ਨਿਊਜ਼ੀਲੈਂਡ ਵਿਚ ਹੋਣਾ ਹੈ ਪੱਕਾ: ਨਿਊਜ਼ੀਲੈਂਡ ‘ਚ 24 ਸਾਲਾ ਪੰਜਾਬੀ ਨੌਜਵਾਨ ਅਤੇ 61 ਸਾਲਾ ਗੋਰੀ ਦੇ ਵਿਆਹ ਨੂੰ ਇਮੀਗ੍ਰੇਸ਼ਨ ਨੇ ਆਖਿਰ ਕਬੂਲਿਆ

NZ PIC 12 Oct-15 ਜੁਲਾਈ 2013 ਨੂੰ ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਦੇ ਵਿਚ  ਮੁੱਖ ਪੰਨੇ ਉਤੇ ਇਹ ਖਬਰ ਛਾਈ ਰਹੀ ਸੀ ਇਕ 22 ਸਾਲਾ ਭਾਰਤੀ ਮੁੰਡੇ ਬਲਵਿੰਦਰ ਸਿੰਘ ਨੇ 59 ਸਾਲਾਂ ਦੀ ਗੋਰੀ ਜੀਵਨ ਸਾਥਣ (ਨਾਂਅ ਗਲਿਨ ਕੇਸੈਲ) ਲੱਭੀ ਹੈ ਅਤੇ ਉਹ ਵਿਆਹ ਕਰਵਾ ਕੇ ਪੱਕਾ ਹੋਣਾ ਚਾਹੁੰਦਾ ਹੈ। ਪਰ ਇਹ ਗੱਲ ਇਥੇ ਦੇ ਇਮੀਗ੍ਰੇਸ਼ਨ ਨੂੰ ਨਹੀਂ ਪੱਚ ਰਹੀ ਸੀ ਅਤੇ ਮਾਮਲਾ ਗੁੰਝਲਦਾਰ ਹੋ ਕੇ ਇਮੀਗ੍ਰੇਸ਼ਨ ਸਲਾਹਕਾਰਾਂ ਅਤੇ ਇਮੀਗ੍ਰੇਸ਼ਨ ਵਿਭਾਗ ਵਿਚ ਬਹਿਸ ਦਾ ਵਿਸ਼ਾ ਬਣ ਗਿਆ ਸੀ। ਇਹ 22 ਸਾਲਾ ਬਲਵਿੰਦਰ ਸਿੰਘ ਇਸ 2012 ਦੇ ਵਿਚ ਔਰਤ ਨੂੰ ਇਕ ਵਾਲ ਕੱਟਣ ਵਾਲੀ ਦੁਕਾਨ ਉਤੇ ਮਿਲਿਆ ਸੀ ਅਤੇ ਤਿੰਨ ਕੁ ਹਫਤਿਆਂ ਦੇ ਵਿਚ ਇਨ੍ਹਾਂ ਦਾ ਰਿਸ਼ਤਾ ਐਨਾ ਨੇੜੇ ਹੋ ਗਿਆ ਕਿ ਇਨ੍ਹਾਂ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਮੁੰਡੇ ਨੇ ਪੱਕੇ ਹੋਣ ਦੀ ਅਰਜ਼ੀ ਲਾਈ। ਇਮੀਗ੍ਰੇਸ਼ਨ ਨੇ ਮਾਮਲਾ ਸ਼ੱਕੀ ਹੋਣ ਕਰਕੇ ਅਤੇ ਇਨ੍ਹਾਂ ਦੀਆਂ ਤਜ਼ਵੀਜਾਂ  ਰੱਦ ਕਰਦੇ ਹੋਏ ਸਾਫ ਨਾਂਹ ਕਰ ਦਿੱਤੀ। ਇਮੀਗ੍ਰੇਸ਼ਨ ਨੇ ਇਸ 59 ਸਾਲਾਂ ਦੀ ਜੀਵਨ ਸਾਥਣ ਨੂੰ ਪੁਛਿਆ ਕਿ ਮੰਨ ਲਓ ਇਹ ਵਿਆਹ ਹੋ ਜਾਂਦਾ ਹੈ ਤਾਂ ਤੁਹਾਡੇ ਸੱਸ ਸਹੁਰਾ ਜੋ ਕਿ 45-46 ਸਾਲ ਦੇ ਹਨ ਤਾਂ ਉਹ ਆਪਣੀ 59 ਸਾਲਾ ਦੀ ਬਹੂ ਨੂੰ ਵੇਖ ਕੇ ਕੀ ਸੋਚਣਗੇ? ਤਾਂ ਇਸ ਔਰਤ ਨੇ ਕਿਹਾ ਕਿ ਮੇਰਾ ਮਨ 21 ਸਾਲਾਂ ਦਾ ਹੈ ਅਤੇ ਉਮਰ ਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ। ਇਸ ਔਰਤ ਦਾ ਇਕ 37 ਸਾਲਾ ਪੁੱਤਰ ਵੀ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਦੋ ਵੱਖਰੀਆਂ-ਵੱਖਰੀਆਂ ਟੀਮਾਂ ਦੀ ਰਾਏ ਲੈ ਕੇ ਇਸ ਭਾਰਤੀ ਨੌਜਵਾਨ ਨੂੰ ਪੱਕਿਆਂ ਕਰਨ ਤੋਂ ਨਾਂਹ ਕੀਤੀ ਹੋਈ ਸੀ ਪਰ ਇਸ ਮਾਮਲੇ ਨੂੰ ਨਸਲਵਾਦ ਦਾ ਆਖ ਕੇ ਦੁਬਾਰਾ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਹੁਣ ਆਖਿਰ ਇਮੀਗ੍ਰੇਸ਼ਨ ਨੇ ਇਨ੍ਹਾਂ ਦੇ ਪਿਆਰ ਅਤੇ ਵਿਆਹ ਨੂੰ ਠੀਕ ਮੰਨਦਿਆਂ ਇਸ ਜੋੜੇ ਨੂੰ ਪੱਕਿਆਂ ਕਰ ਦਿੱਤਾ ਹੈ। ਇਸ ਵੇਲੇ ਪੰਜਾਬੀ ਨੌਜਵਾਨ ਦੀ ਉਮਰ 24 ਸਾਲ ਹੈ ਅਤੇ ਉਸਦੀ ਵਹੁਟੀ ਦੀ ਉਮਰ 61 ਸਾਲ ਹੈ। ਇਸ ਨੌਜਵਾਨ ਨੇ ਆਖਿਰ ਸਿੱਧ ਕਰ ਦਿੱਤਾ ਕਿ ਉਸਦਾ ਵਿਆਹ ਕੋਈ ਝੂਠਾ ਵਿਆਹ ਨਹੀਂ ਹੈ ਸਗੋਂ ਸੱਚਾ ਵਿਆਹ ਹੈ।

Install Punjabi Akhbar App

Install
×