ਪਿੰਡ, ਪੰਜਾਬ ਦੀ ਚਿੱਠੀ (90)

ਮਿਤੀ : 08-05-2022

ਰੱਬ ਦੀ ਰਜ਼ਾ ਵਿੱਚ ਵੱਸਦੇ ਪੰਜਾਬੀਓ, ਸਾਰਿਆਂ ਨੂੰ ਮਿੱਠੀ ਯਾਦ। ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਤੁਹਾਡੇ ਸੁੱਖ, ਭਲੇ ਲਈ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਰਾਤੀਂ ਅਤੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਨੇ ਦੋਹਰ ਪਾ-ਪਾ ਕੇ, ਸੂਚਨਾ ਦਿੱਤੀ ਸੀ। ਅਸਰ ਹੋਣਾ ਹੀ ਸੀ। ਗਰਮੀ ਕਰਕੇ, ਠੰਡੇ-ਠੰਡੇ ਹੀ ਮੀਟਿੰਗ ਸੀ। ਸਾਰੇ ਖੁੰਡਾਂ, ਬੈਂਚਾਂ ਅਤੇ ਤਖ਼ਤਪੋਸ਼ਾਂ ਵਾਲੇ, ਝੱਬਦੇ ਹੀ ਸੱਥ ਕੋਲ, ਬੋਹੜ ਥੱਲੇ ਪੁੱਜ ਗਏ। ਖੇਤੀਬਾੜੀ ਮਹਿਕਮੇ ਦੀ ਵੈਨ, ਪਿੰਡ ‘ਚ ਗੇੜਾ ਲਾ ਆਈ ਸੀ। ਥੜੇ ਉੱਪਰ ਕਈ ਅਫ਼ਸਰ, ਸਰਪੰਚ, ਮੈਂਬਰ ਸਜੇ ਸਨ। ਚਾਰ ਸੁਫ਼ੇਰੇ, ‘ਪਾਣੀ ਬਚਾਓ, ਪੰਜਾਬ ਬਚਾਓ’ ‘ਪਹਿਲਾਂ ਪਾਣੀ ਜੀਉ ਹੈ’, ‘ਪਾਣੀ ਪਿਤਾ ਹੈ’, ਵਰਗੇ ਨਾਅਰੇ ਲਿਖੇ ਬੈਨਰ ਲਟਕ ਰਹੇ ਸਨ। ਪਹਿਲੀ ਵਾਰੀ ਖੇਤੀ ਵਿਭਾਗ ਵਿੱਚ ਇੱਕ ਕੁੜੀ ਅਫ਼ਸਰ ਨੂੰ ਵੇਖ ਸਾਰੇ ਹੈਰਾਨ ਸਨ। ਇੱਕ, ਕ੍ਰਿਸ਼ੀ ਵਿਗਿਆਨ ਕੇਂਦਰ, ਦੇ ਤਜਰਬੇਕਾਰ, ਖੇਤੀ ਵਿਗਿਆਨੀ ਨੇ, ਸਭ ਨੂੰ ਜੀ ਆਇਆਂ ਆਖ, ਆਉਣ ਦਾ ਮੰਤਵ ਦੱਸਦਿਆਂ, ਸਰਕਾਰੀ ਸਕੀਮਾਂ ਅਤੇ ਪਾਣੀ ਦੀ ਮਹੱਤਤਾ ਬਾਰੇ ਦੱਸਿਆ। ਪਾਣੀ ਬਾਰੇ, ਇੱਕ ਬੱਚੇ ਨੇ ਗੀਤ ਗਾ ਕੇ ਵਾਹਵਾ ਰੌਣਕ ਲਾਈ। ਜਲੰਧਰ ਸਰਪੰਚ ਨੇ, ਸੰਖੇਪ ਵਿੱਚ, ਸਿੱਧਾ ਝੋਨਾ ਲਾਉਣ, 25% ਪਾਣੀ ਦੀ ਬਚਤ ਅਤੇ ਸਰਕਾਰੀ ਸਹਾਇਤਾ ਬਾਰੇ ਗੱਲ ਕਰਦਿਆਂ, ਸਭ ਨੂੰ ਸਾਥ ਦੇਣ ਲਈ ਕਿਹਾ। ਸਾਰੇ ਚੁੱਪ-ਚਾਪ ਸੁਣਦੇ ਰਹੇ, ਪਰ ਮੋਖਾ ਸ਼ਟੱਲੀ ਅੱਗੇ ਵੱਧ ਕੇ ਪੁੱਛਣ ਲੱਗਾ, ”ਭਲਾ ਸਰਕਾਰ ਜੀ ਸੁੱਕਾ-ਸਿੱਧਾ ਝੋਨਾ ਲਾਉਣ ਲਈ ਮਸ਼ੀਨਰੀ ਚਾਹੀਦੀ ਐ, ਕੋਈ ‘ਲਾਜ ਨੀਂ। ਪਿਛਲੇ ਸਾਲ ਲਾਇਆ ਸੀ, ਸੁੱਕ ਗਿਆ, ਵਾਹੁਣਾ ਪਿਆ। ਅਸੀਂ ਇਹ ਸਾਰੇ ਟਟਵੈਰ ਕਰੀ ਬੈਠੇਂ ਆਂ। ਸਰਪੰਚ ਤਾਂ ਮਾਰਦੈ ਗੱਲਾਂ, ਇਹਦਾ ਤਾਂ ਸਰਦੈ।” ਉਸ ਦੀ ਗੱਲ ਉੱਤੇ ਹਾਸੜ ਜੀ ਪੈ-ਗੀ। ਕਈ ਖੁਸਰ-ਫੁਸਰ ਕਰਨ ਲੱਗੇ। ਇੰਨੇ ਨੂੰ ਇੱਕ ਸਿਆਣੀ ਉਮਰ ਵਾਲਾ ਖੇਤੀ ਅਫ਼ਸਰ, ਜਗਸੀਰ ਸਿੰਘ, ਸਪੀਕਰ ਉੱਤੇ ਬੋਲਣ ਲੱਗਾ। ਉਸਦੀ ਬੋਲਣੀ ਬੜੀ ਅਸਰ ਵਾਲੀ ਸੀ। ਸਾਰੇ ਸ਼ੈਂਅ ਹੋ ਗਏ। ਉਹ ਕਹਿੰਦਾ, ”ਗੁਰਮੁਖੋ, ਮੈਂ ਵੀ ਖੇਤਾਂ ਦਾ ਹੀ ਪੁੱਤ ਹਾਂ। ਤੁਹਾਡੀਆਂ ਗੱਲਾਂ ਵਿੱਚ ਸਚਾਈ ਹੈ। ਅਸੀਂ ਇਸੇ ਕਰਕੇ ਹੀ ਤੁਹਾਡੇ ਵਿੱਚ ਹਾਂ। ਅੱਜ ਆਪਾਂ ਠੰਡੇ ਮਨ ਨਾਲ ਸਿਰ ਜੋੜ ਕੇ ਵਿਚਾਰ ਕਰਕੇ ਹੱਲ ਕੱਢ ਕੇ ਜਾਣੈਂ ਭਲਾ ਕੀ? ਕਿ ਅਸੀਂ ਪਾਣੀ ਵੀ ਬਚਾਉਣਾ ਅਤੇ ਕਿਸਾਨ ਵੀ। ਤੁਹਾਨੂੰ ਪਤੈ ਕਿ ਨਾੜ ਸਾੜਨ ਨਾਲ ਮਿੱਟੀ, ਮਿੱਤਰ ਕੀੜੇ ਅਤੇ ਪ੍ਰਦੂਸ਼ਣ ਦੀ ਸਮੱਸਿਆ ਆਉਂਦੀ ਹੈ। ਅੱਗ ਲੱਗਣ ਨਾਲ ਹਾਦਸੇ ਵੀ ਹੋ ਰਹੇ ਹਨ। ਪਹਿਲੀ ਗੱਲ, ਜੇ ਅਸੀਂ ਪਾਣੀ ਕੱਢਦੇ ਰਹੇ, ਪਾਣੀ ਨੇ ਛੇਤੀ ਮੁੱਕ ਜਾਣੈਂ, ਫੇਰ ਅਸੀਂ ਕਿਸਦੇ ਨਾਲ ਲੜਾਂਗੇ। ਬਰਾਨ ਹੋ ਜੂ। ਦੂਜਾ, ਰਹੀ ਗੱਲ ਹੱਲ ਦੀ। ਅਸੀਂ ਸਿੱਧੀ ਬਿਜਾਈ, ਪਛੇਤੀਆਂ ਕਿਸਮਾਂ ਅਤੇ ਘੱਟ ਪਾਣੀ ਵਾਲੀਆਂ ਕਿਸਮਾਂ ਬੀਜੀਏ। ਮੱਕੀ ਅਤੇ ਹੋਰ ਬਦਲਵੀਆਂ ਫ਼ਸਲਾਂ ਲਾਈਏ। ਖੇਤੀ ਮਹਿਕਮਾ ਤੁਹਾਨੂੰ ਸਹਿਕਾਰੀ ਮਸ਼ੀਨਾਂ ਦੇਣ, ਬੀਜ ਦੇਣ, ਨਕਦ ਮੱਦਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਉੱਤੇ ਖ਼ਰੀਦਣ ਦੀ ਗਾਰੰਟੀ ਦਿੰਦਾ ਹੈ। 1500 ਰੁਪੈ ਪ੍ਰਤੀ ਕਿੱਲਾ ਦੇ ਕੇ, ਅਸੀਂ ਤੁਹਾਡੇ ਨਾਲ ਰਹਾਂਗੇ, ਸਾਰੀ ਮੱਦਦ ਕਰਾਂਗੇ। ਇੱਕ ਵਾਰ ਜਰੂਰ ਤਜਰਬਾ ਕਰੋ। ਸਾਡਾ ਪਿਛਲਾ ਤਜਰਬਾ ਕਾਮਯਾਬ ਰਿਹਾ ਹੈ। ਪਾਣੀ ਬਚਿਆ ਤਾਂ ਸਭ ਬੱਚ ਜਾਵੇਗਾ। ਅੱਜ ਫ਼ਾਰਮ ਭਰਾਓ, ਪੰਦਰਾਂ ਦਿਨਾਂ ‘ਚ ਤੁਹਾਡੇ ਖਾਤੇ ਵਿੱਚ ਪੈਸੇ ਆ ਜਾਣਗੇ, ਧੰਨਵਾਦ।” ਸਭ ਤੇ ਵਾਹਵਾ ਅਸਰ ਹੋਇਆ। ਮੋਖਾ ਵੀ ਫਾਰਮ ਭਰਾ ਗਿਆ।
ਹੋਰ, ਕਈ ਮਗਰਮੱਛ, ਫੜੇ ਜਾ ਰਹੇ ਹਨ। ਬੱਸ, ਕਰੋੜਾਂ ਦੇ ਘਪਲੇ ਹੀ ਨਿਕਲੇ ਹਨ। ਚਾਰ ਕੁ ਕਣੀਆਂ, ਸ਼ਾਂਤੀ ਵਰਤਾ ਗਈਆਂ ਹਨ। ਨਵੀਆਂ ਨਿਕਲੀਆਂ ਨੌਕਰੀਆਂ ਨੇ, ਫਿਰ ਆਸ ਜਗਾਈ ਹੈ। ਕਣਕ ਦੇ ਨਾੜ ਨਾਲ, ਕਈ ਕੁੱਝ ਹੋਰ ਵੀ ਸੜੀ ਜਾਂਦੈ।
ਚੰਗਾ, ਚੜ੍ਹਦੀ ਕਲਾ ਵਿੱਚ ਰਿਹਾ ਕਰੋ। ਹਰ ਮੈਦਾਨ ਫ਼ਤਹਿ ਹੋਏਗੀ।

ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ’
+91 9464667061
sarvsukhhomoeoclinic@gmail.com

Install Punjabi Akhbar App

Install
×