ਖਹਿਰਾ ਵੱਲੋਂ 26 ਜਨਵਰੀ ਨੂੰ ਉੱਤਰ ਪ੍ਰਦੇਸ਼ ਨਿਵਾਸੀ ਨਵਰੀਤ ਸਿੰਘ ਦੇ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਕਤਲ ਦੀ ਨਿਆਂਇਕ ਜਾਂਚ ਦੀ ਮੰਗ

ਕਿਸਾਨੀ ਮੋਰਚੇ ਨੂੰ ਖਤਮ ਕਰਨ ਵਾਸਤੇ ਕਿਸਾਨ ਆਗੂਆਂ ਖਿਲਾਫ ਬਦਲਾਖੋਰੀ ਤਹਿਤ ਸਰਾਸਰ ਝੂਠੇ ਮੁਕੱਦਮੇ ਦਰਜ਼ ਕੀਤੇ ਜਾਣ ਦੀ ਸਖਤ ਨਿੰਦਿਆ 

ਭੁਲੱਥ — ਹਲਕਾ ਭੁਲੱਥ ਤੋ ਵਿਧਾਇਕ , ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ  ਖਹਿਰਾ, ਐਮ.ਐਲ.ਏ ਜਗਦੇਵ ਸਿੰਘ ਕਮਾਲੂ ਅਤੇ ਰਸ਼ਪਾਲ ਸਿੰਘ ਜੋੜਾਮਾਜਰਾ ਦੀ ਹਾਜਰੀ ਵਿੱਚ ਆਈ.ਟੀ.ੳ ਕਰਾਸਿੰਗ ਉੱਤੇ 26 ਜਨਵਰੀ ਨੂੰ ਦਿੱਲੀ ਪੁਲਿਸ ਵੱਲੋਂ ਡਿਬਡਿਬਾ (ਉੱਤਰ ਪ੍ਰਦੇਸ਼) ਨਿਵਾਸੀ ਨਵਰੀਤ ਸਿੰਘ ਦੇ ਕੀਤੇ ਕਤਲ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।ਪ੍ਰੈੱਸ ਦੇ ਨਾਂ ਜਾਰੀ ਇਕ ਲਿਖਤੀ ਬਿਆਨ ਜਾਰੀ ਕਰਦਿਆਂ  ਖਹਿਰਾ ਨੇ ਕਿਹਾ ਕਿ ਮੋਕੇ ਦੇ ਗਵਾਹ ਅਤੇ ਨਵਰੀਤ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਸਾਫ ਦੱਸਦੀ ਹੈ ਕਿ “entry point and exit of the injury with brain matter pouring out”। ਉਹਨਾਂ ਕਿਹਾ ਕਿ ਉਸ ਦਾ ਚਚੇਰਾ ਭਰਾ ਨਕਸ਼ਦੀਪ ਸਿੰਘ ਜੋ ਕਿ ਮੋਕੇ ਤੇ ਹਾਜਰ ਸੀ, ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਟਰੈਕਟਰ ਉੱਪਰ ਗੋਲੀਆਂ ਚਲਾਈਆਂ ਅਤੇ ਗੋਲੀ ਉਸ ਦੀ ਠੋਡੀ ਵਿੱਚ ਵੱਜੀ ਅਤੇ ਕੰਨ ਕੋਲੋਂ ਬਾਹਰ ਨਿਕਲ ਗਈ ਜਿਸ ਕਾਰਨ ਉਹ ਕੰਟਰੋਲ ਗੁਆ ਬੈਠਾ ਅਤੇ ਟਰੈਕਟਰ ਪਲਟ ਗਿਆ। ਖਹਿਰਾ ਨੇ ਕਿਹਾ ਕਿ ਪੁਲਿਸ ਅਤੇ ਗੋਦੀ ਮੀਡੀਆ ਨੇ ਬਹੁਤ ਸ਼ਰਾਰਤ ਨਾਲ ਇਸ ਨੂੰ ਐਕਸੀਡੈਂਟ ਵਿੱਚ ਹੋਈ ਮੋਤ ਆਖਿਆ, ਜਦਕਿ ਇਹ ਪੁਲਿਸ ਵੱਲੋਂ ਕਤਲ ਕੀਤੇ ਜਾਣ ਦਾ ਮਾਮਲਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਐਕਸੀਡੈਂਟ ਹੋਇਆ ਸੀ ਤਾਂ ਪੁਲਿਸ ਨੇ ਮੁੱਢਲੀ ਸਹਾਇਤਾ ਕਿਉਂ ਨਹੀਂ ਦਿੱਤੀ? ਵੱਡੀ ਗਿਣਤੀ ਵਿੱਚ ਪੁਲਿਸ ਮੋਜੂਦ ਹੋਣ ਦੇ ਬਾਵਜੂਦ ਉਸ ਨੂੰ ਹਸਪਤਾਲ ਕਿਉਂ ਨਹੀਂ ਲਿਜਾਇਆ ਗਿਆ? ਉਸ ਦਾ ਪੋਸਟ ਮਾਰਟਮ ਦਿੱਲੀ ਵਿਖੇ ਕਿਉਂ ਨਹੀਂ ਕਰਵਾਇਆ ਗਿਆ? ਖਹਿਰਾ ਨੇ ਕਿਹਾ ਕਿ ਲਾਲ ਕਿਲੇ ਦੇ ਅੰਦਰ ਵੀ ਪੁਲਿਸ ਵੱਲੋਂ 3-4 ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਇੱਕ ਨੋਜਵਾਨ ਦੀ ਲੱਤ ਜਖਮੀ ਹੋ ਗਈ ਸੀ, ਜਿਸ ਦੀ ਵੀਡੀਉ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਦਿੱਲੀ ਪੁਲਿਸ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਗੋਲੀ ਚਲਾਉਣ ਦੇ ਹੁਕਮ ਦਿੱਤੇ ਗਏ ਸਨ ਅਤੇ ਹੁਣ ਸਿਰਫ ਇੱਕ ਨਿਰਪੱਖ ਅਤੇ ਅਜ਼ਾਦ ਨਿਆਂਇਕ ਜਾਂਚ ਹੀ ਸੱਚ ਸਾਹਮਣੇ ਲਿਆ ਸਕਦੀ ਹੈ।ਖਹਿਰਾ ਨੇ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਨਵਰੀਤ ਸਿੰਘ ਦੀ ਮੋਤ ਨੂੰ ਅਜਾਈ ਨਾ ਜਾਣ ਦੇਣ ਅਤੇ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਨ। ਖਹਿਰਾ ਨੇ ਕਿਹਾ ਕਿ ਜੇਕਰ ਮੋਰਚੇ ਵਿੱਚ ਮਾਰੇ ਗਏ 150 ਕਿਸਾਨ ਸ਼ਹੀਦ ਹਨ ਤਾਂ ਕਿਸਾਨ ਆਗੂ ਨਵਰੀਤ ਦੇ ਕਤਲ ਉੱਪਰ ਚੁੱਪ ਕਿਉਂ ਹਨ ? ਖਹਿਰਾ ਨੇ ਕਿਹਾ ਕਿ ਨਵਰੀਤ ਸਿੰਘ ਦੀ ਅੰਤਿਮ ਅਰਦਾਸ 4 ਫਰਵਰੀ ਨੂੰ ਗਾਜੀਪੁਰ ਬਾਰਡਰ ਉੱਪਰ ਕੀਤੀ ਜਾਣੀ ਚਾਹੀਦੀ ਹੈ ਜਿਥੇ ਕਿ ਉਸ ਨੇ ਆਪਣੀ ਜਾਨ ਨੋਸ਼ਾਵਰ ਕੀਤੀ।