜਵਾਨ ਹਰਚੇਤ ਸਿੰਘ ਗਿੱਲ ਦੀ ਆਲੂ ਪੁੱਟਣ ਵਾਲੀ ਮਸ਼ੀਨ ‘ਚ ਆਉਣ ਕਾਰਨ ਦਰਦਨਾਕ ਮੌਤ
NZ PIC 17 Feb-1
(ਆਲੂ ਪੁੱਟਣ ਵਾਲੀ ਮਸ਼ੀਨ ਜਿੱਥੇ ਦੁਰਘਟਨਾ ਹੋਈ ਅਤੇ ਪੰਜਾਬੀ ਨੌਜਵਾਨ ਹਰਚੇਤ ਸਿੰਘ ਗਿੱਲ ਜਿਸ ਦੀ ਦਰਦਨਾਕ ਮੌਤ ਹੋ ਗਈ )
ਔਕਲੈਂਡ -ਪੰਜਾਬ ਦੇ ਆਪਣੇ ਖੇਤੀ ਫਾਰਮਾਂ ਜੋ ਸ਼ਾਇਦ ਅੱਜ ਦੇ ਨੌਜਵਾਨ ਦੇ ਸੁਪਨੇ ਪੂਰੇ ਨਹੀਂ ਕਰ ਸਕਦੇ, ਨੂੰ ਛੱਡ ਉਚ ਪੜ੍ਹਾਈ ਦੇ ਖੰਬ ਲਾ ਵਿਦੇਸ਼ ਉਡਾਰੀ ਮਾਰਨ ਵਾਲੇ ਕਈ ਪੰਜਾਬੀ ਨੌਜਵਾਨਾਂ ਦੇ ਸੁਪਨੇ ਫਿਰ ਮਿੱਟੀ ਅਤੇ ਮਸ਼ੀਨੀਕਰਣ ਵਿਚ ਦੱਬ ਦਫਨ ਹੋ ਜਾਂਦੇ ਹਨ। ਅਜਿਹੇ ਹੀ ਸੁਪਨੇ ਲੈ ਕੇ ਪੰਜਾਬ ਦੇ ਪਿੰਡ ਭਾਗੀ ਬਾਂਦਰ (ਤਲਵੰਡੀ ਸਾਬੋ) ਤੋਂ 28 ਸਾਲਾ ਪੰਜਾਬੀ ਨੌਜਵਾਨ ਹਰਚੇਤ ਸਿੰਘ ਗਿੱਲ ਦੋ ਕੁ ਸਾਲ ਪਹਿਲਾਂ ਇਥੇ ਬਿਜ਼ਨਸ ਦੀ ਪੜ੍ਹਾਈ ਕਰਨ ਆਇਆ ਸੀ। ਪੜ੍ਹਾਈ ਉਪਰੰਤ ਹੁਣ ਇਹ ਨੌਜਵਾਨ ਓਪਨ ਵਰਕ ਵੀਜੇ ਉਤੇ ਇਕ ਖੇਤੀ ਫਾਰਮ ਦੇ ਵਿਚ ਕੰਮ ਕਰਦਾ ਸੀ। ਅੱਜ ਉਹ ਆਕਲੈਂਡ ਦੇ ਲਾਗੇ ਹੀ ਇਕ ਛੋਟੋ ਸ਼ਹਿਰ ਪੁੱਕੀਕੋਹੀ ਨੇੜੇ ਪੂਨੀ ਪਿੰਡ ਦੇ ਇਕ ਫਾਰਮ ਵਿਚ ਆਲੂ ਪੁੱਟਣ ਵਾਲੀ ਮਸ਼ੀਨ ਜਿਸ ਨੂੰ ‘ਪਟਾਟੋ ਹਾਰਵੈਸਟਰ’ ਕਹਿੰਦੇ ਹਨ, ਉਤੇ ਕੰਮ ਕਰ ਰਿਹਾ ਸੀ। ਬਾਕੀ ਦੇ ਕੁਝ ਹੋਰ ਵਰਕਰ ਉਸ ਸਮੇਂ ਲੰਚ ਬ੍ਰੇਕ ਉਤੇ ਸਨ। ਪਤਾ ਲੱਗਾ ਹੈ ਕਿ ਟ੍ਰੈਕਟਰ ਤਾਂ ਰੁਕਿਆ ਹੋਇਆ ਸੀ, ਪਰ ਪਿਛੇ ਮਸ਼ੀਨ ਚੱਲ ਰਹੀ ਸੀ ਅਤੇ ਉਹ ਮੁੰਡਾ ਸ਼ਾਇਦ ਮਸ਼ੀਨ ਦੇ ਵਿਚ ਕੁਝ ਫਸਿਆ ਕੱਢਣ ਲੱਗਾ ਸੀ ਕਿ ਉਹ ਮਸ਼ੀਨ ਦੇ ਗੇੜ ਵਿਚ ਆ ਗਿਆ। ਦੁਪਹਿਰ 12.47 ਉਤੇ ਪੁਲਿਸ ਅਤੇ ਐਂਬੂਲੈਂਸ ਨੂੰ ਫੋਨ ਕਾਲ ਕੀਤੀ ਗਈ, ਪਰ ਇਸ ਨੌਜਵਾਨ ਦੀ ਮੌਤ ਤੁਰੰਤ ਹੋ ਗਈ ਦੱਸੀ ਜਾਂਦੀ ਹੈ। ਐਮਰਜੈਂਸੀ ਸੇਵਾਵਾਂ ਦੇ ਵਿਚ ਚਾਰ ਪੁਲਿਸ ਗੱਡੀਆਂ, ਦੋ ਫਾਇਰ ਬ੍ਰਿਗੇਡ ਅਤੇ ਇਕ ਐਂਬੂਲੈਂਸ ਮੌਕੇ ‘ਤੇ ਬਚਾਉਣ ਪੁੱਜੀ ਪਰ ਕਿਸਮਤ ਨੇ ਸਾਥ ਨਾ ਦਿੱਤਾ। ਉਸਦੇ ਪਿੰਡ ਦੇ ਕੁਝ ਮੁੰਡੇ ਹੁਣ ਇਸ ਮੁੰਡੇ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਅਤੇ ਪੁਲਿਸ ਪੜ੍ਹਤਾਲ ਵਿਚ ਸਹਿਯੋਗ ਕਰ ਰਹੇ ਹਨ।  ਹਰਚੇਤ ਸਿੰਘ ਗਿੱਲ ਆਪਣੇ ਪਿਤਾ ਸ. ਠਾਣਾ ਸਿੰਘ ਅਤੇ ਮਾਤਾ ਕਰਮਜੀਤ ਕੌਰ ਦਾ ਛੋਟਾ ਸਪੁੱਤਰ ਸੀ। ਇਸਦਾ ਇਕ ਵੱਡਾ ਭਰਾ ਅਣਵਿਆਹਿਆ ਅਤੇ ਦੋ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਹਨ।
ਆਰਥਿਕ ਹਾਲਤ ਚੰਗੀ ਨਹੀਂ: ਇਸ ਪੱਤਰਕਾਰ ਨੇ ਪਿੰਡ ਰਹਿੰਦੇ ਉਸਦੇ ਚਚੇਰੇ ਭਰਾ ਸ. ਬਲਕਰਨ ਸਿੰਘ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਐਨੀ ਵਧੀਆ ਨਹੀਂ ਹੈ। ਇਸ ਮੁੰਡੇ ਨੂੰ ਉਨ੍ਹਾਂ ਕਾਫੀ ਖਰਚਾ ਕਰਕੇ ਪੜ੍ਹਨ ਭੇਜਿਆ ਸੀ। ਇਹ ਮੁੰਡਾ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ ਅਤੇ ਸਕੂਲ ਨੇ ਉਸਨੂੰ ਸਨਮਾਨਿਤ ਵੀ ਕੀਤਾ ਸੀ। ਪਰਿਵਾਰ ਨੇ ਇਥੇ ਵਸਦੀ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ।

Install Punjabi Akhbar App

Install
×