ਵੂਲਗੁਲਗਾ-ਕੌਫਸਹਾਰਬਰ ਸਿੱਖ ਸਪੋਰਟਸ ਕਲੱਬ ਦੇ ਮੀਡੀਆ ਇੰਚਾਰਚ ਸ. ਸੁਲੱਖਣ ਸਿੰਘ ਛੇਤਰਾ ਨੇ ਦੱਸਿਆ ਕਿ ਅਠਾਵੀਆਂ ਸਲਾਨਾ ਆਸਟ੍ਰੇਲੀਅਨ ਸਿੱਖ ਖੇਡਾਂ ਲਈ ਕਾਮੇਟੀ ਵਲੋਂ ਪੂਰੇ ਪ੍ਰਬੰਧ ਕਰ ਲਏ ਗਏ ਹਨ। ਇਹ ਖੇਡਾਂ ਹਰ ਸਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਈਆਂ ਜਾਂਦੀਆਂ ਹਨ ਅਤੇ ੪੨ ਕਲੱਬਾਂ ਦੇ ਤਕਰੀਬਨ 12 ਸੋ ਖਿਡਾਰੀ ਅਤੇ 15 – 20 ਹਜ਼ਾਰ ਦਰਸ਼ਕ ਇਸ ਵਿੱਚ ਹਿੱਸਾ ਲੈਂਦੇ ਹਨ। ਖੇਡਾਂ 3, 4 ਅਤੇ 5 ਅਪ੍ਰੈਲ ਨੂੰ ਕੌਫਸਹਰਬਰ ਦੇ ਜੈਫ ਕਿੰਗ ਅੋਵਲ(ਅੰਤਰਰਾਸ਼ਟਰੀ ਸਟੇਡੀਅਮ) ਵਿੱਚ ਹੋਣਗੀਆਂ ਜਿਸ ਵਿੱਚ ਕਬੱਡੀ, ਫੁੱਟਬਾਲ, ਬਾਸਕਟਬਾਲ, ਹਾਕੀ, ਨੈਟਬਾਲ, ਵਾਲੀਬਾਲ, ਰੱਸਾ-ਕਸ਼ੀ ਅਤੇ ਟੱਚ ਫੁੱਟਬਾਲ ਦੇ ਫਸਵੇਂ ਮੁਕਾਬਲੇ ਹੋਣਗੇ। ਇਸ ਵਾਰ ਮੈਲਬਰਨ ਅਤੇ ਨਿਊਜ਼ੀਲੈਂਡ ਤੋਂ ਪਹਿਲੀ ਵਾਰ ਲੜਕੀਆਂ ਦੀ ਕੱਬਡੀ ਦੀ ਟੀਮ ਆ ਰਹੀ ਹੈ। ਇਸਤੋਂ ਇਲਾਵਾ ਹੋਰ ਖੇਡਾਂ ਵਿੱਚ ਮਲੇਸ਼ੀਆ, ਹਾਂਕਕਾਂਗ ਅਤੇ ਸਿੰਗਾਪੁਰ ਤੋਂ ਵੀ ਟੀਮਾਂ ਹੋਣਗੀਆਂ।ਸਾਰੇ ਦਰਸ਼ਕਾਂ ਲਈ ਚਾਹ ਅਤੇ ਲੰਗਰ ਦੀ ਮੁਫਤ ਸੇਵਾ ਕੀਤੀ ਜਾਵੇਗੀ ਅਤੇ ਤਿੰਨ ਦਿਨ ਸਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਗਏ ਹਨ। ਇਸਤੋਂ ਇਲਾਵਾ ਖੇਤੀਬਾੜੀ ਸੰਬੰਧੀ ਮਸ਼ੀਨਰੀ ਦੀ ਗਰਾਊਂਡ ਵਿੱਚ ਪ੍ਰਦਰਸ਼ਨੀ ਵੀ ਲੱਗੇਗੀ। ਕਾਮੇਟੀ ਵਲੋਂ ਸਾਰਿਆਂ ਨੂੰ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।