ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਜ਼ਬਤ ਕੀਤੀ ਵੈਨਕੂਵਰ ਵਿੱਚ ਲਗਭਗ 2,500 ਕਿਲੋਗ੍ਰਾਮ ਅਫੀਮ

(ਸਰੀ)-ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਵੱਲੋਂ ਅੱਜ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ ਵੈਨਕੂਵਰ ਵਿੱਚ ਲਗਭਗ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਗਈ ਹੈ ਅਤੇ ਕੈਨੇਡਾ ਦੇ ਇਤਿਹਾਸ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸਮਗਲਿੰਗ ਕੇਸ ਹੈ।

ਅੱਜ ਡੈਲਟਾ ਵਿਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸਤੰਬਰ ਵਿੱਚ CBSA ਇੰਟੈਲੀਜੈਂਸ ਸੈਕਸ਼ਨ ਅਤੇ ਆਰਸੀਐਮਪੀ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ (FSOC) ਯੂਨਿਟ ਨੇ ਸਮੁੰਦਰੀ ਕੰਟੇਨਰਾਂ ਵਿਚ ਛੁਪਾ ਕੇ ਲਿਆਂਦੇ ਪਦਾਰਥਾਂ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ 25 ਅਕਤੂਬਰ ਨੂੰ CBSA ਦੇ ਮੈਟਰੋ ਵੈਨਕੂਵਰ ਮਰੀਨ ਆਪਰੇਸ਼ਨਜ਼ ਨੇ ਇਸ ਜਾਂਚ ਦੇ ਆਧਾਰ ‘ਤੇ 19 ਸਮੁੰਦਰੀ ਕੰਟੇਨਰਾਂ ਦੇ ਅੰਦਰਲੇ ਮਾਲ ਦੀ ਜਾਂਚ ਕੀਤੀ। ਐਕਸ-ਰੇ ਤਕਨਾਲੋਜੀ ਅਤੇ ਹੋਰ ਖੋਜ ਸਾਧਨਾਂ ਤੇ ਤਕਨਾਲੋਜੀ ਦੀ ਵੱਡੇ ਪੱਧਰ ਤੇ ਵਰਤੋਂ ਕਰਦੇ ਹੋਏ ਖੋਜ ਅਫਸਰਾਂ ਨੇ ਬਹੁਤ ਹੀ ਚਲਾਕੀ ਨਾਲ ਸ਼ਿਪਿੰਗ ਪੈਲੇਟਾਂ ਵਿੱਚ ਛੁਪਾਈ ਇਸ ਅਫੀਮ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ। 247 ਸ਼ਿਪਿੰਗ ਪੈਲੇਟਾਂ ਦੇ ਅੰਦਰ ਲਗਭਗ 2,486 ਕਿਲੋਗ੍ਰਾਮ ਅਫੀਮ ਫੜੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਜ਼ਬਤ ਕੀਤੀ ਗਈ ਅਫੀਮ ਨੂੰ ਹੋਰ ਅਪਰਾਧਿਕ ਜਾਂਚ ਲਈ ਆਰਸੀਐਮਪੀ ਐਫਐਸਓਸੀ ਯੂਨਿਟ ਨੂੰ ਸੌਂਪ ਦਿੱਤਾ ਗਿਆ ਹੈ।

ਇਸੇ ਦੌਰਾਨ ਜਨਤਕ ਸੁਰੱਖਿਆ ਦੇ ਕੇਂਦਰੀ ਮੰਤਰੀ ਮਾਰਕੋ ਮੇਂਡੀਸੀਨੋ ਨੇ ਕਿਹਾ ਹੈ ਕਿ ਕਮਿਊਨਿਟੀ ਦੀ ਸੁਰੱਖਿਆ ਕਰਨਾ ਸਾਡੀ ਪ੍ਰਮੁੱਖ ਤਰਜੀਹ ਹੈ। ਸਾਡਾ ਕੰਮ ਸਰਹੱਦਾਂ ਪਾਰੋਂ ਆ ਰਹੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਨੂੰ ਕੈਨੇਡਾ ਵਿੱਚ ਆਉਣ ਤੋਂ ਰੋਕਣਾ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣਾ ਹੈ। ਉਨ੍ਹਾਂ CBSA ਦੇ ਅਫਸਰਾਂ ਦਾ ਇਸ ਨਿਰਣਾਇਕ ਕਾਰਵਾਈ ਲਈ ਧੰਨਵਾਦ ਕੀਤਾ ਹੈ।

(ਹਰਦਮ ਮਾਨ) +1 604 308 6663

maanbabushahi@gmail.com