ਪਿੰਡ, ਪੰਜਾਬ ਦੀ ਚਿੱਠੀ (92)

ਮਿਤੀ : 22-05-2022

ਲਓ ਬਈ ਸਿੰਘੋ, ਗਰਮੀ-ਸਰਦੀ ਤਾਂ ਏਦਾਂ ਈ ਚੱਲਣੀ ਐ, ਸੂਏ ਤੇ ਕੱਸੀਆਂ ਨੂੰ ਯਾਦ ਕਰਕੇ ਸੁਣੋ, ਹੱਡ-ਬੀਤੀ, ਰਾਮ ਕਹਾਣੀ, ਨੇਹਰੂ ਕੇ ਕੀਤੂ ਦੀ ਜ਼ਬਾਨੀ। ਗੱਲ ਇਉਂ ਹੋਈ ਕਿ, ਜੇਰੋ ਕੇ ਮੋੜ ‘ਤੇ, ਕਿੱਕਰੀ ਥੱਲੇ ਸੁੱਖੇ ਹੁਰੀਂ, ਰੋਜ਼ ਵਾਂਗੂੰ ਈ ਦੁਪਹਿਰੀਆ ਕੱਟ ਰਹੇ ਸਨ ਤਾਂ ਬਾਈ ਮਲਕੀਤ ਕਸੀਆ ਲਈ ਖੇਤੋਂ ਆਉਂਦਾ ਖੜ੍ਹ ਗਿਆ। ਸਾਰੀ ਉਮਰ ਖੇਤੀ ਕਰਦੇ ਕੀਤੂ ਬਾਈ ਨੂੰ ਢੇਰ ਸਾਰਾ ਤਜਰਬਾ ਅਤੇ ਕਹਾਣੀਆਂ ਯਾਦ ਹਨ। ਸ਼ਰਨੀ ਨੇ ਮੱਘੀ ‘ਚੋਂ, ਡੱਬੇ ਨਾਲ ਪਾਣੀ ਪਿਆ ਕੇ ਅਰਜ਼ ਗੁਜ਼ਾਰੀ, ”ਬਾਈ ਕੀਤ, ਮੋਦਨ ਨਾਲ ਤੇਰੀ ਆੜੀ ਸਾਰੀ ਉਮਰ ਨਿਭੀ ਐ, ਜਾਂਦਾ-ਜਾਂਦਾ ਅੱਜ ਕੋਈ ਉਨ੍ਹਾਂ ਦੀ ਗੱਲ ਈ ਸੁਣਾ ਦੇ।” ਪਾਣੀ ਪੀ ਕੇ ਲੰਮਾ ਸਾਹ ਖਿੱਚਦਿਆਂ, ਕੀਤ ਨੇ ਮੂੜ੍ਹ ਜਾ ਬਣਾ ਕੇ ਭਾਖਿਆ ਸ਼ੁਰੂ ਕੀਤੀ, ”ਲੈ ਸੁਣੋਂ ਫੇਰ, ‘ਕੇਰਾਂ ਅੱਜ-ਕੱਲ ਆਂਗੂੰ ਲੋਹੜੇ ਦੀ ਅੱਗ ‘ਚ, ਨਹਿਰ ਦੀ ਪਾਣੀ-ਬੰਦੀ ਹੋ ਗਈ। ਮੇਟ ਆਂਹਦੇ, ‘ਸੂਏ-ਖਾਲ ਸੰਵਾਰ ਲੋ’। ਹੋਕਾ ਮਾਰ ਕੇ ਪ੍ਰੋਗਰਾਮ ਬਣ ਗਿਆ। ਚਾਚਾ ਹਰਪਾਲ ਮੈਂਬਰ ਹਿੰਮਤੀ ਸੀ। ਉਹਨੇ ਵਾਸ਼ ‘ਕੱਠੀ ਕਰਕੇ ਮਹਿਕਮੇ ਨੂੰ, ਮੋਘਾ ਵੀ ਸੈਟ ਕਰਨ ਲਈ ਮਨਾ ਲਿਆ। ਗੋਪੀ ਕੀ ਟਰਾਲੀ ਤੇ ਮੋਘੇ ਲਈ ਸੀਮਿੰਟ ਆਦਿ ਰੱਖ ਕੇ, ਚੱਲ ਪੇ। ਮੋਦਨ ਤੇ ਸੁੱਖਾ ਮਿਸਤਰੀ ਮੋਘੇ ਲਾਉਣ ਦੇ ਮਾਹਰ ਸਨ। ਕੋਨ ਮਿਣ-ਮਿਣਾ ਕੇ ਹਵਾ-ਭਰ ਵੀ, ਫ਼ਰਕ ਨਹੀਂ ਸਨ, ਹੋਣ ਦਿੰਦੇ। ਬਾਬਾ ਪੰਡਤ ਤਾਂ ਕਾਨੇ ਨਾਲ ਗਿਣ-ਮਿਣ ਕੇ, ਸੂਆ ਸੰਵਾਰਨ ਲੱਗ ਪਿਆ। ਅਸੀਂ ਮੇਟ ਤੋਂ, ਮੋਘੇ ਦੀ ਮਸ਼ੀਨ ਲੈ ਕੇ ਮਿਸਤਰੀਆਂ ਨਾਲ ਲੱਗ ਪੇ। ਜੱਟ ਨੂੰ, ਪਾਣੀ ਦੀ ਬਹੁਤ ਤਮ੍ਹਾਂ ਹੁੰਦੀ ਐ। ਮੇਟ ਤੇ ਮਿਸਤਰੀਆਂ ਨੂੰ, ਸ਼ਾਮ ਨੂੰ, ਕੌੜੇ ਪਾਣੀ ਦਾ, ਲਾਲਚ ਦੇ ਕੇ, ਮਰਜ਼ੀ ਮੁਤਾਬਿਕ ਮੋਘਾ ਲਵਾ ਲਿਆ। ਮੁੱਕਦੀ ਗੱਲ, ਆਥਣੇ ਸਾਰੇ, ਲਾਹਣ ਪੀ-ਪੀ ਕਮਲੇ ਹੋ-ਗੇ। ਮੇਟ ਮਸਾਂ ਈ ਸਾਈਕਲ ਘੜੀਸ ਕੇ ਗਿਆ। ਚਾਚਾ ਹਰਪਾਲ ਹੁਰੀਂ, ਕਿਸੇ ਨਾਲ ਟਰੈਕਟਰ ‘ਤੇ ਪਿੰਡ ਨੂੰ ਤੁਰ ਪੇ। ਰਹਿਗੇ ਗੋਪੀ, ਬਾਈ ਮੋਮਨ ਤੇ ਸੁੱਖਾ ਚਾਚਾ। ਤੁਰਨ ਲੱਗੇ। ਟਰਾਲੀ ਦੀ ਹੁੱਕ ਦੀ, ਕਿੱਲੀ ਨਾ ਥਿਅ੍ਹਾਵੇ। ਸ਼ਰਾਬ ਚੜ੍ਹੀ, ਉੱਤੋਂ ਹਨੇਰਾ, ਅਖੀਰ ਹਥੌੜੇ ਦਾ ਵਾਹਾਂ (ਦਸਤਾ), ਈ ਫਸਾ ਲਿਆ। ਗੋਪੀ ਆਸ਼ਾ ਟਰੈਕਟਰ ਚਲ੍ਹਾਵੇ, ਮਿਸਤਰੀ ਦੋਵੇਂ ਟਰਾਲੀ ‘ਚ ਬੈਠੇ ਬੁੜ੍ਹਕਣ। ਖੇਤ ਦੀ ਕੱਸੀ ਆਲੀ ਪੁਲੀ ਤੇ ਹੁਜਕਾ ਵੱਜਿਆ ਤੇ ਦਸਤਾ ਨਿਕਲ ਗਿਆ। ਗੋਪੀ ਟਰੈਕਟਰ ਚਲਾਈ ਆਇਆ, ਘਰੇ ਆਇਆ ਤਾਂ ਟਰਾਲੀ ਪੜਤਾਲੀ। ਮੋਮਨ ਹੁਰੀਂ ਟਰੈਕਟਰ ਮੋੜ ਕੇ ਲੈ ਗਏ ਤਾਂ ਟਰਾਲੀ ਪੁਲੀ ਤੇ, ਦੋਵੇਂ ਮਿਸਤਰੀ ਘੁੱਟ ਕੇ ਫੜੀ ਬੈਠੇ, ਮਸਤ, ਬੇਹੋਸ਼। ਮੋਮਨ ਉਨ੍ਹਾਂ ਨੂੰ ਹਿਲਾ ਕੇ ਆਂਹਦਾ, ਚਾਚਾ ਤੁਹਾਨੂੰ ਪਤਾ ਨਹੀਂ ਲੱਗਾ? ਅੱਗੋਂ ਕਹਿੰਦੇ, ‘ਕੋਈ ਨੀ, ਕੋਈ ਨੀ, ‘ਨੇਰ੍ਹਾ ਐ, ਹੌਲੀ-ਹੌਲੀ ਲਈ ਚੱਲ ਗੋਪੀ।’ ਮੋਮਨ ਸਮਝ ਗਿਆ ਕਿ ਇੰਨ੍ਹਾਂ ਦਾ ਕੰਮ ਤਾਂ ਹੋਇਆ ਪਿਐ। ਉਹਨਾਂ ਕਰ-ਕਰਾ, ਟਰਾਲੀ ਜੋੜੀ। ਦੋਨਾਂ ਨੂੰ ਉਵੇਂ ਹੀ, ਉਨ੍ਹਾਂ ਦੇ ਘਰ ਛੱਡ ਕੇ ਆਇਆ। ਐਨੀ ਮੇਰੀ ਗੱਲ, ਬਾਕੀ ਕਦੇ ਫੇਰ ਸਹੀ। ਯਾਰ ਚੱਲੇ।” ਸੁਨਣ ਵਾਲੇ ਹੱਸ-ਹੱਸ, ਲੋਟ-ਪੋਟ ਹੋ ਗਏ। ਕਈ ਦਿਨ ਇਹ ਗੱਲ ਤੁਰਦੀ ਰਹੀ।
ਹੋਰ, ਤੰਗੀਆਂ-ਤੁਰਸ਼ੀਆਂ ਵਿੱਚ ਵੀ, ਕਦੇ-ਕਦੇ, ਖੁਸ਼ੀ ਦੀ ਖ਼ਬਰ ਆ ਜਾਂਦੀ ਹੈ। ਮਨੋਹਰ, ਅੱਗ ਵਰਗੀ ਲੋਅ ਵਿੱਚ, ਦੁੱਧ ਪਾਂਉਂਦਾ ਕਹਿੰਦਾ, ”ਅੱਜ ਤਾਂ ਹਵਾ ਵਗ ਰਹੀ ਹੈ”, ਬੱਬੀ ਕਾ ਸਾਰਾ ਟੱਬਰ ਬਾਹਰ ਜਾ ਰਿਹੈ, ਖੁਸ਼ ਵੀ ਹੈ ਅਤੇ ‘ਵਿਰ-ਵਿਰ’ ਜੀ ਵੀ ਕਰੀ ਜਾਂਦੈ। ਪਹਿਲੀ ਵਾਰ, ਸਰਕਾਰ ਪਾਣੀ ਬਚਾਉਣ ਲਈ, ਸੁਹਿਰਦ ਯਤਨ ਕਰ ਰਹੀ ਹੈ। ਕਈ ਕਾਰਨਾਂ ਕਰਕੇ ਲੋਕਾਂ ਦਾ ਕਾਫ਼ੀਆ ਤੰਗ ਹੋ ਰਿਹਾ ਹੈ। ‘ਜੌੜਕੀ ਅੰਧੇ ਵਾਲਾ’ ਇਸ ਤੇ ਵੀ ਗੀਤ ਲਿਖ ਰਿਹੈ। ‘ਮਾਜ਼ੀ ਭਾਈ’ ਕਿਤਾਬ ਛਪਵਾ ਰਿਹੈ। ਸੱਚ, ਮਿੰਟੂ ਬਰਾੜ ਅਤੇ ਮਾਸਟਰ ਅਮਰੀਕ ਸਿੰਘ ਤਲਵੰਡੀ ਖ਼ੂਬ ਸਰਗਰਮ ਹਨ। ਬਾਕੀ ਵੀ ਹਰੀ-ਕੈਮ ਹੈ। ਹੌਂਸਲੇ ਨਾਲ ਰਹੋ। ਸਾਰੇ ਮੋਰਚੇ ਫਤਹਿ ਹੋਣਗੇ। ਚੰਗਾ, ਬਾਕੀ ਅਗਲੇ ਐਤਵਾਰ 29 ਮਈ ਨੂੰ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×