25ਵਾਂ ਸਲਾਨਾ ਟੂਰਨਾਮੈਂਟ – ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ  ਪੁੱਕਕੋਹੀ ਵਿਖੇ ਮਾਲਵਾ ਕਲੱਬ ਦੇ ਖਿਡਾਰੀ ਛਾਏ

-ਸੋਨੇ ਦੀਆਂ ਮੁੰਦਰੀਆਂ ਨਾਲ ਬੈਸਟ ਖਿਡਾਰੀਆਂ ਦਾ ਇੰਡੋ ਸਪਾਈਸ ਅਤੇ ਸਾਡੇ ਆਲਾ ਰੇਡੀਓ ਵੱਲੋਂ ਸਨਮਾਨ

(ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ 25ਵੇਂ ਖੇਡ ਟੂਰਨਾਮੈਂਟ 'ਚ ਮਾਲਵਾ ਕਲੱਬ ਦੀ ਜੇਤੂ ਟੀਮ ਆਪਣੀ ਟ੍ਰਾਫੀ ਨਾਲ)
(ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਏ ਗਏ 25ਵੇਂ ਖੇਡ ਟੂਰਨਾਮੈਂਟ ‘ਚ ਮਾਲਵਾ ਕਲੱਬ ਦੀ ਜੇਤੂ ਟੀਮ ਆਪਣੀ ਟ੍ਰਾਫੀ ਨਾਲ)

ਆਕਲੈਂਡ 21 ਅਕਤੂਬਰ – ਅੰਬੇਡਕਰ ਸਪੋਰਟਸ ਐਂਡ ਕਰਲਚਰ ਕਲੱਬ ਵੱਲੋਂ ਅੱਜ 25ਵਾਂ (ਸਿਲਵਰ ਜੁਬਲੀ) ਸ਼ਾਨਦਾਰ ਖੇਡ ਟੂਰਨਾਮੈਂਟ ਪੁੱਕੀਕੋਹੀ ਕੋਲਿਨ ਲਾਰੀ ਗਰਾਉਂਡ ਵਿਚ ਕਰਵਾਇਆ ਗਿਆ। ਇਸਦਾ ਉਦਘਾਟਨ ਸਵੇਰੇ 10 ਵਜੇ ਭਾਰਤੀ ਸੰਸਦ ਮੈਂਬਰ ਸ. ਹਰਿੰਦਰ ਸਿੰਘ ਖਾਲਸਾ, ਨਿਊਜ਼ੀਲੈਂਡ ਸਾਂਸਦ ਸ੍ਰੀਮਤੀ ਪਰਮਜੀਤ ਕੌਰ ਪਰਮਾਰ, ਪ੍ਰਿਥੀਪਾਲ ਸਿੰਘ ਬਸਰਾ, ਬੇਅੰਤ ਸਿੰਘ ਜਾਡੋਰ, ਦਵਿੰਦਰ ਕੌਰ ਖਾਲਸਾ, ਪਰਮਜੀਤ ਮਹਿਮੀ, ਜਸਵਿੰਦਰ ਸੰਧੂ,  ਕੁਲਵਿੰਦਰ ਝਮੱਟ, ਨਰਿੰਦਰ ਸਹੋਤਾ, ਰਵਿੰਦਰ ਝਮਟ, ਪ੍ਰਦੀਪ ਕੁਮਾਰ,  ਬਹੁਤ ਸਾਰੇ ਕਲੱਬ ਮੈਂਬਰ  ਅਤੇ ਗੁਰਦੁਆਰਾ ਸਾਹਿਬ ਤੋਂ ਪਹੁੰਚੇ ਗ੍ਰੰਥੀ ਸਿੰਘਾਂ ਨੇ ਅਰਦਾਸ ਕਰਕੇ ਕੀਤਾ।  ਜਿਸ ਦੇ ਵਿਚ ਪੁਰਸ਼ ਕਬੱਡੀ, ਮਹਿਲਾ ਕਬੱਡੀ, ਫੁੱਟਬਾਲ ਅਤੇ ਵਾਲੀਵਾਲ ਦੇ ਮੈਚ ਕਰਵਾਏ ਗਏ। ਬੀਬੀਆਂ ਅਤੇ ਬੱਚਿਆਂ ਲਈ ਰੌਚਿਕ ਖੇਡਾਂ ਕਰਵਾਈਆਂ ਗਈਆਂ ਜਿਵੇਂ ਮਿਊਜ਼ੀਕਲ ਚੇਅਰ, ਦੌੜਾਂ ਆਦਿ।  ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰ ਇਸ ਮੌਕੇ ਨਿਯਮ ਤੇ ਸ਼ਰਤਾਂ ਉਤੇ ਗਹਿਰੀ ਨਿਗ੍ਹਾ ਰੱਖ ਰਹੇ ਸਨ।

ਮਾਲਵਾ ਕਲੱਬ ਦੇ ਖਿਡਾਰੀ ਛਾਏ – ਪੁਰਸ਼ ਕਬੱਡੀ ਜਿੱਥੇ ਅੱਜ ਮੌਸਮ ਬੜਾ ਸੁਹਾਵਨਾ ਕਦੀ ਧੁੱਪ ਕਦੀ ਛਾਂ ਵਾਲਿਆਂ ਬਣਿਆ ਰਿਹਾ ਉਥੇ ਕਬੱਡੀ ਦੇ ਮੈਚ ਵੀ ਬੜੇ ਹੀ ਰੌਚਿਕ ਅਤੇ ਖੇਡਭਾਵਨਾ ਵਾਲੇ ਰਹੇ। ਕਬੱਡੀ ਦਾ ਆਖਰੀ ਮੁਕਾਬਲਾ ਮਾਲਵਾ ਸਪੋਰਟਸ ਕਲੱਬ ਦੀ ਟੀਮ ਨੇ ਪੰਜਾਬ ਕੇਸਰੀ ਕਲੱਬ ਨੂੰ 32-26 ਦੇ ਫਰਕ ਨਾਲ ਹਰਾ ਕੇ ਸੋਨੇ ਰੰਗੀ ਟ੍ਰਾਫੀ ਆਪਣੇ ਨਾਂਅ ਕੀਤੀ। ਇਥੇ ਹੀ ਬੱਸ ਨਹੀਂ ਇਸੇ ਕਲੱਬ ਦੇ ਦੋ ਖਿਡਾਰੀ   ਬੈਸਟਰ ਰੇਡਰ ਵਜੋਂ ਲਾਲਾ ਬਰਨਾਲਾ ਅਤੇ ਬੈਸਟ ਸਟਾਪਰ ਵਜੋਂ ਤੋਤਾ ਚੌਗਾਵਾਂ ਨੂੰ ਚੁਣਿਆ ਗਿਆ ਅਤੇ ਦੋਵਾਂ ਨੂੰ ਦੋ ਮੁੰਦਰੀਆਂ ਇੰਡੋ ਸਪਾਈਸ ਵਰਲਡ ਅਤੇ ਰੇਡੀਓ ਸਾਡੇ ਵਾਲਾ ਵੱਲੋਂ ਇਨਾਮ ਵਜੋ ਦਿੱਤੀਆਂ ਗਈਆਂ। ਕਬੱਡੀ ਦਾ ਪਹਿਲਾ ਇਨਾਮ ਵਰਿੰਦਰ ਸਿੰਘ ਬਰੇਲੀ ਅਤੇ ਦੂਜਾ ਇਨਾਮ ਇੰਦਰਜੀਤ ਕਾਲਕਟ ਵੱਲੋਂ ਦਿੱਤਾ ਗਿਆ।

ਮਹਿਲਾ ਕਬੱਡੀ: ਮਾਓਰੀ ਕੁੜੀਆਂ ਦੀਆਂ ਦੋ ਟੀਮਾਂ ਦਾ ਕਬੱਡੀ ਮੁਕਬਾਲਾ ਕਰਵਾਇਆ ਗਿਆ ਜਿਸ ਦੇ ਵਿਚ ਵੀ ਮਾਲਵਾ ਸਪੋਰਟਸ ਕਲੱਬ ਦੀ ਟੀਮ ਜੇਤੂ ਐਲਾਨੀ ਗਈ ਅਤੇ ਸ. ਤਾਰਾ ਸਿੰਘ ਬੈਂਸ ਦੀ ਟੀਮ ਉਪ ਜੇਤੂ ਰਹੀ। ਪਹਿਲਾ ਇਨਾਮ ਦਲਜੀਤ ਸਿੰਘ ਸਿੱਧੂ ਤੇ ਦੂਸਰਾ ਗੁਰਵਿੰਦਰ ਸਿੰਘ ਔਲਖ ਵੱਲੋਂ ਦਿੱਤਾ ਗਿਆ।

ਫੁੱਟਬਾਲ: ਦਾ ਅੰਤਿਮ ਮੁਕਾਬਲਾ ਆਕਲੈਂਡ ਲਾਇਨਜ਼ ਕਲੱਬ ਨੇ ਜਿੱਤ ਲਿਆ ਜਦ ਕਿ ਸ਼ੇਰ ਏ ਪੰਜਾਬ ਕਲੱਬ ਦੀ ਟੀਮ ਉਪ ਜੇਤੂ ਰਹੀ।  ਪਹਿਲਾ ਤੇ ਦੂਜਾ ਇਨਾਮ ਟ੍ਰਸਟ ਫਾਇਨਾਂਸਲ ਲਿਮਟਿਡ ਵੱਲੋਂ ਸ੍ਰੀ ਅਸ਼ਵਨੀ ਸ਼ਰਮਾ ਤੇ ਸਟਾਫ ਨੇ ਦਿੱਤਾ।

ਵਾਲੀਵਾਲ: ਮੈਚ ਦਾ ਅੰਤਿਮ ਮੁਕਾਬਲਾ ਫਿਰ ਮਾਲਵਾ ਸਪੋਰਟਸ ਕਲੱਬ ਦੀ ਟੀਮ ਵੱਲੋਂ ਆਪਣੇ ਨਾਂਅ ਕਰ ਲਿਆ ਗਿਆ ਜਦ ਕਿ ਉਪਜੇਤੂ ਟੀਮ ਬਲੈਕ ਸਪਾਈਕਸ ਦੀ ਰਹੀ। ਪਹਿਲਾ ਇਨਾਮ ਬਲਿਹਾਰ ਸਿੰਘ ਮਾਹਲ, ਦੂਸਰਾ ਕੇ.ਵੀ. ਪ੍ਰਾਜੈਕਟ ਵੱਲੋਂ ਸਪਾਂਸਰ ਕੀਤਾ ਗਿਆ। ਬੱਚਿਆਂ ਦੇ ਇਨਾਮ ਗਲੋਬਲ ਫਾਇਨਾਂਸ (ਸ੍ਰੀ ਅਜੈ ਕੁਮਾਰ) ਵੱਲੋਂ ਦਿੱਤੇ ਗਏ।

ਇਨਾਮਾਂ ਦੀ ਵੰਡ; ਇਨਾਮਾਂ ਦੀ ਵੰਡ ਵੇਲੇ ਕਈ ਰਾਜਸੀ ਨੇਤਾ ਅਤੇ ਕਮਿਊਨਿਟੀ ਆਗੂ ਪਹੁੰਚੇ ਹੋਏ ਸਨ। ਲੇਬਰ ਪਾਰਟੀ ਦੇ ਸਾਂਸਦ, ਹਾਊਸਿੰਗ ਅਤੇ ਟ੍ਰਾਂਸਪੋਰਟ ਮੰਤਰੀ ਸ੍ਰੀ ਫਿਲ ਟਾਇਫੋਰਡ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਪ੍ਰਿਅੰਕਾ ਰਾਧਾ ਕ੍ਰਿਸ਼ਨਨ, ਸਾਂਸਦ ਲੁਈਸਾ ਵਾਲ, ਲੇਬਰ ਪਾਰਟੀ ਦੇ ਸਰਗਰਮ ਭਾਰਤੀ ਆਗੂ ਮੈਡਮ ਬਲਜੀਤ ਕੌਰ, ਜੱਸੀ ਪਾਬਲਾ ਭਾਰਤੀ ਹਾਈਕਮਿਸ਼ਨ ਆਕਲੈਂਡ ਦੇ ਕੌਂਸਿਲ ਸ੍ਰੀ ਭਵ ਢਿੱਲੋਂ, ਗ੍ਰੀਨ ਪਾਰਟੀ ਤੋਂ ਰਾਜ ਪ੍ਰਦੀਪ ਸਿਘ, ਕੋ ਲੀਡਰ ਮਾਰਾਮਾ ਡੇਵੀਡਸਨ, ਸ. ਖੜਗ ਸਿੰਘ ਸਿੱਧੂ, ਕੁਲਦੀਪ ਸਿੰਘ ਵਾਈਟਰੋਜ਼ ਬਿਲਡਰ ਅਤੇ ਹੋਰ ਬਹੁਤ ਸਾਰੇ ਪਤਵੰਤੇ ਲੋਕ ਹਾਜਿਰ ਸਨ।

ਰੈਫਰੀ ਅਤੇ ਕੁਮੇਂਟੇਟਰ: ਰੈਫਰੀ ਦੀਆਂ ਸੇਵਾਵਾਂ ਸ. ਵਰਿੰਦਰ ਸਿੰਘ ਬਰੇਲੀ ਅਤੇ ਮੰਗਾ ਭੰਡਾਲ ਨੇ ਨਿਭਾਈਆਂ ਜਦ ਕਿ ਕੁਮੈਂਟਰੀ ਵਾਸਤੇ ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਸ੍ਰੀ ਮੱਖਣ ਅਲੀ ਪਹੁੰਚੇ ਸਨ। ਉਨ੍ਹਾਂ ਨੇ ਨਾਨ-ਸਟਾਪ ਕੁਮੈਂਟਰੀ ਕਰਕੇ ਸਾਬਿਤ ਕਰ ਦਿੱਤਾ ਕਿ ਉਹ ਕੁਮੇਂਟਰੀ ਦੇ ਅਖਾੜੇ ਦੇ ਖਲੀ ਹਨ। ਉਨ੍ਹਾਂ ਦਾ ਸਾਥ ਦੇਣ ਲਈ ਸੱਤਾ ਜਲਾਲਾਬਾਦੀ ਨੇ ਵੀ ਪੂਰਾ ਰੰਗ ਬੰਨ੍ਹਿਆ।

ਵਿਛੜੀਆਂ ਰੂਹਾਂ ਨੂੰ ਕੀਤਾ ਯਾਦ: ਇਸ ਮੌਕੇ ਵਿਛੜੀਆਂ ਰੂਹਾਂ ਨੂੰ ਵੀ ਯਾਦ ਕੀਤਾ ਗਿਆ। ਪਿਛਲੇ ਐਤਵਾਰ ਕੁਈਨਜ਼ਟਾਊਨ ਵਿਖੇ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਦੀ ਮੌਤ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਲਈ ਮੋਨ ਵੀ ਰੱਖਿਆ ਗਿਆ ਅਤੇ ਸ਼ਰਧਾਂਜਲੀ ਭੇਟ ਕੀਤੀ।

ਭੋਜਨ ਭੰਡਾਰ; ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨੇ ਸਾਰੇ ਦਰਸ਼ਕ ਖਾਣ-ਪੀਣ ਦੇ ਨਾਲ ਰਜਾ ਦਿੱਤੇ। ਫਲ ਫਰੂਟ, ਰੋਟੀ-ਸਬਜੀ, ਮਠਿਆਈਆਂ, ਡਰਿੰਕਾਂ ਅਤੇ ਹੋਰ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਨੇ ਫੁੱਲ ਅਨਰਜੀ ਦਿੱਤੀ।

ਭੋਜਨ ਭੰਡਾਰ; ਸੁਰੱਖਿਆ ਦਾ ਪੂਰਾ ਪ੍ਰਬੰਧ ਸੀ ਅਤੇ ਸ਼ਾਮ ਤੱਕ ਐਂਬੂਲੈਂਸ ਉਥੇ ਹੀ ਹਾਜ਼ਿਰ ਰੱਖੀ ਗਈ।

Welcome to Punjabi Akhbar

Install Punjabi Akhbar
×
Enable Notifications    OK No thanks