ਅੰਦੋਲਨ ਜਿੱਤਣ ਲਈ ਜਰੂਰੀ ਹੈ, 26 ਜਨਵਰੀ ਅਤੇ 26 ਮਾਰਚ ਵਰਗੇ ਫੈਸਲਿਆਂ ਦੀ ਸਿਰ ਜੋੜ ਕੇ ਪੜਚੋਲ ਕਰਨੀ

ਜਦੋ 26 ਜਨਵਰੀ ਦਾ ਰੋਸ ਮਾਰਚ ਰੱਖਿਆ ਗਿਆ ਸੀ ਤਾਂ ਉਸ ਮੌਕੇ ਬਹੁਤ ਸਾਰੇ ਦੂਰ ਅੰਦੇਸੀ ਲੋਕਾਂ ਨੇ ਕਿਸਾਨ ਆਗੂਆਂ ਦੇ ਇਸ ਫੈਸਲੇ ਨੂੰ ਕਾਹਲ ਵਿੱਚ ਜਾਂ ਬਗੈਰ ਦੂਰ-ਰਸੀ ਨਤੀਜਿਆਂ ਦਾ ਅਨੁਮਾਨ ਲਾਏ ਤੋ ਲਿਆ ਗਿਆ ਫੈਸਲਾ ਕਰਾਰ ਦਿੱਤਾ ਸੀ,ਪ੍ਰੰਤੂ ਜਦੋ ਉਹ ਰੋਸ ਮਾਰਚ ਨੂੰ ਕਿਸਾਨ ਰੋਸ ਮਾਰਚ ਤੋ ਕਿਸਾਨ ਟਰੈਕਟਰ ਪਰੇਡ ਅਤੇ ਫਿਰ ਕਿਸਾਨ ਟਰੈਕਟਰ ਪਰੇਡ ਤੋ ਕਿਸਾਨ ਗਣਤੰਤਰ ਪਰੇਡ ਵਿੱਚ ਬਦਲ ਦਿੱਤਾ ਗਿਆ ਤਾਂ ਲੋਕ ਘੋਲਾਂ ਦੇ ਮਾਹਰਾਂ ਦਾ ਸੱਕ ਯਕੀਨ ਵਿੱਚ ਬਦਲ ਗਿਆ ਕਿ ਇਹ ਫੈਸਲਾ ਕਿਸਾਨ ਜਥੇਬੰਦੀਆਂ ਦਾ ਨਹੀ ਹੋ ਸਕਦਾ,ਬਲਕਿ ਕਿਸਾਨ ਜਥੇਬੰਦੀਆਂ ਵਿੱਚ ਛੁਪੇ ਏਜੰਸੀਆਂ ਦੇ ਉਹਨਾਂ ਸਾਤਰ ਵਿਅਕਤੀਆਂ ਦਾ ਹੈ,ਜਿਹੜੇ ਅੰਦੋਲਨ ਨੂੰ ਕਿਸੇ ਵੀ ਢੰਗ ਨਾਲ ਕਮਜੋਰ ਕਰਨ ਲਈ ਮੌਕੇ ਦੀ ਤਲਾਸ ਵਿੱਚ ਰਹਿੰਦੇ ਹਨ। 26 ਜਨਵਰੀ ਦੀ ਘਟਨਾ ਤੋ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪਰਧਾਨ ਮਨਜੀਤ ਧਨੇਰ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਇਹ ਸਪੱਸਟ ਸਬਦਾਂ ਵਿੱਚ ਕਬੂਲਿਆਂ ਹੈ ਕਿ ਸਾਡੇ ਵਿੱਚ ਵੀ ਸਰਕਾਰੀ ਘੁਸਪੈਂਠ ਹੋ ਗਈ ਹੈ, ਉਹਨਾਂ ਇਹ ਵੀ ਸਾਫ ਸਾਫ ਸਬਦਾਂ ਵਿੱਚ ਕਿਹਾ ਸੀ ਕਿ ਸਾਨੂੰ ਖੁਦ ਨਹੀ ਪਤਾ ਕਿ ਸਾਡਾ 26 ਜਨਵਰੀ ਦਾ ਟਰੈਕਟਰ ਰੋਸ ਮਾਰਚ ਕਿਸਾਨ ਗਣਤੰਤਰ ਪਰੇਡ ਕਿਵੇ ਬਣ ਗਿਆ।