ਇਸ ਦੇ ਨਾਲ ਹੀ ਖਹਿਰਾ ਨੇ 37 ਕਿਸਾਨ ਆਗੂਆਂ ਅਤੇ 32 ਨੋਜਵਾਨਾਂ ਉੱਪਰ ਸਰਾਸਰ ਝੂਠੇ ਪਰਚੇ ਦਰਜ਼ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਲੱਖਾਂ ਕਿਸਾਨਾਂ ਨੂੰ ਡਰਾਉਣ, ਧਮਕਾਉਣ ਅਤੇ ਉਹਨਾਂ ਦੀ ਅਵਾਜ਼ ਦਬਾਉਣ ਲਈ ਦਿੱਲੀ ਪੁਲਿਸ ਦੀ ਦੁਰਵਰਤੋਂ ਕਰਕੇ  ਇਹਨਾਂ ਆਗੂਆਂ ਅਤੇ ਨੋਜਵਾਨਾਂ ਖਿਲਾਫ ਮੁਕੱਦਮਾ ਨੰ:  46 ਦਰਜ਼ ਕਰ ਦਿੱਤਾ ਹੈ।ਖਹਿਰਾ ਨੇ ਕਿਹਾ ਕਿ ਨੋਜਵਾਨਾਂ ਨੇ ਲਾਲ ਕਿਲੇ ਉੱਪਰ ਤਿਰੰਗੇ ਝੰਡੇ ਦੀ ਕੋਈ ਤੋਹੀਨ ਨਹੀਂ ਕੀਤੀ ਅਤੇ ਖਾਲੀ ਖੰਬੇ ਉੱਪਰ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡੇ ਲਹਿਰਾਏ ਸਨ। ਉਹਨਾਂ ਕਿਹਾ ਕਿ ਪਰੇਡ ਵਾਲੇ ਦਿਨ 3 ਲੱਖ ਤੋਂ ਜਿਆਦਾ ਟਰੈਕਟਰਾਂ ਉੱਪਰ ਤਿਰੰਗੇ ਝੰਡੇ ਲੱਗੇ ਹੋਏ ਸਨ, ਜੇਕਰ ਉਹਨਾਂ ਦਾ ਮਕਸਦ ਤਿਰੰਗੇ ਦੀ ਤੋਹੀਨ ਕਰਨਾ ਹੁੰਦਾ ਤਾਂ ਉਹ ਪਰੇਡ ਦੋਰਾਨ ਤਿਰੰਗੇ ਨੂੰ ਹੱਥਾਂ ਵਿੱਚ ਕਿਉਂ ਫੜਦੇ ਅਤੇ ਟਰੈਕਟਰਾਂ ਉੱਪਰ ਕਿਉਂ ਲਗਾਉਂਦੇ ? ਖਹਿਰਾ ਨੇ ਕਿਹਾ ਕਿ ਇਹ ਐਫ.ਆਈ.ਆਰ ਭਾਜਪਾ ਸਰਕਾਰ ਵੱਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ੳੇੁੱਪਰ ਕੀਤੇ ਜਾ ਰਹੇ ਸਿਆਸੀ ਅੱਤਵਾਦ ਅਤੇ ਬਦਲਾ ਲਊ ਭਾਵਨਾ ਦਾ ਖੁਲਾਸਾ ਕਰਦੀ ਹੈ। ਉਹਨਾ ਕਿਹਾ ਕਿ 26 ਜਨਵਰੀ ਨੂੰ ਜੋ ਕੁਝ ਵੀ ਹੋਇਆ ਉਹ ਸਰਕਾਰ ਵੱਲੋਂ ਉਸ ਦੇ ਖਰੀਦੇ ਗੋਦੀ ਮੀਡੀਆ ਦੀ ਵਰਤੋਂ ਕਰਕੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸੋਚੀ ਸਮਝੀ ਸਾਜਿਸ਼ ਸੀ। ਖਹਿਰਾ ਨੇ ਮੰਗ ਕੀਤੀ ਕਿ ਸਿਆਸਤ ਤੋਂ ਪ੍ਰੇਰਿਤ ਉਕਤ ਐਫ.ਆਈ.ਆਰ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ 26 ਜਨਵਰੀ ਤੋਂ ਹਿਰਾਸਤ ਵਿੱਚ ਲਏ ਨੋਜਵਾਨਾਂ ਨੂੰ ਬਿਨਾਂ ਦੇਰੀ ਰਿਹਾਅ ਕੀਤਾ ਜਾਵੇ।

Install Punjabi Akhbar App

Install
×