ਸਾਡੇ ਜਵਾਨ-ਸਾਡੀਆਂ ਖੇਡਾਂ: 22ਵਾਂ ਖੇਡ ਟੂਰਨਾਮੈਂਟ 

NZ PIC 25 Oct-1

ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਅੱਜ ਪੁੱਕੀਕੁਹੀ ਦੇ ‘ਕੋਲਿਨ ਲਾਇਰੀ ਖੇਡ ਮੈਦਾਨ’ ਦੇ ਵਿਚ 22ਵਾਂ ਖੇਡ ਟੂਰਨਾਮੈਂਟ ਬੜੇ ਸੁੱਚਜੇ ਪ੍ਰਬੰਧਾਂ ਅਧੀਨ ਸਫਲਤਾ ਪੂਰਵਕ ਕਰਵਾਇਆ ਗਿਆ ਜਿਸ ਦੇ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ।
ਅੱਜ ਦੇ ਟੂਰਨਾਮੈਂਟ ਦੀ ਸ਼ੁਰੂਆਤ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਅਤੇ ਪੰਜਾਬ ਦੇ ਵਿਚ ਹੋਈਆਂ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸ਼ਹੀਦ ਹੋਏ ਦੋ ਸਿੰਘਾਂ ਲਈ 2 ਮਿੰਟ ਦਾ ਮੋਨ ਵਰਤ ਰੱਖ ਕੇ ਕੀਤੀ ਗਈ। ਖੇਡ ਮੇਲੇ ਦੇ ਵਿਚ ਜਿੱਥੇ ਨਿਊਜ਼ੀਲੈਂਡ ਦੇ ਬਹੁਤ ਸਾਰੇ ਹਿਸਿਆਂ ਤੋਂ ਦਰਸ਼ਕਾਂ ਨੇ ਆਪਣੀ ਹਾਜ਼ਰੀ ਲਗਵਾਈ ਉਥੇ ਤਿੰਨ ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸ੍ਰੀਮਤੀ ਪਰਮਜੀਤ ਕੌਰ ਪਰਮਾਰ ਅਤੇ ਸ੍ਰੀ ਮਹੇਸ਼ ਬਿੰਦਰਾ ਜੀ ਸ਼ਾਮਿਲ ਹੋਏ।  ਇਸ ਤੋਂ ਇਲਾਵਾ ਇਸ ਖੇਡ ਮੇਲੇ ਦੇ ਵਿਚ ਮੇਜਰ ਸਪਾਂਸਰਜ਼ ਜਿਨ੍ਹਾਂ ਵਿਚ ਸ. ਜੁਝਾਰ ਸਿੰਘ ਪੁੰਨੂਮਜਾਰਾ, ਪ੍ਰਿਥੀਪਾਲ ਸਿੰਘ ਬਸਰਾ, ਕੁਲਵੰਤ ਸਿੰਘ ਮਿਨਹਾਸ, ਅਜੈ ਕੁਮਾਰ, ਟੋਨੀ ਚੌਧਰੀ ਅਤੇ ਰਾਜ ਅਤੇ ਅਸ਼ਿਮਾ ਸ਼ਾਮਿਲ ਹਨ, ਮੁੱਖ ਸਪਾਂਸਰਜ, ਜਨਰਲ ਸਪਾਂਸਰਜ਼ ਅਤੇ ਲਾਈਫ ਮੈਂਬਰਜ਼ ਨੇ ਵੀ ਖੂਬ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ।