ਉਹਨਾਂ 26 ਜਨਵਰੀ ਦੇ ਰੋਸ ਮਾਰਚ ਨੂੰ ਦਿੱਤੇ ਗਏ ਨਵੇਂ ਨਾਂਮ ਕਿਸਾਨ ਗਣਤੰਤਰ ਪਰੇਡ ਤੇ ਤਿੱਖੀ ਟਿੱਪਣੀ ਕਰਦਿਆਂ 26 ਜਨਵਰੀ ਦੇ ਗਣਤੰਤਰ ਦਿਵਸ ਪ੍ਰਤੀ ਕਰੜੇ ਸਬਦਾਂ ਦੀ ਵਰਤੋਂ ਕੀਤੀ ਸੀ ਅਤੇ ਕਿਸਾਨਾਂ ਸਿਰ ਮੱਲੋ ਮੱਲੀ ਥੋਪੀ ਗਈ ਇਸ ਦਿਨ ਦੀ ਝੂਠੀ ਖੁਸੀ ਦਾ ਵਿਰੋਧ ਦਰਜ ਕਰਵਾਇਆ ਸੀ।
ਇਹ ਵੀ ਸੱਚ ਹੈ ਕਿ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਨਾਲ ਹੋਏ ਨੁਕਸਾਨ ਦੀ ਅਜੇ ਤੱਕ ਕਿਸਾਨ ਆਗੂਆਂ ਤੋ ਭਰਪਾਈ ਨਹੀ ਹੋ ਸਕੀ,ਇਸ ਪਿੱਛੇ ਕੀ ਕਾਰਨ ਹੋ ਸਕਦੇ ਹਨ,ਉਹਨਾਂ ਤੇ ਵੀ ਵਿਚਾਰ ਕਰਨੀ ਬਣਦੀ ਹੈ,ਕਿਉਂਕਿ 26 ਮਾਰਚ ਦੇ ਭਾਰਤ ਬੰਦ ਦਾ ਕਿਸਾਨੀ ਅੰਦੋਲਨ ਨੂੰ ਕੀ ਫਾਇਦਾ ਅਤੇ ਕੀ ਨੁਕਸਾਨ ਹੋਣਾ ਹੈ,ਇਹਦੇ ਤੇ ਵਿਚਾਰਾਂ ਕਰਨ ਤੋ ਪਹਿਲਾਂ ਪਿਛਲੀਆਂ ਘਟਨਾਵਾਂ ਨੂੰ ਸਮਝਣਾ ਜਰੂਰੀ ਹੈ,ਫਿਰ ਹੀ ਅਸੀ ਕਿਸੇ ਨਤੀਜੇ ਤੇ ਪਹੁੰਚ ਸਕਦੇ ਹਾਂ। ਕਿਸਾਨੀ ਅੰਦੋਲਨ ਵਿੱਚ ਦੀਪ ਸਿੱਧੂ ਇੱਕ ਅਜਿਹਾ ਕਿਰਦਾਰ ਰਿਹਾ ਹੈ,ਜਿਸ ਤੋ ਕਿਸਾਨ ਜਥੇਬੰਦੀਆਂ ਮੁੱਢੋ ਹੀ ਖਾਰ ਖਾਂਦੀਆਂ ਆ ਰਹੀਆਂ ਹਨ।ਜਦੋ ਅੰਦੋਲਨ ਸੁਰੂ ਹੋਇਆ ਸੀ ਤਾਂ ਉਸ ਮੌਕੇ ਦੀਪ ਸਿੱਧੂ ਸਮੇਤ ਸੱਤ ਮੈਂਬਰੀ ਕਮੇਟੀ ਗਾਇਕਾਂ ਅਤੇ ਕਲਾਕਾਰਾਂ ਦੀ 32 ਕਿਸਾਨ ਜਥੇਬੰਦੀਆਂ ਵਿੱਚ ਸਾਮਲ ਕੀਤੀ ਗਈ ਸੀ, ਪਰ ਪਤਾ ਨਹੀ ਅਜਿਹਾ ਕੀ ਵਾਪਰਿਆ ਕਿ ਬਹੁਤ ਜਲਦੀ ਦੀਪ ਸਿੱਧੂ ਸਮੇਤ ਕਲਾਕਾਰਾਂ ਦੀ ਸੱਤ ਮੈਂਬਰੀ ਕਮੇਟੀ ਨੂੰ ਕਿਸਾਨਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ।