ਪਿੰਡ, ਪੰਜਾਬ ਦੀ ਚਿੱਠੀ (91)

ਮਿਤੀ : 15-05-2022

ਲਿਖਤੁਮ ਤੁਹਾਡਾ ਭਾਈ ਸਰਵਜੀਤ ਸਿੰਘ, ਅੱਗੇ ਮਿਲੇ ਸਾਰੇ ਪ੍ਰਦੇਸੀਆਂ ਨੂੰ। ਤੱਤੀ ਲੂਅ ਵਰਗੀ ਖ਼ਬਰ ਇਹ ਹੈ ਕਿ ਆਪਣੇ ਪਿੰਡ ਅੱਡੇ ‘ਤੇ ਕੱਲ ਦੈਂਗੜ-ਦੈਂਗੜ ਹੋ ਗਈ। ਸਵੇਰੇ ਨੌਂ ਵਜੇ ਆਲੀ, ਸੰਧੂਆਂ ਦੀ ਮਿੰਨੀ ਬੱਸ, ਰੋਜ਼ ਵਾਂਗ, ਬੂਅ-ਬੂਅ ਕਰਦੀ ਲੱਦੀ ਆਈ। ਬਾਹਲੀ ਭੀੜ। ਮਸਾਂ ਹੀ ਹੱਥ ਪਾਏ ਕਿ ਸਾਧੂ ਤਾਏ ਕੀ ਬਚਨੀ ਦੀ ਚੇਨ ਕੋਈ ਖਿੱਚਣ ਲੱਗਾ। ਪੈਂਦੀ ਸੱਟੇ ਕਾਕੜੀ ਨੇ ਕਾਲੇ ਜੇ ਚੋਰ ਮੁੰਡੇ ਦੇ ਗਲਾਵੇਂ ਨੂੰ ਹੱਥ ਪਾ ਥੱਲੇ ਨੂੰ ਸਿੱਟ ਲਿਆ। ਕਾਕੜੀ ਜਰਵਾਣਾ ਸੀ, ਚੋਰ ਨਸ਼ੇ ਦਾ ਖਾਧਾ, ਘੁੱਟੀ ਧੌਣ ਤੋਂ ਧੜੰਮ ਜਾ ਪਿਆ। ਬੱਸ ਫਿਰ ਕੀ ਸੀ। ਲਾਅ-ਲਾ, ਲਾ-ਅ-ਲਾ ਹੋ-ਗੀ। ਪਾੜੂ ਮੁੰਡਿਆਂ ਨੇ ਓਹ ਮਲਟੀ ਫੇਰੀ ਕਿ ਦੁਹਾਈਆਂ ਦੇਵੇ। ਕੁੱਟ-ਕੁੱਟ ਡੈਂਟਿੰਗ-ਪੈਂਟਿੰਗ ਕਰ-ਤੀ। ਰੱਜ ਕੇ ਡੰਝਾਂ ਲਾਹ-ਲੀਆਂ ਲੋਕਾਂ ਨੇ। ਬੇਹੋਸ਼ ਹੋਣ ਦੇ ਖਖਣੇ ਜੇ ਕਰੇ। ਕਾਕੂ ਹੁਰਾਂ ਪਾਣੀ ਛਿੜਕ-ਛਿੜਕ ਕੇ, ਕਈ ਚੋਰੀਆਂ ਮਨਵਾਈਆਂ। ਓਹ ਮੰਨਿਆਂ ਕਿ, ”ਨਸ਼ਾ ਵੀ ਕਰਦਾਂ ਤੇ ਜੇਬਾਂ ਕੱਟ ਕੇ, ਉੱਤੇ ਹਿੱਸਾ ਵੀ ਦਿੰਨਾਂ।” ਡਰੈਵਰ ਕਹਿੰਦਾ, ”ਤਾਂਹੀਓਂ ਨਾ ਰੋਜ਼ ਈ, ਕੋਈ ਨਾ ਕੋਈ ਸਵਾਰੀ ਪਿੱਟੇ, ਬਈ ਜੇਬ ਖਾਲੀ ਹੋ-ਗੀ ਆ, ਪਤਾ ਈ ਨੀਂ ਲੱਗਿਆ ਕਦੋਂ ਕਾਰਾ ਹੋ ਗਿਆ।” ਬੱਸ ਨੂੰ ਤੋਰ, ਉਸ ਨੂੰ ਪੰਚਾਇਤ ਘਰ ‘ਚ ਲੈ ਗਏ। ਤਲਾਸ਼ੀ ਲਈ ਤਾਂ ਤਿੰਨ ਮੋਬਾਈਲ, ਕੁੱਝ ਰੁਪਏ ਅਤੇ ਨਸ਼ੇ ਦੀਆਂ ਪੁੜੀਆਂ-ਗੋਲੀਆਂ, ਮਿਲੀਆਂ। ਐਨੇ ਨੂੰ ਸਰਪੰਚ ਆ ਗਿਆ, ਕਹਿੰਦਾ, ”ਬਹੁਤ ਹੋ-ਗੀ, ਛੱਡ ਦਿਓ, ਮਰ ਜੂ-ਗਾ, ਮੈਂ ਵੀਹ ਵਾਰੀ ਛਡਾਇਐ ਏਹਨੂੰ, ਇਹ ਤਾਂ ਪੱਕੇ ਕੋਠੇ ਆਲਿਆਂ ਦਾ ਰਿਸ਼ਤੇਦਾਰ ਐ, ਰਾਜਸਥਾਨ ਤੋਂ, ਸਾਰਾ ਟੱਬਰ ਈ, ਏਹ ਕੰਮ ਕਰਦੈ।” ਘਰ ਨੂੰ ਮੁੜਦਿਆਂ ਚਾਚਾ ਨੇਹਰੂ ਦੱਸਦਾ ਸੀ, ”ਬਈ ਅੱਜ-ਕੱਲ੍ਹ ਗਰਮੀ ‘ਚ ਦਿਨੇ ਸੁੰਨ ਪਈ ਹੁੰਦੀ ਐ। ਨੌਕਰੀ ਤੋਂ ਦੁਪਹਿਰੇ ਮੁੜਦੀਆਂ ਜਨਾਨੀਆਂ ਦੇ ਪਰਸ, ਫ਼ੋਨ ਅਤੇ ਚੇਨੀਆਂ ਲੁੱਟਣ ਦਾ ਕੰਮ ਤਾਂਈਏਂ ਵਧਿਆ ਪਿਐ। ਨਸ਼ੇ ਦੇ ਮਾਰੇ, ਅਮਲੀ, ਮੋਟਰਸਾਈਕਲਾਂ ਉੱਤੇ ਲੁੱਟ ਕੇ ਅੱਧ ਮੁੱਲ ‘ਚ ਵੇਚ ਦਿੰਦੇ ਐ। ਨਸ਼ਾ ਬੀਮਾਰੀ ਹੀ ਐਸੀ ਹੈ। ਨਸ਼ੇ ਦੀ ਤੋਟ ਪੂਰੀ ਕਰਨ ਲਈ, ਕਮਲੇ ਹੋਏ ਫਿਰਦੇ ਐ। ਸਰਕਾਰ ਅਤੇ ਲੋਕ ਇੰਨ੍ਹਾਂ ਨੂੰ, ਸਮਝਾ-ਸਮਝਾ, ਕੁੱਟ-ਕੁੱਟ ਥੱਕ ਗਏ ਐ। ਹੁਣ ਤਾਂ ਕਈ ਔਰਤਾਂ ਵੀ ਫੜੀ ਜਾਂਦੀਐਂ।” ਬਾਂਟੀ, ਸਿਰ ਹਿਲਾ ਕੇ ਬੋਲਿਆ, ”ਚਾਚਾ, ਹੁਣ ਤਾਂ ਅਖ਼ਬਾਰ ਲਿਖਦਾ, ਬਈ ਨਸ਼ੇ ਦੀਆਂ ਥੈਲੀਆਂ, ਡਰੋਨਾਂ ਰਾਹੀਂ ਵੀ ਖਿਲਾਰ ਜਾਂਦੇ ਐ। ਫੂਨ ‘ਤੇ ਅੱਗਿਓਂ ਆਪੇ ਚੱਕ ਲੈਂਦੇ ਆ। ਇਹ ਤਾਂ ਚਾਚਾ-ਸਿੰਹਾਂ, ਰੱਬ ਈ ਕਿਰਪਾ ਕਰੇ। ਬਚੋ ਭਾਈ ਸੋਹਣਿਓ!”
ਹੋਰ, ਸੇਕੇ ਦੇ ਤਪਾੜ ਵਿੱਚ ਵੀ, ਦੁਨੀਆਂਦਾਰੀ ਚੱਲ ਰਹੀ ਹੈ। ਛੁੱਟੀਆਂ ਹੋਣ ਕਰਕੇ, ਬੱਚੇ ਨਾਨਕੇ, ਭੂਆ ਅਤੇ ਮਾਸੀਆਂ ਕੋਲ ਬਿਜਲੀ ਵਾਂਗੂੰ ਆ-ਜਾ ਰਹੇ ਹਨ। ਬੀਜਾ-ਬਜਾਈ ਅਤੇ ਮੱਕੀ-ਮੂੰਗੀ ਦੀ ਰੌਣਕ ਹੋ ਰਹੀ ਹੈ। ਦਿਨ, ਵੱਡੇ ਕਰਕੇ, ਮਿਸਤਰੀਆਂ ਵੱਲੋਂ ਠੱਕ-ਠੱਕ, ਠੂਅ-ਠੂਅ ਜਾਰੀ ਹੈ। ਰਾਜਨੀਤੀ ‘ਕੇਰਾਂ ਤਾਂ ਉਲਝੀ ਪਈ ਰੂਸ-ਯੂਕਰੇਨ ਆਂਗੂੰ। ਤੇਜੂ ਅਜੇ ਵੀ ਓਵੇਂ ਹੀ ਮਖੌਲ ਕਰਦਾ ਹੈ। ਬਾਬਾ ਮੁਕੰਦਾ ਅਤੇ ਤਾਇਆ ਘੁੱਕਰ ਕਾਇਮ ਹਨ। ਤੁਸੀਂ ਕਦੇ-ਕਦੇ ਆਵਦਾ ਵੀ ਦੁੱਖ-ਸੁੱਖ ਫਰੋਲ ਲਿਆ ਕਰੋ, ਚੰਗਾ ਰਹਿੰਦਾ। ਹੁਣ ਗੱਡੀ ਦਾ ਟੇਸ਼ਨ ਅਗਲੇ ਐਤਵਾਰ,
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×