ਅੱਜ ਹੋਏ ਖੇਡ ਟੂਰਨਾਮੈਂਟ ਦੇ ਵਿਚ ਕਬੱਡੀ ਓਪਨ, ਫੁੱਟਬਾਲ ਓਪਨ, ਫੁੱਟਬਾਲ ਅੰਡਰ-12, ਵਾਲੀਵਾਲ ਓਪਨ, ਬੱਚਿਆਂ ਦੀਆਂ ਦੌੜਾਂ ਅਤੇ ਲੇਡੀਜ਼ ਮਿਊਜ਼ੀਕਲ ਚੇਅਰ ਦੇ ਮੁਕਾਬਲੇ ਕਰਵਾਏ ਗਏ। ਕਬੱਡੀ ਦਾ ਫਾਈਨਲ ਮੁਕਾਬਲਾ ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ ਨੇ ਕਲਗੀਧਰ ਸਪੋਰਟਸ ਕਲੱਬ ਆਕਲੈਂਡ ਨੂੰ ਚੰਗੇ ਨੰਬਰਾਂ ਦੇ ਫਰਕ ਨਾਲ ਹਰਾ ਕੇ ਜਿਤਿਆ। ਟੀਮ ਨੂੰ ਸੁੰਦਰ ਟ੍ਰਾਫੀ ਅਤੇ 2200 ਡਾਲਰ ਦਾ ਨਕਦ ਇਨਾਮ ਦਿੱਤਾ ਗਿਆ ਉਪ ਜੇਤੂ ਟੀਮ ਨੂੰ ਟ੍ਰਾਫੀ ਅਤੇ 1800 ਡਾਲਰ ਦਾ ਇਨਾਮ ਦਿੱਤਾ ਗਿਆ।  ਫੁੱਟਬਾਲ ਦੇ ਵਿਚ ਲਾਇਨਜ਼ ਕਲੱਬ ਪਾਪਾਟੋਏਟੋਏ ਨੇ ਪੰਜਾਬੀ ਨਾਈਟਸ ਹਮਿਲਟਨ ਨੂੰ ਹਰਾ ਕੇ ਅੰਤਿਮ ਮੁਕਾਬਲਾ ਆਪਣੇ ਨਾਂਅ ਕੀਤਾ। ਇਸ ਟੀਮ ਨੂੰ ਵੀ ਸੁੰਦਰ ਟ੍ਰਾਫੀ ਅਤੇ ਨਕਦ ਇਨਾਮ 1000 ਡਾਲਰ ਦਿੱਤਾ ਗਿਆ ਜਦ ਕਿ ਉਪ ਜੇਤੂ ਟੀਮ ਨੂੰ ਟ੍ਰਾਫੀ ਅਤੇ 750 ਡਾਲਰ ਇਨਾਮ ਦਿੱਤਾ ਗਿਆ।  ਵਾਲੀਵਾਲ ਦੇ ਵਿਚ ਬੇਅ ਆਫ਼ ਸਪੋਰਟਸ ਕਲੱਬ ਟੌਰੰਗਾ ਅਤੇ ਬਲੈਕ ਸਪਾਈਕਸ ਪਾਪਾਟੋਏਟੋਏ ਦੀਆਂ ਟੀਮਾਂ ਬਰਾਬਰ ਰਹੀਆਂ। ਦੋਹਾਂ ਨੂੰ ਬਰਾਬਰ ਦੇ ਇਨਾਮ 700-700 ਡਾਲਰ ਅਤੇ ਟ੍ਰਾਫੀਆਂ ਦਿੱਤੀਆਂ ਗਈਆਂ। ਅੰਡਰ-12 ਫੁੱਟਬਾਲ ਦੇ ਵਿਚ ਸ਼ੇਰ-ਏ-ਪੰਜਾਬ ਨੇ ਬੰਬੇ ਸੌਕਰ ਟੀਮ ਨੂੰ ਹਰਾ ਕੇ ਟ੍ਰਾਫੀ ਉਤੇ ਆਪਣਾ ਕਬਜ਼ਾ ਜਮਾਇਆ। ਬੱਚਿਆਂ ਦੀਆਂ ਹੌਂਸਲਾ ਅਫਜ਼ਾਈ ਲਈ ਇਨਾਮ ਦਿੱਤੇ ਗਏ। ਬੱਚਿਆਂ ਦੀਆਂ ਦੌੜਾਂ ਦੇ ਵਿਚ ਕੁੜੀਆਂ ਅਤੇ ਮੁੰਡਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਦਿਲਖਿੱਚਵੇਂ ਇਨਾਮ ਦਿੱਤੇ ਗਏ। ਮਿਊਜ਼ੀਕਲ ਚੇਅਰ ਦੇ ਵਿਚ ਨੌਜਵਾਨ ਲੜਕੀਆਂ ਅਤੇ ਮਹਿਲਾਵਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ, ਦੂਜੇ ਅਤੇ ਤੀਜੇ ਨੰਬਰ ਉਤੇ ਰਹਿਣ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਇਨਾਮ ਦਿੱਤੇ ਗਏ। ਇਸ ਖੇਡ ਮੇਲੇ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਨੂੰ ਸਵ. ਸ੍ਰੀ ਜੌਹਨ ਕਾਬਿਲ ਰਾਮ ਪਵਾਰ ਦੀ ਯਾਦ ਵਿਚ ਵਿਸ਼ੇਸ਼ ਟ੍ਰਾਫੀ ਦਿੱਤੀ ਗਈ।
ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੰਸਦ ਮੈਂਬਰਾਂ, ਪ੍ਰਬੰਧਕ ਕਮੇਟੀ ਮੈਂਬਰਾਂ, ਪੰਥ ਲਾਲ ਦਰੋਚ, ਪਰਮਜੀਤ ਮਹਿਮੀ, ਨਿਰਮਜੀਤ ਸਿੰਘ ਭੱਟੀ, ਜਰਨੈਲ ਸਿੰਘ ਬੱਧਣ, ਕੁਲਵਿੰਦਰ ਸਿੰਘ ਝਮਟ, ਰਵਿੰਦਰ ਸਿੰਘ ਝੱਮਟ, ਜਰਨੈਲ ਸਿੰਘ ਬੱਛੇਵਾਲ, ਸ਼ਿੰਗਾਰਾ ਸਿੰਘ ਹੀਰ, ਸੰਜੀਵ ਸਹਿਗਲ, ਸੰਜੀਵ ਕੁਮਾਰ ਤੂਰਾ, ਪ੍ਰਦੀਪ ਕੁਮਾਰ, ਛਿੰਦਰ ਸਿੰਘ ਮਾਹੀ, ਮਦਨ ਲਾਲ, ਜਸਵਿੰਦਰ ਸੰਧੂ, ਮਲਕੀਤ ਸਿੰਘ ਸਹੋਤਾ, ਰਜਿੰਦਰ ਸਿੰਘ ਚੁੰਬਰ,  ਸੋਹਣ ਸਿੰਘ ਦੇਹਲ, ਸ. ਖੜਗ ਸਿੰਘ, ਭਾਈ ਸਰਵਣ ਸਿੰਘ, ਸ. ਦਲਜੀਤ ਸਿੰਘ, ਅਮਰੀਕ ਸੰਘਾ, ਬਲਜੀਤ ਸਿੰਘ ਬਾਧ, ਲਹਿੰਬਰ ਸਿੰਘ ਜੇ.ਪੀ, ਪ੍ਰਿਥੀਪਾਲ ਸਿੰਘ ਬਸਰਾ, ਮੋਹਨਪਾਲ ਸਿੰਘ ਬਾਠ, ਬੇਅੰਤ ਸਿੰਘ ਜਾਡੋਰ, ਜਸਬੀਰ ਸਿੰਘ ਢਿੱਲੋਂ ਤੇ ਤਾਰਾ ਸਿੰਘ ਬੈਂਸ ਵੱਲੋਂ ਕੀਤੀ ਗਈ।
ਬੈਸਟ ਰੇਡਰ ਤੇ ਬੈਸਟ ਜਾਫੀ: ਬੈਸਟ ਰੇਡਰ ਰੰਮੀ ਹੇਸਟਿੰਗਜ਼ ਅਤੇ ਬੈਸਟ ਜਾਫੀ ਮੰਦੀਪ ਸਿੰਘ ਖੈੜਾ ਦੋਨਾ ਨੂੰ ਐਲਾਨਿਆ ਗਿਆ।
ਰੌਣਕ ਮੇਲਾ: ਇਸ ਖੇਡ ਮੇਲੇ ਦੇ ਵਿਚ ਗੀਤਾਂ ਦੇ ਨਾਲ ਰੌਣਕ ਲਾਉਣ ਦੇ ਲਈ ਸਟਾਰ ਗਾਇਕ ਹਰਦੇਵ ਮਾਹੀਨੰਗਲ ਨੇ ਬਹੁਤ ਹੀ ਪਿਆਰਾ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਤੋਂ ਇਵਾਵਾ ਸਤਿੰਦਰ ਪੱਪੀ ਨੇ ਇਕ ਗੀਤ ਗਾਇਆ ਅਤੇ ਫਿਰ ਮਾਓਰੀ ਕੁੜੀ ਐਂਜੀਲਾ ਹੈਨਰੀ ਨੇ ਵੀ ਪੰਜਾਬੀ ਗੀਤ ਗਾ ਕੇ ਖੂਬ ਮਨੋਰੰਜਨ ਕੀਤਾ। ਇਸ ਕੁੜੀ ਦੀ ਵੀ ਕਾਫੀ ਹੌਂਸਲਾ ਅਫਜ਼ਾਈ ਕੀਤੀ ਗਈ। ਇਹ ਨੀਲੇ ਰੰਗ ਦਾ ਪੰਜਾਬੀ ਸੂਟ ਪਾ ਕੇ ਪਰਫਾਰਮ ਕਰ ਰਹੀ ਸੀ।
ਲੰਗਰ ਦੀ ਸੇਵਾ: ਲੰਗਰ ਦੀ ਸੇਵਾ ਜਸਵਿੰਦਰ ਸੰਧੂ ਦੇ ਪਰਿਵਾਰ ਵੱਲੋਂ ਕਰਵਾਈ ਗਈ। ਲੰਗਰ ਤਿਆਰ ਕਰਨ ਵਾਲੀਆਂ ਸਾਰੀਆਂ ਬੀਬੀਆਂ ਅਤੇ ਭਾਈਆਂ ਦਾ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਕੱਲ੍ਹ ਅਤੇ ਅੱਜ ਇਸ ਸਾਰੇ ਲੰਗਰ ਨੂੰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਨਿਭਾਈ।
ਸਾਊਂਡ ਦੀ ਸੇਵਾ: ਪਾਲ ਪੋਡਕਸ਼ਨ ਤੋਂ ਹਰਪਾਲ ਸਿੰਘ ਪਾਲ ਹੋਰਾਂ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਊਂਡ ਦੀ ਸੇਵਾ ਕੀਤੀ।
ਖੇਡ ਅੰਪਾਇਰ: ਰੈਫਰੀ ਦੀਆਂ ਸੇਵਾਵਾਂ ਵਰਿੰਦਰ ਬਰੇਲੀ, ਮੰਗਾ ਭੰਡਾਲ, ਪਰਮਜੀਤ ਬੋਲੀਨਾ, ਇਕਬਾਲ ਸਿੰਘ, ਰਣਜੀਤ ਸਿੰਘ, ਪਰਮਦੀਪ ਸਿੰਘ ਫੁੱਟਬਾਲ ਨੈਸ਼ਨਲ ਏ,  ਕੁਮੈਂਟੇਟਰ ਜਰਨੈਲ ਸਿੰਘ ਰਾਹੋਂ, ਚਮਕੌਰ ਢਿੱਲੋ ਤੇ ਰਿਪਨਦੀਪ ਸਿੰਘ ਰੰਧਾਵਾ, ਲਾਈਨਮੈਨ, ਟਾਈਮ ਕੀਪਰ, ਬੱਚਿਆਂ ਦੀਆਂ ਦੌੜ ਕਰਵਾਉਣ ਲਈ ਹਰਭਜਨ ਢੰਡਾ ਤੇ ਸੰਜੀਵ ਸਹਿਗਲ, ਅਸ਼ੋਕ ਕੁਮਾਰ ਘੇੜਾ, ਰਾਮ ਸਿੰਘ ਚੌਂਕੜੀਆਂ ਅਤੇ ਇਸ ਤਰ੍ਹਾਂ ਦਾ ਹੋਰ ਸਹਿਯੋਗ ਦੇਣ ਵਾਲਿਆਂ ਦਾ ਪ੍ਰਬੰਧਕਾਂ ਵੱਲੋਂ ਧੰਨਵਾਦ ਕੀਤਾ ਗਿਆ।