ਉਸ ਤੋ ਉਪਰੰਤ ਗਾਇਕ ਕਲਾਕਾਰ ਤਾਂ ਭਾਵੇਂ ਕੋਈ ਸਪੱਸਟ ਸਟੈਂਡ ਨਾ ਲੈ ਸਕੇ,ਪਰੰਤੂ ਦੀਪ ਸਿੱਧੂ ਨੇ ਸੰਭੂ ਬਾਰਡਰ ਤੇ ਅਪਣਾ ਵੱਖਰਾ ਮੋਰਚਾ ਖੋਲ ਦਿੱਤਾ,ਜਿਸ ਵਿੱਚ ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਗਾਇਕਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੁੱਧੀਜੀਵੀ ਵਰਗ,ਪੱਤਰਕਾਰ,ਲੇਖਕ,ਸਮਾਜ ਸੇਵੀ ਅਤੇ ਕੁੱਝ ਕੁ ਪੰਜਾਬ ਦੇ ਉਹ ਰਾਜਨੀਤਕ ਲੋਕ ਜਿਹੜੇ ਗਾਹੇ ਬ ਗਾਹੇ ਪੰਜਾਬ ਦੇ ਹਿਤਾਂ ਦੀ ਗੱਲ ਕਰਦੇ ਰਹਿੰਦੇ ਹਨ,ਉਹ ਅਪਣੀ ਹਾਜਰੀ ਭਰਦੇ ਰਹੇ । ਦੀਪ ਸਿੱਧੂ ਦੀ ਅਗਵਾਈ ਵਿੱਚ ਚੱਲਦੇ ਸੰਭੂ ਮੋਰਚੇ ਦੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਚ ਰੇਲਾਂ,ਟੋਲ ਪਲਾਜਿਆਂ, ਪੰਜਾਬ ਚ ਸਥਿੱਤ ਸੌਪਿੰਗ ਮਾਲ ਅਤੇ ਰਿਲਾਇੰਸ ਪੈਟਰੋਲ ਪੰਪਾਂ ਤੇ ਚੱਲਦੇ ਪੱਕੇ ਮੋਰਚਿਆਂ ਤੋ ਵੱਖਰੀ ਸੁਰ ਇਸ ਕਰਕੇ ਸਮਝੀ ਜਾਂਦੀ ਰਹੀ, ਕਿਉਕਿ ਕਿਸਾਨ ਜਥੇਬੰਦੀਆਂ ਅਪਣਾ ਨਿਸਾਨਾ ਤਿੰਨ ਖੇਤੀ ਕਨੂੰਨਾਂ ਤੱਕ ਸੀਮਤ ਰੱਖਦੀਆਂ ਸਨ,ਜਦੋਕਿ ਦੀਪ ਸਿੱਧੂ ਕਿਸਾਨੀ ਅੰਦੋਲਨ ਨੂੰ ਤਿੰਨ ਕਿਸਾਨੀ ਮੰਗਾਂ ਤੋ ਅੱਗੇ ਅਪਣੀ ਹੋਂਦ ਨੂੰ ਬਚਾਉਣ ਅਤੇ ਤਿੰਨ ਮਾਰੂ ਖੇਤੀ ਕਨੂੰਨਾਂ ਵਰਗੀਆਂ ਸਮੱਸਿਆਵਾਂ ਨੂੰ ਜੜ ਤੋ ਖਤਮ ਕਰਨ ਲਈ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੜਾਈ ਵਜੋਂ ਲੜਨ ਦਾ ਮੁਦੱਈ ਸੀ।
ਇਹੋ ਕਾਰਨ ਸੀ ਕਿ ਪੰਜਾਬ ਦੀਆਂ ਬਹੁ ਗਿਣਤੀ ਖੱਬੇ ਪੱਖੀ ਸੋਚ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕੁੱਝ ਰਾਸਟਰਵਾਦ ਦਾ ਰਾਗ ਅਲਾਪਣ ਵਾਲੇ ਕਿਸਾਨ ਆਗੂ ਦੀਪ ਸਿੱਧੂ ਨੂੰ ਕਿਸੇ ਵੀ ਕੀਮਤ ਤੇ ਅਪਣੇ ਸੰਘਰਸ ਦਾ ਹਿੱਸਾ ਬਨਾਉਣ ਲਈ ਰਾਜੀ ਨਹੀ ਸਨ,ਇਸ ਦਾ ਇੱਕ ਕਾਰਨ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਦੇ ਬੌਧਿਕ ਪੱਧਰ ਦੇ ਮੁਕਾਬਲੇ ਕਿਸਾਨ ਆਗੂ ਅਪਣਾ ਬੌਧਿਕ ਪੱਧਰ ਬੌਨਾ ਹੋਇਆ ਮਹਿਸੂਸ ਕਰਦੇ ਹਨ। ਇਹ ਵੀ ਸੱਚ ਹੈ ਕਿ ਦਿੱਲੀ ਤੱਕ ਅੰਦੋਲਨ ਨੂੰ ਲੈ ਕੇ ਜਾਣ ਦਾ ਸਿਹਰਾ ਬਿਨਾ ਸੱਕ ਨੌਜੁਆਨਾਂ ਸਿਰ ਬੱਝਦਾ ਹੈ,ਪਰ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਤੋ ਬਾਅਦ ਜਿਸਤਰਾਂ ਨੌਜੁਆਨਾਂ ਨੂੰ ਅਪਣੇ ਤੋ ਦੂਰ ਕੀਤਾ,ਉਸ ਤੋ ਬਹੁਤ ਸਾਰੇ ਆਗੂਆਂ ਦੀ ਭੂਮਿਕਾ ਤੇ ਸੁਆਲੀਆ ਨਿਸਾਨ ਲੱਗ ਗਏ ਹਨ। ਸੋਸਲ ਮੀਡੀਏ ਤੇ ਕਿਸਾਨ ਆਗੂਆਂ ਪ੍ਰਤੀ ਨੌਜੁਆਨਾਂ ਵਿੱਚ ਵਧੇ ਗੁੱਸੇ ਤੋ ਬਾਅਦ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੁਹਿਰਦਤਾ ਨਹੀ ਦਿਖਾਈ,ਪ੍ਰੰਤੂ ਨੌਜੁਆਨਾਂ ਦੀ ਮਹਿਰਾਜ ਰੈਲੀ ਅਤੇ ਮਸਤੂਆਣਾ ਸਾਹਿਬ ਦੀ ਰੈਲੀ ਨੇ ਕਿਸਾਨ ਜਥੇਬੰਦੀਆਂ ਨੂੰ ਸੋਚਣ ਲਈ ਮਜਬੂਰ ਜਰੂਰ ਕਰ ਦਿੱਤਾ,ਕਿ ਨੌਜੁਆਨਾਂ ਨੂੰ ਨਜਰਅੰਦਾਜ ਨਹੀ ਕੀਤਾ ਜਾ ਸਕਦਾ।ਮਸਤੂਆਣਾ ਸਾਹਿਬ ਰੈਲੀ ਵਿੱਚ ਪੁੱਜੇ ਇੱਕ ਕਿਸਾਨ ਆਗੂ ਵੱਲੋਂ ਇਹ ਕਬੂਲ ਕੀਤਾ ਜਾਣਾ ਕਿ ਦੀਪ ਸਿੱਧੂ ਦੀ ਨੌਜੁਆਨਾਂ ਵਿੱਚ ਹਰਮਨ ਪਿਆਰਤਾ ਹੈ,ਇਸਦੇ ਬਾਵਜੂਦ ਇਸ ਤੋ ਉਪਰੰਤ 32 ਕਿਸਾਨ ਜਥੇਬੰਦੀਆਂ ਵੱਲੋਂ ਉਠਾਏ ਗਏ ਕਦਮਾਂ ਵਿੱਚਇਮਾਨਦਾਰੀ ਕਿਧਰੇ ਵੀ ਨਜਰ ਨਹੀ ਆਉਂਦੀ।
