ਡਨਗੌਗ ਦੀਆਂ ਸੜਕਾਂ ਲਈ 25 ਮਿਲੀਅਨ ਡਾਲਰਾਂ ਦਾ ਫੰਡ ਜਾਰੀ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਅਤੇ ਸੜਕ ਪਰਿਵਹਨ ਮੰਤਰੀ ਪਾਲ ਟੂਲੇ ਨੇ ਅਪਰ ਹੰਟਰ ਦੇ ਆਪਣੇ ਦੌਰੇ ਦੌਰਾਨ, ਨੈਸ਼ਨਲ ਪਾਰਟੀ ਦੇ ਉਮੀਦਵਾਰ ਡੇਵ ਲਾਇਜਲ ਦੇ ਨਾਲ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਡਨਗੌਗ ਦੀਆਂ ਸਥਾਨਕ ਸੜਕਾਂ ਦੀ ਹਾਲਤ ਸੁਧਾਰਨ ਅਤੇ ਵਧੀਆ ਸੜਕ ਨੈਟਵਰਕ ਮੁਹੱਈਆ ਕਰਵਾਉਣ ਲਈ 25 ਮਿਲੀਅਨ ਡਾਲਰਾਂ ਦੇ ਫੰਡ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਕਤ ਫੰਡ, ਰਾਜ ਸਰਕਾਰ ਵੱਲੋਂ ਡਨਗੌਂਗ ਸ਼ਾਇਰ ਦੀ ਸਥਾਨਕ ਕਾਂਸਲ ਨੂੰ ਦਿੱਤੇ ਜਾ ਰਹੇ ਹਨ ਅਤੇ ਇਨ੍ਹਾਂ ਰਾਹੀਂ ਸੜਕਾਂ ਦੀ ਮੈਨਟਿਨੈਂਸ ਲਈ ਉਨ੍ਹਾਂ ਦਾ 23.8 ਮਿਲੀਅਨ ਡਾਲਰਾਂ ਦਾ ਬਕਾਇਆ ਭੁਗਤਾਨ ਵੀ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਕਿ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਿ ਖੇਤਰ ਵਿਚਲੀਆਂ ਸੜਕਾਂ ਸਾਡੇ ਅਸਲ ਪੈਮਾਨੇ ਉਪਰ ਖਰੀਆਂ ਨਹੀਂ ਉਤਰਦੀਆਂ ਅਤੇ ਇਸ ਫੰਡ ਰਾਹੀਂ ਕਾਂਸਲ ਨੂੰ ਹਦਾਇਤ ਦਿੱਤੀ ਗਈ ਹੈ ਕਿ ਸੜਕਾਂ ਨੂੰ ਪੂਰਨ ਤੌਰ ਉਪਰ ਆਵਾਜਾਈ ਦੇ ਕਾਬਿਲ ਬਣਾਇਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ, ਸਾਬਕਾ ਲੇਬਰ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਹੀ ਠੀਕ ਕਰਨ ਵਿੱਚ ਲੱਗੀ ਹੋਈ ਹੈ ਪਰੰਤੂ ਹਾਲੇ ਕਾਫੀ ਸਮਾਂ ਵੀ ਲੱਗ ਸਕਦਾ ਹੈ ਅਤੇ ਇਸ ਸਮੇਂ ਤਾਂ ਮੌਜੂਦਾ ਲੋੜ ਇਹ ਹੈ ਕਿ ਡਨਗੌਂਗ ਦੀਆਂ ਸੜਕਾਂ ਦੀ ਸਹੀਬੱਧ ਤਰੀਕਿਆਂ ਦੇ ਨਾਲ ਮੁਰੰਮਤ ਆਦਿ ਕਰਕੇ ਉਨ੍ਹਾਂ ਨੂੰ ਆਵਾਜਾਈ ਦੇ ਸਹੀ ਤੌਰ ਤੇ ਯੋਗ ਬਣਾਇਆ ਜਾਵੇ।
