28ਵੀਆਂ ਸਿੱਖ ਖੇਡਾਂ

sampadaki pic
ਪ੍ਰਬੰਧ ਸੁਚੱਜੇ ਹੋਣ ਤਾਂ ਘੱਟ ਸਾਧਨਾ ਨਾਲ ਵੀ ਕਾਰਜ ਕਾਮਯਾਬ ਕੀਤੇ ਜਾ ਸਕਦੇ ਹਨ ਪਰ ਇਸ ਬਾਰ ਤਾਂ ਸਾਧਨਾਂ ਦੀ ਕੋਈ ਘਾਟ ਨਹੀਂ ਦਿਖਾਈ ਦੇ ਰਹੀ। ੨੮ ਵੀਆਂ ਸਿੱਖ ਖੇਡਾਂ ‘ਚ ਗਿਣਤੀ ਦੇ ਦਿਨ ਰਹਿ ਗਏ ਹਨ। ਪਰ ਹੁਣ ਤੱਕ ਦੇ ਮਿਲੇ ਹੁੰਗਾਰੇ ਤੋਂ ਤਾਂ ਇਹਨਾਂ ਖੇਡਾਂ ਦੀ ਕਾਮਯਾਬੀ ਦੀ ਖ਼ੁਸ਼ਬੋ ਆ ਰਹੀ ਹੈ। ਮਿਸਾਲ ਦੇ ਤੌਰ ਤੇ ਲੋਕਲ ਕਮੇਟੀ ਦੇ ਨਾਲ-ਨਾਲ ਵੱਲਗੁਲਗਾ ਦੀ ਸੰਗਤ ਵੱਲੋਂ ਪਾਏ ਜਾ ਰਹੇ ਯੋਗਦਾਨ ਕਾਮਯਾਬੀ ਦੀ ਕਹਾਣੀ ਦਰਸਾਉਂਦੇ ਹਨ। ਸੋਨੇ ਤੇ ਸੁਹਾਗੇ ਵਾਲੀ ਕਹਾਵਤ ਕਿਤੇ ਨਾ ਕਿਤੇ ਸੱਚ ਹੁੰਦੀ ਦਿਖਾਈ ਦੇ ਰਹੀ ਹੈ। ਵੱਲਗੁਲਗਾ ‘ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਐਵੇਂ ਨਹੀਂ ਥੰਦੇ ਭਾਂਡੇ ਦੇ ਤੌਰ ਤੇ ਜਾਣਿਆ ਜਾਂਦਾ। ਇਸ ਗੱਲ ਨੂੰ ਉਨ੍ਹਾਂ ੨੮ਵੀਆਂ ਸਿੱਖ ਖੇਡਾਂ ‘ਚ ਵੱਧ ਚੜ੍ਹ ਕੇ ਫ਼ੰਡ ਦੇ ਕੇ ਸਾਬਤ ਵੀ ਕਰ ਦਿੱਤਾ ਹੈ। ਜਦੋਂ ਕਿਸੇ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਰੋਲ ਬਜਟ ਨਿਭਾਉਂਦਾ ਹੈ। ਖੁੱਲ੍ਹ ਦਿਲੀ ਨਾਲ ਦਿੱਤੇ ਵੱਲਗੁਲਗਾ ਦੀ ਸੰਗਤ ਵੱਲੋਂ ਫ਼ੰਡ ਨੇ ਅੱਧ ਤੋਂ ਵੱਧ ਸਮੱਸਿਆਵਾਂ ਦਾ ਨਿਬੇੜਾ ਤਾਂ ਕਾਰਜ ਤੋਂ ਪਹਿਲਾ ਹੀ ਕਰ ਦਿੱਤਾ ਹੈ। ਉਮੀਦ ਇਹੀ ਲਾਈ ਜਾ ਰਹੀ ਹੈ ਕਿ ਸਿੱਖ ਖੇਡਾਂ ਦੇ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਫ਼ੰਡ ਅਤੇ ਬਜਟ ਇਸ ਬਾਰ ਦਾ ਹੋਵੇਗਾ। ਹੁਣ ਜਦੋਂ ਤੜਕੇ ਲਈ ਘਿਉ ਖੁਲੇ ਦਿਲ ਨਾਲ ਪਾ ਦਿੱਤਾ ਹੈ ਤਾਂ ਤੋਰੀਆਂ ਦਾ ਸੁਆਦ ਬਣਨਾ ਤਾਂ ਲਾਜ਼ਮੀ ਦਿਸ ਰਿਹਾ ਹੈ।
