ਨਿਊਜ਼ੀਲੈਂਡ ‘ਚ 22 ਸਾਲਾ ਭਾਰਤੀ ਵਿਦਿਆਰਥੀ ਮਨਜੀਤ ਸਿੰਘ ਦੀ ਸਮੁੰਦਰ ਕੰਢੇ ਅੱਜ ਸਵੇਰੇ ਲਾਸ਼ ਮਿਲੀ -ਮਾਪਿਆਂ ਦਾ ਸੀ ਇਕਲੌਤਾ ਪੁੱਤਰ

NZ PIC 13 May-1-Bਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦੇ ਵਿਚ ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਅੱਜ ਸਵੇਰੇ 6.30 ਵਜੇ ਮਿਸ਼ਨ ਬੇਅ ਬੀਚ ਆਕਲੈਂਡ ਦੇ ਕੰਢੇ ਉਤੇ ਇਕ 22 ਸਾਲਾ ਭਾਰਤੀ ਵਿਦਿਆਰਥੀ ਮਨਜੀਤ ਸਿੰਘ ਪੁੱਤਰ ਸ. ਜੀਤ ਸਿੰਘ -ਸ੍ਰੀਮਤੀ ਕੁਲਦੀਪ ਕੌਰ ਵਾਸੀ ਅਰਬਨ ਅਸਟੇਟ ਕਰਨਾਲ (ਹਰਿਆਣਾ) ਦੀ ਲਾਸ਼ ਮਿਲੀ ਹੈ। ਮੂਲ ਰੂਪ ਵਿਚ ਇਹ ਪਰਿਵਾਰ ਪਿੰਡ ਦਰੜ (ਕਰਨਾਲ) ਨਾਲ ਸਬੰਧ ਰੱਖਦਾ ਹੈ। ਇਸ ਨੌਜਵਾਨ ਦੀ ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਇਕ ਔਰਤ ਉਥੇ ਸਵੇਰੇ-ਸਵੇਰੇ ਸੈਰ ਕਰ ਰਹੀ ਸੀ। ਉਸਨੂੰ ਪਹਿਲਾਂ ਜਾਪਿਆ ਜਿਵੇਂ ਕੋਈ ਸੁੱਤਾ ਪਿਆ ਹੋਵੇ। ਪਰ ਉਸਨੇ ਅੰਦਾਜ਼ਾ ਲਗਾਇਆ ਕਿ ਕੁਝ ਹੋਰ ਗੱਲ ਹੈ ਤੇ ਉਸਨੇ ਪੁਲਿਸ ਨੂੰ ਸੂਚਿਤ ਕੀਤਾ।  ਮਨਜੀਤ ਸਿੰਘ ਇੰਟਰਨੈਸ਼ਨਲ ਕਾਲਜ ਆਫ ਆਕਲੈਂਡ ਕੁਈਨਜ਼ ਰੋਡ ਆਕਲੈਂਡ ਸਿਟੀ ਦਾ ਵਿਦਿਆਰਥੀ ਸੀ ਅਤੇ ਅਕਤੂਬਰ 2013 ਦੇ ਵਿਚ ਇਥੇ ਬਿਜ਼ਨਸ ਮੈਨੇਜਮੈਂਟ ਲੈਵਲ-5 ‘ਚ 18 ਮਹੀਨਿਆਂ ਦੀ ਪੜ੍ਹਾਈ ਕਰਨ ਆਇਆ ਸੀ। ਇਸ ਵੇਲੇ ਇਸਦੀ ਸਿਰਫ 2 ਮਹੀਨਿਆਂ ਦੀ ਪੜ੍ਹਾਈ ਬਾਕੀ ਸੀ। ਮਾਪਿਆਂ ਦਾ ਇਹ ਇਕਲੌਤਾ ਪੁੱਤਰ ਸੀ ਅਤੇ  ਇਸਦੀ  20 ਸਾਲਾ ਛੋਟੀ ਭੈਣ ਹੈ। ਇਸ ਨੌਜਵਾਨ ਦੇ ਪਿਤਾ ਨੇ ਇਸ ਪੱਤਰਕਾਰ ਨੂੰ ਰੋਂਦਿਆਂ ਦੱਸਿਆ ਕਿ 2 ਮਹੀਨੇ ਤੱਕ ਉਸਦੇ ਪੁੱਤਰ ਨੂੰ ਡਿਗਰੀ ਮਿਲਣੀ ਸੀ ਅਤੇ ਉਹ ਡਿਗਰੀ ਵੰਡ ਸਮਾਰੋਹ ਵਿਚ ਆਉਣ ਵਾਲੇ ਸਨ। ਉਨ੍ਹਾਂ ਨਿਊਜ਼ੀਲੈਂਡ ਵਸਦੇ ਭਾਰਤੀਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਦੇ ਮ੍ਰਿਤਕ ਸਰੀਰ ਨੂੰ ਜਲਦੀ ਤੋਂ ਜਲਦੀ ਇੰਡੀਆ ਭੇਜਣ ਦੀ ਖੇਚਲ ਕਰਨ। ਪਿੱਛੇ ਪਰਿਵਾਰ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੋ ਗਿਆ ਹੈ। ਵਰਨਣਯੋਗ ਹੈ ਕਿ ਇਸ ਪਰਿਵਾਰ ਦੇ ਕੁਝ ਮੈਂਬਰਾਂ ਨੇ ਸਿੱਖ ਸੰਘਰਸ਼ ਦੌਰਾਨ ਕਾਫੀ ਮੁਸ਼ਕਿਲਾਂ ਝੱਲੀਆਂ ਹਨ।
ਪਰਿਵਾਰ ਵੱਲੋਂ ਸੁਪਰੀਮ ਸਿੱਖ ਸੁਸਾਇਟੀ ਨੂੰ ਅਪੀਲ: ਮ੍ਰਿਤਕ ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰ ਜੋ ਕਿ ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਦੇ ਕਾਫੀ ਨੇੜੇ ਹਨ, ਵੱਲੋਂ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਨੂੰ ਲਿਖਤੀ ਤੌਰ ‘ਤੇ ਅਧਿਕਾਰਕ ਕੀਤਾ ਗਿਆ ਹੈ ਕਿ ਉਹ ਇਸ ਨੌਜਵਾਨ ਦੀ ਮ੍ਰਿਤਕ ਦੇਹ ਇੰਡੀਆ ਭੇਜਣ ਦਾ ਪ੍ਰਬੰਧ ਕਰਨ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ ਕੇਸ ਦੇ ਸਬੰਧ ਵਿਚ ਪੁਲਿਸ ਅਤੇ ਹਸਪਤਾਲ ਦੇ ਨਾਲ ਸੰਪਰਕ ਕਰ ਲਿਆ ਗਿਆ ਹੈ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਦੁੱਖ ਪ੍ਰਗਟ: ਸੁਪਰੀਮ ਸਿੱਖ ਸੁਸਾਇਟੀ ਅਤੇ ਸੁਪਰੀਮ ਸਿੱਖ ਕੌਂਸਿਲ ਵੱਲੋਂ ਇਸ ਨੌਜਵਾਨ ਦੀ ਹੋਈ ਇਸ ਦੁਖਦਾਈ ਮੌਤ ਉਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸੁਸਾਇਟੀ ਵੱਲੋਂ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੂੰ ਇੰਡੀਆ ਭੇਜਣ ਵਾਸਤੇ ਪ੍ਰਬੰਧ ਕੀਤੇ ਜਾ ਰਹੇ ਹਨ।

Install Punjabi Akhbar App

Install
×