ਸ੍ਰੀ ਟੂਲੇ ਨੇ ਇਹ ਵੀ ਕਿਹਾ ਕਿ ਬੀਤੇ 12 ਮਹੀਨਿਆਂ ਦੌਰਾਨ ਨਿਊ ਸਾਉਥ ਵੇਲਜ਼ ਸਰਕਾਰ ਨੇ ਡਨਗੌਂਗ ਦੇ ਸੜਕ ਨੈਟਵਰਕ ਨੂੰ ਸੁਧਾਰਨ ਵਾਸਤੇ 21 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦੇ ਫੰਡਾਂ ਦਾ ਨਿਵੇਸ਼ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਹਫ਼ਤੇ ਹੀ ਉਨ੍ਹਾਂ ਨੇ ਸਮਰ ਹਿਲ ਸੜਕ ਦੇ ਦੌਰਾ ਕੀਤਾ ਜੋ ਕਿ ਸਰਕਾਰ ਦੇ 5.4 ਮਿਲੀਅਨ ਡਾਲਰਾਂ ਨਾਲ ਚਾਰ ਸੜਕਾਂ ਦੇ ਨਵ-ਨਿਰਮਾਣ ਦਾ ਹੀ ਹਿੱਸਾ ਹੈ। ਸਥਾਨਕ ਲੋਕਾਂ ਨੂੰ ਆਉਣ ਵਾਲੇ ਸਮਿਆਂ ਵਿੱਚ ਰਾਜ ਸਰਕਾਰ 23 ਪੁਰਾਣੇ ਲੱਕੜੀ ਦੇ ਪੁਲ਼ ਬਦਲ ਕੇ ਨਵੇਂ ਪੁਲ਼ ਦੇ ਰਹੀ ਹੈ ਅਤੇ ਇਹ ਪ੍ਰਾਜੈਕਟ ਵੀ ਰਾਜ ਸਰਕਾਰ ਦੇ 16 ਮਿਲੀਅਨ ਡਾਲਰਾਂ ਦੇ ਚੱਲ ਰਹੇ ਅਜਿਹੇ ਪ੍ਰਾਜੈਕਟਾਂ ਦੇ ਨਿਵੇਸ਼ ਅਧੀਨ ਹੀ ਆਉਂਦਾ ਹੈ।
ਉਨ੍ਹਾਂ ਕਿਹਾ ਕਿ, ਸਾਲ 2011 ਤੋਂ ਰਾਜ ਸਰਕਾਰ ਨੇ ਡਨਗੌਂਗ ਸ਼ਾਇਰ ਖੇਤਰ ਵਿੱਚ 100 ਮਿਲੀਅਨ ਡਾਲਰਾਂ ਦੀ ਲਾਗਤ ਨਾਲ ਵਧੀਆ ਸੜਕ ਨੈਟਵਰਕ ਦੇ ਨਾਲ ਨਾਲ ਨਵੇਂ ਪੁਲ਼ਾਂ ਦੇ ਨਿਰਮਾਣ ਦਾ ਕੰਮ ਵੀ ਕੀਤਾ ਹੈ ਕਿਉਂਕਿ ਸਰਕਾਰ ਇਸ ਗੱਲ ਨੂੰ ਭਲੀ ਭਾਂਤੀ ਜਾਣਦੀ ਹੈ ਕਿ ਸੜਕ ਨੈਟਵਰਕ ਕਿੰਨਾ ਜ਼ਰੂਰੀ ਕੰਮ ਹੁੰਦਾ ਹੈ ਅਤੇ ਲੋਕਾਂ ਨੂੰ ਸਕੂਲ, ਕੰਮ ਕਾਰ ਦੇ ਅਦਾਰਿਆਂ, ਦੁਕਾਨਾਂ ਆਦਿ ਹਰ ਥਾਂ ਤੇ ਜਾਣ ਵਾਸਤੇ ਵਧੀਆ ਸੜਕ ਨੈਟਵਰਕ ਦੀ ਹੀ ਜ਼ਰੂਰਤ ਹੁੰਦੀ ਹੈ।

Install Punjabi Akhbar App

Install
×