ਬੀਤੇ ਸ਼ੁੱਕਰਵਾਰ ਦੀ ਰਾਤ 12.13 ਵਜੇ ਮਾਊਂਟ ਵਲਿੰਗਟਨ (ਨੇੜੇ ਆਕਲੈਂਡ ਸਿਟੀ) ਦਾ ਮੋੜ ਕੱਟਣ ਵੇਲੇ 23 ਸਾਲਾ ਪੰਜਾਬੀ ਨੌਜਵਾਨ ਹਰਮਨ ਸਿੰਘ ਸੋਮਲ (ਪੁੱਤਰ ਸ. ਕੁਲਦੀਪ ਸਿੰਘ ਤੇ ਸ੍ਰੀਮਤੀ ਰਣਵੀਰ ਕੌਰ) ਦੀ ਕਾਰ ਇਕ ਖੱਬੇ ਪਾਸੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ ਤੇ ਇਸ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਇਹ ਨੌਜਵਾਨ ਆਪਣੇ ਦੋਸਤਾਂ ਨੂੰ ਮਿਲ ਕੇ ਮੋਟਰਵੇਅ ਤੋਂ ਹੁੰਦਾ ਹੋਇਆ ਆਪਣੇ ਘਰ ਵੱਲ ਜਾ ਰਿਹਾ ਸੀ। ਇਹ ਨੌਜਵਾਨ ਜਨਵਰੀ 2011 ਦੇ ਵਿਚ ਪੜ੍ਹਨ ਆਇਆ ਸੀ। ਕੁਝ ਸਮਾਂ ਇਹ ਜਾਬ ਸਰਚ ਵੀਜ਼ੇ ਉਤੇ ਰਿਹਾ ਅਤੇ ਹੁਣ ਫਿਰ ਪੜ੍ਹਾਈ ਲੈ ਲਈ। ਇਨ੍ਹੀਂ ਦਿਨੀਂ ਉਹ ਫਿਰ ਅਗਲੇਰੀ ਪੜ੍ਹਾਈ ਲਈ ਵੀਜ਼ੇ ਆਦਿ ਦੀ ਉਡੀਕ ਕਰ ਰਿਹਾ ਸੀ। ਇਸਦਾ ਜੱਦੀ ਪਿੰਡ ਲਲਹੇੜੀ ਤਹਿਸੀਲ ਖੰਨਾ ਸੀ। ਇਥੇ ਰਹਿੰਦੇ ਮ੍ਰਿਤਕ ਮੁੰਡੇ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਸੁਪਰੀਮ ਸਿੱਖ ਕੌਂਸਿਲ ਨਾਲ ਸੰਪਰਕ ਕੀਤਾ ਹੈ ਅਤੇ ਉਸਦਾ ਮ੍ਰਿਤਕ ਸਰੀਰ ਇੰਡੀਆ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਮੁੰਡਾ ਮਾਪਿਆਂ ਦੀ ਇਕਲੌਤੀ ਸੰਤਾਨ ਸੀ । ਮ੍ਰਿਤਕ ਸਰੀਰ ਨੂੰ ਪੰਜਾਬ ਭੇਜਣ ਵਾਸਤੇ ਉਸਦੇ ਦੋਸਤਾਂ ਅਤੇ ਇਥੇ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਭਾਰਤੀ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਕੱਲ੍ਹ ਐਤਵਾਰ ਨੂੰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ਅੰਦਰ ਇਸ ਬਾਰੇ ਅਪੀਲ ਵੀ ਕੀਤੀ ਜਾਵੇਗੀ।