ਆਕਲੈਂਡ ਸ਼ਹਿਰ ਤੋਂ ਲਗਪਗ 1000 ਕਿਲੋਮੀਟਰ ਦੂਰ ਸ਼ਹਿਰ ਰੀਫਟਨ ਵਿਖੇ ਇਕ ਗਾਵਾਂ ਦੇ ਫਾਰਮ ਵਿਚ 21 ਸਾਲਾ ਕਾਮੇ ਨੂੰ ਗਾਂ ਦੇ ਨਾਲ ਕਰੂਰਤਾ ਭਰਿਆ ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਸ ਕਾਮੇ ਨੇ ਗਾਂ ਨੂੰ ਪੂਛ ਤੋਂ ਐਨੀ ਜ਼ੋਰ ਨਾਲ ਫੜ ਕੇ ਘੁੰਮਾਇਆ ਕਿ ਉਹ ਥੱਲੇ ਡਿੱਗ ਪਈ ਸੀ। ਐਨਾ ਹੀ ਨਹੀਂ ਉਸਨੇ ਘਸੁੰਨ ਮੁੱਕੇ ਅਤੇ ਠੁੱਡਾ ਵੀ ਮਾਰੀਆਂ ਸਨ। ਇਸ ਵਿਅਕਤੀ ਅਤੇ ਇਸਦੇ ਮੈਨੇਜਰ ਨੇ ਇਸ ਗਾਂ ਦੀ ਲੱਤ ਦੇ ਵਿਚ ਗੋਲੀ ਮਾਰਨ ਦਾ ਕਰੂਰਤਾ ਭਰਿਆ ਕੰਮ ਵੀ ਕੀਤਾ ਸੀ ਤਾਂ ਕਿ ਗਾਂ ਨੂੰ ਜ਼ਖਮੀ ਕੀਤਾ ਜਾ ਸਕੇ। ਜਾਨਵਰਾਂ ਦੇ ਨਾਲ ‘ਭੈੜਾ ਵਰਤਾਅ’ ਕਰਨ ਦੇ ਦੋਸ਼ ਵਿਚ ਇਸ 21 ਸਾਲਾ ਵਿਅਕਤੀ ਨੂੰ ਵੈਸਟਪੋਰਟ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀ ਪਾਇਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਜ਼ਾ ਸੁਣਾਈ ਜਾਵੇਗੀ।
ਇਸ ਸਾਰੀ ਘਟਨਾ ਤੋਂ ਮਾਣਯੋਗ ਅਦਾਲਤ ਨੇ ਇਹ ਸਿੱਧ ਕੀਤਾ ਹੈ ਕਿ ਜਾਨਵਰਾਂ ਨੂੰ ਵੀ ਦੁੱਖ ਲਗਦੈ ਉਨ੍ਹਾਂ ਦੇ ਨਾਲ ਵੀ ਚੰਗਾ ਵਤੀਰਾ ਹੋਣਾ ਚਾਹੀਦਾ ਹੈ।