ਵੈਨਕੂਵਰ ਸਿਟੀ ਕੌਂਸਲ ਵੱਲੋਂ 23 ਮਈ ਨੂੰ “ਕਾਮਾਗਾਟਾ ਮਾਰੂ ਯਾਦਗਾਰ ਦਿਵਸ” ਵਜੋਂ ਮਨਾਉਣ ਦਾ ਐਲਾਨ

ਵੈਨਕੂਵਰ ਸਿਟੀ ਹਾਲ ਅਤੇ ਬਰਾਰਡ ਬ੍ਰਿਜ ਨੂੰ ਰੰਗਿਆ ਜਾਵੇਗਾ ਸੰਤਰੀ ਰੰਗ ‘ਚ

(ਸਰੀ) -ਵੈਨਕੂਵਰ ਸਿਟੀ ਕੌਂਸਿਲ ਵੱਲੋਂ ਮੰਗਲਵਾਰ ਨੂੰ ਇਕ ਘੋਸ਼ਣਾ ਪੱਤਰ ਜਾਰੀ ਕਰਕੇ 23 ਮਈ, 2022 ਨੂੰ “ਕਾਮਾਗਾਟਾ ਮਾਰੂ ਯਾਦਗਾਰ ਦਿਵਸ” ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਨੇ ਕੌਂਸਿਲ ਵੱਲੋਂ ਇਹ ਘੋਸ਼ਣਾ ਪੱਤਰ ਕਾਮਾਗਾਟਾ ਮਾਰੂ ਨਾਲ ਸੰਬੰਧਤ ਪਰਿਵਾਰ ਦੇ ਵਾਰਸ ਦੋ ਭਰਾਵਾਂ ਰਾਜ ਸਿੰਘ ਤੂਰ ਅਤੇ ਜਸਵਿੰਦਰ ਤੂਰ ਨੂੰ ਪੇਸ਼ ਕੀਤਾ।

ਇਸ ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ ਕਿ 2022 ਵਿਚ ਕਾਮਾਗਾਟਾਮਾਰੂ ਘਟਨਾ ਦੀ 108ਵੀਂ ਵਰ੍ਹੇਗੰਢ ਹੈ। ਕੈਨੇਡੀਅਨ ਇਤਿਹਾਸ ਦਾ ਇੱਕ ਕਾਲਾ ਅਧਿਆਏ ਸੀ ਜਦੋਂ 376 ਭਾਰਤੀਆਂ (ਜਿਹਨਾਂ ਵਿਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ) ਨੂੰ ਲੈ ਕੇ ਇਕ ਜਹਾਜ਼ 23 ਮਈ, 1914 ਨੂੰ ਵੈਨਕੂਵਰ ਦੇ ਬਰਾਰਡ ਇਨਲੇਟ ਪਹੁੰਚਿਆ। ਬ੍ਰਿਟਿਸ਼ ਸਾਮਰਾਜ ਦੇ ਇਹ ਭਾਰਤੀ ਲੋਕ ਆਪਣੇ ਉੱਜਲ ਭਵਿੱਖ ਦੀ ਉਮੀਦ ਨਾਲ ਕੈਨੇਡਾ ਵਿੱਚ ਦਾਖਲਾ ਲੈਣਾ ਚਾਹੁੰਦੇ ਸਨ। ਪਰ 29 ਜੂਨ, 1914 ਨੂੰ, ਵੈਨਕੂਵਰ ਸਿਟੀ ਕੌਂਸਿਲ ਨੇ ਇੱਕ ਮਤਾ ਪਾਸ ਕਰਕੇ ਕੈਨੇਡਾ ਦੇ “ਨਸਲਵਾਦੀ ਅਤੇ ਵਿਤਕਰੇ ਵਾਲੇ ਕਾਨੂੰਨਾਂ” ਦਾ ਸਮਰਥਨ ਕੀਤਾ ਜੋ ਕਿ ਇਸ ਦੇਸ਼ ਵਿੱਚ ਹਿੰਦੂਆਂ ਅਤੇ ਹੋਰ ਏਸ਼ੀਆਈ ਨਸਲਾਂ ਦੇ ਦਾਖਲੇ ਦਾ ਬੇਲੋੜਾ ਵਿਰੋਧ ਸੀ।

ਘੋਸ਼ਣਾ ਪੱਤਰ ਵਿੱਚ ਕਿਹਾ ਗਿਆ ਹੈ ਕਿ 23 ਜੁਲਾਈ, 1914 ਨੂੰ ਕਾਮਾਗਾਟਾਮਾਰੂ ਨੂੰ ਵਾਪਸ ਭਾਰਤ ਜਾਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਭਾਰਤ ਪੁੱਜਣ ‘ਤੇ ਇਸ ਜਹਾਜ਼ ਵਿਚ ਸਵਾਰ ਲੋਕਾਂ ਨੂੰ ਰਾਜਨੀਤਿਕ ਵਿਘਨ ਪਾਉਣ ਵਾਲੇ ਲੋਕ ਐਲਾਨ ਕੇ ਬ੍ਰਿਟਿਸ਼ ਭਾਰਤੀ ਸੈਨਿਕਾਂ ਦੁਆਰਾ 19 ਯਾਤਰੀਆਂ ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਬਹੁਤ ਸਾਰੇ ਜ਼ਖਮੀ ਹੋ ਗਏ ਸਨ ਅਤੇ ਕਈਆਂ ਨੂੰ ਸਾਲਾਂ ਬੱਧੀ ਜੇਲ੍ਹ ਕੱਟਣੀ ਪਈ ਸੀ।

ਇਸ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ 23 ਮਈ, 2021 ਨੂੰ, ਵੈਨਕੂਵਰ ਸਿਟੀ ਕੌਂਸਿਲ ਨੇ ਕਾਮਾਗਾਟਾਮਾਰੂ ਦੇ ਪੀੜਤਾਂ, ਉਨ੍ਹਾਂ ਦੇ ਵਾਰਸਾਂ ਅਤੇ ਵੈਨਕੂਵਰ ਸਿਟੀ ਕੌਂਸਲ ਦੇ 29 ਜੂਨ, 1914 ਦੇ ਮਤੇ ਸੰਬੰਧੀ ਅਤੇ ਪ੍ਰਭਾਵਿਤ ਲੋਕਾਂ ਅਤੇ ਪਰਿਵਾਰਾਂ ਉੱਪਰ ਪਏ ਇਸ ਦੇ ਮਾਰੂ ਪ੍ਰਭਾਵਾਂ ਲਈ ਸਾਰੇ ਲੋਕਾਂ ਤੋਂ ਅਧਿਕਾਰਤ ਤੌਰ ‘ਤੇ ਮੁਆਫੀ ਮੰਗ ਲਈ ਸੀ।

 ਵੈਨਕੂਵਰ ਸਿਟੀ ਵੱਲੋਂ 23 ਮਈ 2022 ਨੂੰ ਵੈਨਕੂਵਰ ਸਿਟੀ ਹਾਲ ਅਤੇ ਬਰਾਰਡ ਬ੍ਰਿਜ ਨੂੰ ਸੰਤਰੀ ਰੰਗ ਵਿੱਚ ਰੰਗਿਆ ਜਾਵੇਗਾ।

(ਹਰਦਮ ਮਾਨ)
+1 604 308 6663
maanbabushahi@baghel-singh-dhaliwal

Install Punjabi Akhbar App

Install
×