ਪਰ ਕਈ ਬਾਰ ਮਾੜੇ ਪ੍ਰਬੰਧ ਵੀ ਕਿਸੇ ਕਾਰਜ ਨੂੰ ਲੈ ਡੁੱਬਦੇ ਹਨ। ਪਰ ਹੁਣ ਤੱਕ ਦੇ ਪ੍ਰਬੰਧ ਦੇਖ ਕੇ ਇਕ ਗੱਲ ਦੀ ਤਸੱਲੀ ਹੋਈ ਹੈ ਕਿ ਇਹਨਾਂ ਖੇਡਾਂ ‘ਚ ਕੋਈ ਵਨ-ਮੈਨ ਸ਼ੋਅ ਨਹੀਂ ਹੋਣ ਜਾ ਰਿਹਾ। ਸਾਰੀ ਕਮੇਟੀ ਅਤੇ ਵੱਲਗੁਲਗਾ ਦੀ ਸੰਗਤ ਰਲ-ਮਿਲ ਕੇ ਉਪਰਾਲੇ ਕਰ ਰਹੀ ਹੈ। ਜਿਸ ਦੇ ਨਤੀਜੇ ਟੀਮਾਂ ਦੀ ਗਿਣਤੀ ਤੋਂ ਲਾਏ ਜਾ ਸਕਦੇ ਹਨ। ਪਤਾ ਚੱਲਿਆ ਹੈ ਕਿ ਇਸ ਬਾਰ ਸਾਕਰ ਦੀਆਂ ੪੫ ਦੇ ਕਰੀਬ ਟੀਮਾਂ ਹਿੱਸਾ ਲੈਣ ਆ ਰਹੀਆਂ ਹਨ। ਕਬੱਡੀ ਦੇ ਮਾਮਲੇ ਵਿਚ ਵੀ ਬਹੁਤ ਹੀ ਸੋਹਣੀ ਖ਼ਬਰ ਇਹ ਆਈ ਹੈ ਕਿ ਆਸਟ੍ਰੇਲੀਆ ਦੇ ਤਕਰੀਬਨ ਸਾਰੇ ਕਲੱਬ ਇਹਨਾਂ ਖੇਡਾਂ ‘ਚ ਹਿੱਸਾ ਲੈਣ ਆ ਰਹੇ ਹਨ। ਜਿਨ੍ਹਾਂ ਦੀ ਗਿਣਤੀ ਪੰਦਰਾਂ ਦੇ ਕਰੀਬ ਦੱਸੀ ਜਾ ਰਹੀ ਹੈ। ਤੀਜੀ ਚੰਗੀ ਖ਼ਬਰ ਇਹ ਹੈ ਕਿ ਅਕਸਰ ਸਿੱਖ ਖੇਡਾਂ ‘ਚ ਇਹ ਸ਼ਿਕਾਇਤ ਹੁੰਦੀ ਸੀ ਕਿ ਲੜਕੀਆਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੁੰਦੀ ਹੈ ਪਰ ਇਸ ਬਾਰ ਲੜਕੀਆਂ ਦੀਆਂ ਵੀ ਰਿਕਾਰਡ ਟੀਮਾਂ ਨੇ ਆਪਣੀ ਐਂਟਰੀ ਕਾਰਵਾਈ ਹੈ। ਪ੍ਰਬੰਧਕਾਂ ਨਾਲ ਗੱਲ ਕਰਨ ਤੇ ਪਤਾ ਚੱਲਿਆ ਹੈ ਕਿ ਇਸ ਬਾਰ ਸਕਿਉਰਿਟੀ ਦਾ ਵਿਸ਼ੇਸ਼ ਧਿਆਨ ਰੱਖਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ ਗਰਾਊਂਡ ਵਿਚ ਉਹੀ ਲੋਕ ਜਾ ਸਕਣਗੇ ਜਿਨ੍ਹਾਂ ਕੋਲ ਕਮੇਟੀ ਵੱਲੋਂ ਜਾਰੀ ਕੀਤਾ ਪਛਾਣ ਪੱਤਰ ਹੋਵੇਗਾ। ਕਿਉਂਕਿ ਦਰਸ਼ਕਾਂ ਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਸੀ ਕਿ ਗਰਾਊਂਡ ਵਿਚ ਖਿਡਾਰੀਆਂ ਨਾਲੋਂ ਵੀ ਜ਼ਿਆਦਾ ਪ੍ਰਬੰਧਕ ਜਾਂ ਮੀਡੀਆ ਦੇ ਲੋਕ ਪਹੁੰਚ ਜਾਂਦੇ ਹਨ। ਜੋ ਦਰਸ਼ਕਾਂ ਦਾ ਸੁਆਦ ਕਿਰਕਿਰਾ ਕਰਦੇ ਹਨ। ਉਮੀਦ ਹੈ ਇਸ ਬਾਰ ਇਸ ਸਮੱਸਿਆ ਤੋਂ ਨਿਜਾਤ ਪਾ ਲਈ ਜਾਵੇ।
ਅਕਸਰ ਆਸਟ੍ਰੇਲੀਆ ਦੇ ਪੰਜਾਬੀ ਮੀਡੀਆ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਗਰਾਊਂਡ ਕੋਲ ਸਾਧਨ ਅਤੇ ਨਤੀਜੇ ਮੁਹੱਈਆ ਨਹੀਂ ਕਰਵਾਏ ਜਾਂਦੇ ਸੋ ਇਹਨਾਂ ਗੱਲਾਂ ਖ਼ਾਤਰ ਇਸ ਬਾਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਖੇਡਾਂ ਵਿਚ ਦਰਸ਼ਕਾਂ ਦੀ ਸ਼ਮੂਲੀਅਤ ਬਾਰੇ ਭਾਵੇਂ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਹੁਣ ਤੱਕ ਕੌਫਸ ਹਾਰਬਰ ਦੇ ਤਕਰੀਬਨ ਪੰਜਾਹ-ਪੰਜਾਹ ਕਿੱਲੋਮੀਟਰ ਦੇ ਵਿਚ ਹੋਟਲ ਬੁੱਕ ਹੋ ਚੁੱਕੇ ਹਨ। ਦੂਜਾ ਇਸ ਇਲਾਕੇ ਨੂੰ ਆਸਟ੍ਰੇਲੀਆ ਦੇ ਸਵਰਗ ਦੇ ਤੌਰ ਤੇ ਵੀ ਜਾਣਿਆ ਜਾਣ ਕਾਰਨ ਦੂਰ-ਦੂਰ ਤੋਂ ਲੋਕ ਇਥੇ ਆਉਣ ਦੇ ਚਾਹਵਾਨ ਦਿਖਾਈ ਦੇ ਰਹੇ ਹਨ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਦਰਸ਼ਕਾਂ ਵੱਲੋਂ ਵੀ ਇਹ ਖੇਡਾਂ ਕਾਮਯਾਬ ਰਹਿਣ ਗੀਆਂ।
ਇਹਨਾਂ ਖੇਡਾਂ ‘ਚ ਆਧੁਨਿਕਤਾ ਦਾ ਪੂਰਾ ਲਾਹਾ ਲਿਆ ਜਾ ਰਿਹਾ ਹੈ। ਆਂਕੜੇ ਦੱਸਦੇ ਹਨ ਕਿ ਖੇਡਾਂ ਦੀ ਵੈੱਬ ਸਾਈਟ ਤੇ ਹਰ ਰੋਜ ਪੰਦਰਾਂ ਸੌ ਲੋਕ ਸਰਫ਼ ਕਰ ਰਹੇ ਹਨ। ਪਾਰਦਰਸ਼ਤਾ ਦੇ ਮਾਮਲੇ ‘ਚ ਇਹ ਕਮੇਟੀ ਵਧਾਈ ਦੀ ਪਾਤਰ ਹੈ। ਸਾਰੀ ਜਾਣਕਾਰੀ ਨਾਲ ਦੀ ਨਾਲ ਜਨਤਕ ਕੀਤੀ ਜਾ ਰਹੀ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ‘ਚ ਸਾਡੇ ਗੁਰੂ ਘਰਾਂ ‘ਚ ਵੀ ਏਨੀ ਪਾਰਦਰਸ਼ਤਾ ਵਾਲੀ ਲੀਹ ਤੁਰੇਗੀ ਤੇ ਸੰਗਤ ਦੀ ਦਾਨ ਦੇਣ ਦੀ ਝਿਜਕ ਖ਼ਤਮ ਹੋ ਜਾਵੇਗੀ। ਹੁਣ ਜਦੋਂ ਮੇਜ਼ਬਾਨ ਏਨੇ ਵਧੀਆ ਇੰਤਜ਼ਾਮ ਕਰ ਰਹੇ ਹੋਣ ਤਾਂ ਮਹਿਮਾਨਾਂ ਦੇ ਵੀ ਕੁਝ ਇਖ਼ਲਾਕੀ ਫ਼ਰਜ਼ ਬਣ ਜਾਂਦੇ ਹਨ ਕਿ ਉਹ ਇਹਨਾਂ ਖੇਡਾਂ ਨੂੰ ਹੋਰ ਵਧੀਆ ਬਣਾਉਣ ਲਈ ਬਣਦਾ ਯੋਗਦਾਨ ਦੇਣ। ਹੁਣ ਤੱਕ ਦੇ ਵਰਤਾਰੇ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਸੋਨੇ ਨੂੰ ਸੁਹਾਗੇ ਰੂਪੀ ਪ੍ਰਬੰਧਕ ਹੋਰ ਨਿਖਾਰ ਕੇ ਦੁਨੀਆ ਮੂਹਰੇ ਮਿਸਾਲ ਕਾਇਮ ਕਰਨ ‘ਚ ਕੋਈ ਕਸਰ ਨਹੀਂ ਛੱਡਣਗੇ। ਪਰ ਕਹਿੰਦੇ ਹੁੰਦੇ ਆ ਕਿ ਵਕਤ ਤੋਂ ਪਹਿਲਾਂ ਤਾਂ ਅੰਦਾਜ਼ੇ ਲਾਏ ਜਾ ਸਕਦੇ ਹਨ, ਹਕੀਕਤ ਤਾਂ ਬਾਅਦ ‘ਚ ਹੀ ਉੱਘੜ ਕੇ ਸਾਹਮਣੇ ਆਉਂਦੀ ਹੈ। ਚੰਗੀ ਆਸ ਰੱਖੀਆਂ ਚੰਗਾ ਹੋਣ ਦੀ ਸੰਭਾਵਨਾ ਵਧਦੀ ਹੈ। ਆਸ ਕਰਦੇ ਹਾਂ ਕਿ ਹੁਣ ਤੱਕ ਦੇ ਜੋ ਵਰਤਾਰੇ ਤੇ ਵਾਅਦੇ ਮੇਜ਼ਬਾਨ ਵੱਲੋਂ ਹੋ ਰਹੇ ਹਨ ਉਹ ਉਨ੍ਹਾਂ ਦੀ ਸੋਚ ਮੁਤਾਬਿਕ ਪੂਰੇ ਹੋਣ ਤੇ ਇਸ ਸਾਰੇ ਕਾਰਜ ‘ਚ ਕੁਦਰਤ ਵੀ ਆਪਣਾ ਸਾਥ ਦੇਵੇ ਤੇ ਤਿੰਨੇ ਦਿਨ ਮੌਸਮ ਸਾਫ਼ ਰਹੇ।
ਅੰਤ ਵਿਚ ਅਸੀਂ ਆਪਣੇ ਹਰਮਨ ਅਦਾਰੇ ਵੱਲੋਂ ਵੀ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਹਨਾਂ ਖੇਡਾਂ ਦਾ ਦੁਨੀਆ ਭਰ ‘ਚ ਸਿੱਧਾ ਵੀਡੀਓ ਪ੍ਰਸਾਰਨ ਕਰਨ ਲਈ ਸਾਡੇ ‘ਚ ਵਿਸ਼ਵਾਸ ਦਿਖਾਇਆ।

Install Punjabi Akhbar App

Install
×