ਬਹੁ ਗਿਣਤੀ ਜਥੇਬੰਦੀਆਂ ਵਿੱਚ ਲੱਖੇ ਨੂੰ ਸਟੇਜ ਤੇ ਬੋਲਣ ਲਈ ਰਾਇ ਬਣ ਗਈ,ਪਰ ਕਿਸਾਨ ਆਗੂ ਕਹਿੰਦੇ ਉਹ 32 ਜਥੇਬੰਦੀਆਂ ਦਾ ਹਿੱਸਾ ਨਹੀ ਬਣ ਸਕਦਾ, ਪ੍ਰੰਤੂ ਦੀਪ ਸਿੱਧੂ ਦੇ ਸਬੰਧ ਵਿੱਚ ਇੱਕ ਵਾਰ ਫਿਰ ਉਹਨਾਂ ਨੇ ਸਪੱਸਟ ਤੌਰ ਤੇ ਮਨ੍ਹਾ ਕਰ ਦਿੱਤਾ ਹੈ,ਇਹ ਵਰਤਾਰਾ ਦਰਸਾਉਂਦਾ ਹੈ ਕਿ ਕਿਸਾਨ ਲੀਡਰਸੱਿਪ ਵੀ ਸਿਆਸਤਦਾਨਾਂ ਦੀਆਂ ”ਪਾੜੋ ਤੇ ਰਾਜ ਕਰੋ” ਵਾਲੀਆਂ ਚੁਸਤ ਚਲਾਕ ਨੀਤੀਆਂ ਵਰਤ ਰਹੀ ਹੈ।ਕਿਸਾਨ ਆਗੂ ਵੀ ਸਰਕਾਰੀ ਮੀਟਿੰਗਾਂ ਵਿੱਚ ਕੁੱਝ ਹੋਰ ਤੇ ਬਾਹਰ ਲੋਕਾਂ ਨੂੰ ਕੁੱਝ ਹੋਰ ਦੱਸਣ ਦਾ ਰਾਜਨੀਤਕ ਬਲ ਸਿੱਖ ਗਏ ਹਨ,ਜਿਸ ਦਾ ਨਤੀਜਾ 26 ਜਨਵਰੀ ਦੀ ਟਰੈਕਟਰ ਪਰੇਡ ਦੀ ਅਸਫਲਤਾ ਦੇ ਰੂਪ ਵਿੱਚ ਸਾਡੇ ਸਭ ਦੇ ਸਾਹਮਣੇ ਹੈ।ਜੇਕਰ 26 ਜਨਵਰੀ ਵਾਲੇ ਦਿਨ ਕਿਸਾਨ ਆਗੂ ਸਰਕਾਰ ਦੇ ਝਾਂਸੇ ਚ ਆ ਕੇ ਸਰਕਾਰੀ ਰੂਟ ਅਤੇ ਟਰੈਕਟਰਾਂ ਦੀ ਸੀਮਤ ਗਿਣਤੀ ਤੋ ਲੈ ਕੇ ਲਾਲ ਕਿਲੇ ਤੇ ਜਾਣ ਵਾਲੇ ਨੌਜੁਆਨਾਂ ਨੂੰ ਦੋਸੀ ਗਰਦਾਨਣ ਤੱਕ ਕੀਤੀਆਂ ਗਲਤੀਆਂ ਨਾ ਕਰਦੇ ਅਤੇ ਅਗਲੇ ਦਿਨ ਦੀਪ ਸਿੱਧੂ ਹੋਰਾਂ ਨੂੰ ਸਟੇਜ ਤੋ ਗਦਾਰ ਦਾ ਫਤਬਾ ਨਾ ਦਿੰਦੇ,ਤਾਂ ਅੰਦੋਲਨ ਸਿਖਰਾਂ ਤੋਂ ਧਰਤੀ ਤੇ ਨਹੀ ਸੀ ਆਉਣਾ,ਸਗੋ ਹੋਰ ਬੁਲੰਦੀਆਂ ਤੇ ਪਹੁੰਚਿਆ ਹੁੰਦਾ। ਸਰਕਾਰ ਗੋਡਿਆਂ ਭਾਰ ਹੋ ਕੇ ਖੁਦ ਚੱਲ ਕੇ ਆਗੂਆਂ ਕੋਲ ਆਉਂਦੀ। ਇਸ ਅਸਫਲਤਾ ਦੇ ਕਾਰਨ ਜਾਨਣ ਲਈ ਸਿਰ ਜੋੜਨ ਦੀ ਫੌਰੀ ਲੋੜ ਸੀ,ਪਰ ਅਫੋਸਸ ! ਕਿ 26 ਜਨਵਰੀ ਦੇ ਰੋਸ ਮਾਰਚ ਦਾ ਸੱਦਾ ਕੀਹਨੇ ਦਿੱਤਾ,ਕੀਹਦੇ ਕਹਿਣ ਤੇ ਦਿੱਤਾ ਅਤੇ ਉਹ ਰੋਸ ਮਾਰਚ ਤੋ ਗਣਤੰਤਰ ਪਰੇਡ ਚ ਕਿਵੇਂ ਤਬਦੀਲ ਹੋ ਗਿਆ,ਇਹਦੀ ਪੜਚੋਲ ਵੀ ਅਜੇ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਨਹੀ ਕੀਤੀ।
ਏਸੇ ਤਰਾਂ ਹੀ ਹੁਣ ਗੱਲ ਕਰਦੇ ਹਾਂ 26 ਮਾਰਚ ਦੇ ਭਾਰਤ ਬੰਦ ਦੀ, ਭਾਰਤ ਬੰਦ ਦੇ ਇਸ ਨਵੀਆਂ ਸਰਤਾਂ ਵਾਲੇ ਸੱਦੇ ਨੂੰ ਕਿਸਾਨ ਆਗੂਆਂ ਦੀ ਦੂਜੀ ਵੱਡੀ ਗਲਤੀ ਸਮਝਿਆ ਜਾਵੇਗਾ,ਜਿਸਦਾ ਫਾਇਦਾ ਘੱਟ ਤੇ ਨੁਕਸਾਨ ਜਿਆਦਾ ਰਿਹਾ ਹੈ,ਤੇ ਇਹ ਸੰਭਾਵਨਾਵਾਂ ਪਹਿਲਾਂ ਹੀ ਕਿਆਸੀਆਂ ਗਈਆਂ ਸਨ,ਪਰ ਚਾਲੀ ਚਾਲੀ ਸਾਲ ਦੇ ਤੁਜਰਬੇ ਵਾਲੇ ਕਿਸਾਨ ਆਗੂ ਅਜਿਹੇ ਫੈਸਲੇ ਕੀਹਦੇ ਕਹਿਣ ਤੇ ਲੈਂਦੇ ਹਨ,ਇਹ ਸਮਝ ਤੋ ਪਰੇ ਦੀ ਗੱਲ ਹੈ।ਇਹ ਦੋ ਅਸਫਲਤਾਵਾਂ ਨੇ ਕਿਸਾਨ ਆਗੂਆਂ ਦੇ ਦਹਾਕਿਆਂ ਦੇ ਤੁਜਰਬੇ ਤੇ ਸੁਆਲੀਆ ਨਿਸਾਨ ਲਾ ਦਿੱਤਾ ਹੈ,ਕਿਉਂਕਿ ਇਹ ਵੀ ਸੋਚਣ ਦਾ ਵਿਸਾ ਹੈ ਕਿ ਜਦੋ ਆਮ ਵਿਅਕਤੀ ਇਹ ਗੱਲ ਸੋਚ ਸਕਦਾ ਹੈ ਕਿ ਅਜਿਹੇ ਬੰਦ ਦੇ ਸੱਦੇ ਅਪਣੇ ਹੀ ਲੋਕਾਂ ਨੂੰ ਮੁਸਕਲਾਂ ਖੜੀਆਂ ਕਰਨ ਤੋ ਇਲਾਵਾ ਅੰਦੋਲਨ ਨੂੰ ਕੋਈ ਫਾਇਦਾ ਨਹੀ ਪਹੁੰਚਾ ਸਕਦੇ,ਫਿਰ ਆਗੂਆਂ ਨੇ ਇਹ ਸੋਚਣਾ ਮੁਨਾਸਿਬ ਕਿਉਂ ਨਹੀ ਸਮਝਿਆ ਕਿ ਦੋਧੀਆਂ ਅਤੇ ਸਬਜੀ ਵੇਚਣ ਵਾਲਿਆਂ ਸਮੇਤ ਰੋਜ੍ਹਮਰਾ ਦੀਆਂ ਜਰੂਰਾਂ ਲੋੜਾਂ ਦੀ ਸਪਲਾਈ ਰੋਕਣਾ ਜਿੱਥੇ ਗਰੀਬ ਲੋਕਾਂ ਦੇ ਚੁੱਲ੍ਹੇ ਠਾਰਨ ਦਾ ਗੁਨਾਹ ਹੋਵੇਗਾ,ਓਥੇ ਇਹਨਾਂ ਕਾਰੋਬਾਰਾਂ ਨਾਲ ਜੁੜੇ ਕਿੰਨੇ ਹੀ ਲੋਕ ਆਰਥਿਕ ਪਰੇਸਾਨੀ ਵਿੱਚ ਘਿਰ ਜਾਣਗੇ। ਇਹ ਵੀ ਸੋਚਣਾ ਬਣਦਾ ਸੀ ਕਿ ਜਿੰਨਾਂ ਲੋਕਾਂ ਨੂੰ ਇਹਨਾ ਖਾਧ ਪਦਾਰਥਾਂ ਦੀ ਸਪਲਾਈ ਜਾਣੀ ਹੈ,ਉਹ ਲੋਕ ਵੀ ਸਾਡੇ ਅਪਣੇ ਹਨ, ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਅੰਦੋਲਨ ਨੂੰ ਸਹਿਯੋਗ ਦਿੰਦੇ ਹਨ ਤੇ ਦਿਲੋ ਹਮਦਰਦੀ ਹਨ, ਉਹਨਾਂ ਆਂਮ ਸਹਿਰੀਆਂ ਦੀ ਸਪਲਾਈ ਬੰਦ ਕਰਨ ਨਾਲ ਕੇਂਦਰ ਸਰਕਾਰ ਨੂੰ ਕੀ ਫਰਕ ਪੈ ਸਕਦਾ ਹੈ। ਭਾਂਵੇ ਕਿਸਾਨ ਆਗੂ 26 ਮਾਰਚ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਮੰਨਦੇ ਹੋਣ,ਪਰ ਸਚਾਈ ਇਹ ਹੈ ਕਿ ਇਸ ਸੱਦੇ ਦੇ ਅਮਲ ਕਾਰਨ ਆਮ ਸਹਿਰੀਆਂ ਅਤੇ ਗਰੀਬ ਵਰਗ ਦਾ ਵੱਡਾ ਹਿੱਸਾ ਅੰਦੋਲਨ ਤੋ ਦੂਰ ਜਾਂਦਾ ਪਰਤੀਤ ਹੋ ਰਿਹਾ ਹੈ।
ਲਿਹਾਜਾ ਇਹ ਭਾਰਤ ਬੰਦ ਦਾ ਫੈਸਲਾ ਆਮ ਸਹਿਰੀਆਂ ਅਤੇ ਅੰਦੋਲਨਕਾਰੀਆਂ ਦਰਮਿਆਨ ਵਖਰੇਵਿਆਂ ਦੀ ਨੀਹ ਰੱਖੇਗਾ,ਜਿਸ ਦਾ ਅਸਰ ਆਮ ਖੁੰਢ ਚਰਚਾ ਨੂੰ ਗੌਰ ਨਾਲ ਸੁਣਿਆਂ ਮਹਿਸੂਸ ਕੀਤਾ ਜਾ ਸਕਦਾ ਹੈ।ਜਿੱਥੇ 26 ਜਨਵਰੀ ਦੇ ਰੋਸ ਮਾਰਚ ਦੇ ਸੱਦੇ ਨੂੰ ਘੋਖਣਾ ਬਣਦਾ ਹੈ,ਓਥੇ 26 ਮਾਰਚ ਦੇ ਭਾਰਤ ਬੰਦ ਦੇ ਸੱਦੇ ਦੀ ਗਹਿਰਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ ਅਤੇ ਇਸ ਨਤੀਜੇ ਤੇ ਪੁੱਜਣਾ ਜਰੂਰੀ ਹੋਵੇਗਾ,ਕਿ ਆਖਰ ਇਹ ਦੋਨੋ ਫੈਸਲਿਆਂ ਦਾ ਮਾਸਟਰ ਮਾਈਂਡ ਕੌਣ ਹੈ। ਜੇਕਰ ਅੰਦੋਲਨ ਦੀ ਹੁਣ ਤੱਕ ਦੀ ਕਰਗੁਜਾਰੀ ਤੇ ਨਜਰ ਮਾਰੀ ਜਾਵੇ,ਤਾਂ ਕੁੱਲ ਚਾਰ ਮਹੀਨਿਆਂ ਚੋ ਪਹਿਲੇ ਦੋ ਮਹੀਨੇ ਅੰਦੋਲਨ ਦੀ ਚੜ੍ਹਤ ਵਾਲੇ ਰਹੇ ਹਨ,ਇਸ ਦਾ ਕਾਰਨ ਇਹ ਸੀ ਕਿ ਅੰਦੋਲਨ ਦੀ ਸੁਰੂਆਤ ਸਰਬੱਤ ਦੇ ਭਲੇ ਦੇ ਸਿਧਾਂਤ ਨਾਲ ਹੋਈ ਸੀ,ਪੰਜਾਬ ਦੀ ਅਗਵਾਈ ਕਬੂਲਦਿਆਂ ਸਭ ਤੋ ਪਹਿਲਾਂ ਹਰਿਆਣਾ ਅਤੇ ਉਸ ਤੋ ਉਪਰੰਤ ਰਾਜਸਥਾਨ,ਉੱਤਰ ਪਰਦੇਸ ਸਮੇਤ ਬਹੁਤ ਸਾਰੇ ਸੂਬਿਆਂ ਦੇ ਕਿਸਾਨਾਂ ਨੇ ਸਿੱਖਾਂ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਦਾ ਗਹਿਰਾ ਪ੍ਰਭਾਵ ਕਬੂਲਿਆ,ਜਿਸ ਕਰਕੇ ਅੰਦੋਲਨ ਦੀ ਚਾਰ ਚੁਫੇਰੇ ਜੈ ਜੈ ਕਾਰ ਹੋਣ ਲੱਗ ਪਈ,ਅੰਦੋਲਨ ਦੀ ਜੈ ਜੈ ਕਾਰ ਨੇ ਭਾਰਤ ਦੇ ਕੋਨੇ ਕੋਨੇ ਵਿੱਚ ਵਸਦੇ ਲੋਕਾਂ ਨੂੰ ਸਿੱਖਾਂ ਪ੍ਰਤੀ ਸਤਿਕਾਰਤ ਨਜਰੀਏ ਨਾਲ ਆਕਰਸਤਿ ਵੀ ਕੀਤਾ। ਅੰਦੋਲਨ ਦੇ ਸਿੱਖ ਸੋਚ ਨਾਲ ਲਵਰੇਜ ਰੁਹਾਨੀ ਨਜਾਰੇ ਤੋ ਕੇਂਦਰੀ ਤਾਕਤਾਂ ਦੇ ਤਨ ਬਦਨ ਚ ਤਕਲੀਫ ਹੋਣੀ ਸੁਭਾਵਿਕ ਸੀ,ਜਿਸ ਦਾ ਨਤੀਜਾ ਇਹ ਹੋਇਆ ਕਿ ਕੇਂਦਰੀ ਤਾਕਤਾਂ ਨੇ ਇਹ ਸਿੱਦਤ ਨਾਲ ਮਹਿਸੂਸ ਕੀਤਾ ਕਿ ਜਿੰਨਾਂ ਜਲਦੀ ਹੋ ਸਕੇ ਅੰਦੋਲਨ ਨੂੰ ਕਮਜੋਰ ਕਰਨ ਅਤੇ ਸਿੱਖਾਂ ਤੇ ਚਿੱਕੜ ਸੁੱਟਣ ਦੇ ਮੌਕੇ ਪੈਦਾ ਕੀਤੇ ਜਾਣ,ਜਿਹੜੇ 26 ਜਨਵਰੀ ਅਤੇ 26 ਮਾਰਚ ਵਰਗੇ ਸੱਦਿਆਂ ਦੇ ਰੂਪ ਵਿੱਚ ਸਾਹਮਣੇ ਆ ਚੁੱਕੇ ਹਨ।ਪਹਿਲੇ ਫੈਸਲੇ ਨੇ ਨੌਜੁਆਨਾਂ ਅਤੇ ਕਿਸਾਨ ਜਥੇਬੰਦੀਆਂ ਚ ਦੁਫੇੜ ਪਾ ਕੇ ਮੋਰਚਾ ਕਮਜੋਰ ਕੀਤਾ ਅਤੇ ਲਾਲ ਕਿਲੇ ਨਾਲ ਜੋੜਕੇ ਸਿੱਖਾਂ ਦੇ ਚਰਿੱਤਰ ਨੂੰ ਦਾਗੀ ਕਰਨ ਦੀ ਕੋਸਸਿ ਕੀਤੀ ਗਈ ਅਤੇ ਦੂਸਰੇ ਫੈਸਲੇ ਨਾਲ ਜਨ ਅੰਦੋਲਨ ਬਣ ਚੁੱਕੇ ਅੰਦੋਲਨ ਨੂੰ ਮਹਿਜ ਕਿਸਾਨਾਂ ਤੱਕ ਸੀਮਤ ਕਰਨ ਦੀ ਗਹਿਰੀ ਸਾਜਿਸ ਰਚੀ ਗਈ ਹੈ,ਜਿਸ ਨੂੰ ਦਹਾਕਿਆਂ ਦੇ ਤੁਜਰਬੇ ਵਾਲੇ ਕਿਸਾਨ ਆਗੂਆਂ ਵੱਲੋਂ ਨਾ ਸਮਝਣਾ ਬੇਹੱਦ ਅਫਸੋਸਨਾਕ ਹੈ। ਅੰਦੋਲਨ ਨੂੰ ਫੇਲ ਕਰਨ ਦੀਆਂ ਸਾਜਿਸਾਂ ਨੂੰ ਅਸਫਲ ਬਨਾਉਣ ਲਈ ਇਹ ਬੇਹੱਦ ਜਰੂਰੀ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਆਪਣਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸੁਚੇਤ ਹੋ ਕੇ ਅੰਦਰ ਬੈਠੇ ਏਜੰਸੀਆਂ ਦੇ ਪਾਲਤੂਆਂ ਦੀ ਪਛਾਣ ਕਰਨ।
ਬਘੇਲ ਸਿੰਘ ਧਾਲੀਵਾਲ
99142-58142

Install Punjabi Akhbar App

Install
×