21ਵੀਂ ਸਦੀ…… ਬੰਦਾ ਰੱਬ ਚਾਰਦਾ..

ਪੁਨਰ ਜਾਗਰਣ ਅਤੇ ਆਧੁਨਿਕ ਯੁੱਗ ਦੇ ਉਥਾਨ ਅਤੇ ਪ੍ਰਸਾਰ ਹੋਣ ਕਰਕੇ ਮਸ਼ੀਨਰੀ ਦੇ ਵਧਦੇ ਪ੍ਰਭਾਵ ਕਾਰਨ ਜਿੱਥੇ ਸਾਡੇ ਸਮਾਜ ਵਿਚ ਤਕਨਾਲੌਜੀ ਦਾ ਵਧੇਰੇ ਜ਼ਿਆਦਾ ਵਾਧਾ ਹੋਇਆ ਹੈ ਉਥੇ ਕਿਤੇ ਨਾ ਕਿਤੇ ਵਿਅਕਤੀ ਜੀਵਨ ਵਿਚ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਘਟਦੀਆਂ ਹੋਇਆ ਨਜ਼ਰ ਆਈਆਂ ਹਨ। ਅੱਜ ਦੇ ਇਸ ਆਧੁਨਿਕ ਯੁੱਗ ਵਿਚ ਵਿਅਕਤੀ ਜੋ ਕਿ ਤਕਨਾਲੌਜੀ ਅਤੇ ਮਸ਼ੀਨਰੀ ਦਾ ਗ਼ੁਲਾਮ ਬਣਦਾ ਜਾਂ ਰਿਹਾ ਹੈ ਅਤੇ ਉਹ ਹਰ ਦਿਨ-ਬ-ਦਿਨ ਇਹ ਚਾਹੁੰਦਾ ਹੈ ਕਿ ਉਹ ਬਿਨਾਂ ਕੰਮ ਕੀਤੇ ਅਤੇ ਇੱਕ ਜਗ੍ਹਾ ਉੱਪਰ ਬੈਠਕੇ ਹੀ ਸਭ ਕੰਮ ਨਬੇੜ ਲਵੇ ਇੱਥੋਂ ਤੱਕ ਕਿ ਉਹ ਆਪ ਖ਼ੁਦ ਉਠਕੇ ਪਾਣੀ ਦਾ ਗਿਲਾਸ ਚੁੱਕਣਾ ਵੀ ਆਪਣੇ ਆਪ ਵਿਚ ਬਹੁਤ ਵੱਡਾ ਕੰਮ ਸਮਝਦਾ ਹੈ। ਪੈਸੇ ਨੂੰ ਪ੍ਰਾਪਤ ਅਤੇ ਇਕੱਠਾ ਕਰਨ ਲਈ ਵਧਦੀ ਹੋਈ ਭੁੱਖ ਅਤੇ ਤਰੱਕੀ ਕਰਨ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਵਿਅਕਤੀ ਹਰ ਚੀਜ਼ ਨੂੰ ਆਸਾਨੀ ਨਾਲ ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਉਹ ਹਮੇਸ਼ਾ ਸੋਚਦਾ ਰਹਿੰਦਾ ਹੈ ਕਿ ਉਸ ਕੋਲ ਅਲਾਦੀਨ ਦੇ ਚਿਰਾਗ਼ ਵਾਲਾ ਜਿੰਨ ਹੋਵੇ ਅਤੇ ਉਹ ਉਸ ਚਿਰਾਗ਼ ਨੂੰ ਘਸਾ ਕੇ ਉਸ ਜਿੰਨ ਕੋਲੋਂ ਆਪਣੀ ਹਰ ਮੁਰਾਦ ਅਤੇ ਆਪਣੇ ਹਰ ਸੁਪਨੇ ਨੂੰ ਜਲਦੀ ਤੋ ਜਲਦੀ ਪੂਰਾ ਕਰ ਸਕੇ। ਪਰੰਤੂ ਇਹ ਸਭ ਗੱਲਾ ਜੋ ਕਿ ਕਹਾਣੀਆਂ ਵਿਚ ਸੁਣਨ ਨੂੰ ਹੀ ਚੰਗੀਆਂ ਲੱਗਦੀਆਂ ਹਨ ਅਸਲੀ ਜ਼ਿੰਦਗੀ ਤਾਂ ਕੁੱਝ ਹੋਰ ਹੀ ਹੈ ਜਿਸ ਵਿਚ ਹਰ ਇੱਕ ਮਿੰਟ ਅਤੇ ਹਰ ਇੱਕ ਦਿਨ ਗ਼ਰੀਬ ਮਜ਼ਦੂਰੀ ਕਰਨ ਵਾਲਾ ਵਿਅਕਤੀ ਆਪਣੇ ਖ਼ੂਨ ਪਸੀਨੇ ਨੂੰ ਇੱਕ ਕਰਕੇ ਆਪਣੇ ਬੱਚਿਆ ਦਾ ਢਿੱਡ ਪਾਲਦਾ ਹੈ ਅਤੇ ਜੋ ਕਿ ਸਿਰਫ਼ ਆਪਣੀ ਮਿਹਨਤ ਅਤੇ ਮਜ਼ਦੂਰੀ ਨੂੰ ਹੀ ਰੱਬ ਦੀ ਪੂਜਾ ਸਮਝਦਾ ਹੈ ਇਸ ਦੇ ਉਲਟ ਇੱਕ ਨਿਕੰਮਾ ਅਤੇ ਵਿਹਲੜ ਵਿਅਕਤੀ ਜੋ ਕਿ ਇਸ ਤਰ੍ਹਾਂ ਦੇ ਅਲਾਦੀਨ ਵਰਗੇ ਚਿਰਾਗ਼ ਦੇ ਦਿਨ ਵਿਚ ਹੀ ਸੁਪਨੇ ਲੈਂਦੇ ਆਪਣਾ ਕੀਮਤੀ ਸਮਾਂ ਬਰਬਾਦ ਕਰਦਾ ਰਹਿੰਦਾ ਹੈ। ਇੱਥੋਂ ਇੱਕ ਗੱਲ ਸਿੱਧ ਹੋ ਜਾਂਦੀ ਹੈ ਕਿ ਅਜੋਕੇ ਸਮਾਜ ਵਿਚ ਜ਼ਿੰਦਗੀ ਨੂੰ ਆਸਾਨ ਢੰਗ ਨਾਲ ਜਿਊਣ ਅਤੇ ਪੈਸੇ ਨੂੰ ਆਸਾਨੀ ਨਾਲ ਪ੍ਰਾਪਤ ਕਰਨ ਦੀ ਦੌੜ ਵਧੇਰੇ ਵਧਦੀ ਜਾ ਰਹੀ ਹੈ ਅੱਜ ਦੇ ਇਸ ਸਮੇਂ ਦੌਰਾਨ ਹਰ ਵਿਅਕਤੀ ਪੁੱਠੇ-ਸਿੱਧੇ ਢੰਗ ਤਰੀਕੇ ਨਾਲ ਪੈਸੇ ਨੂੰ ਹਰ ਹੀਲੇ ਪ੍ਰਾਪਤ ਕਰਨਾ ਚਾਹੁੰਦਾ ਹੈ ਇਸ ਲਈ ਉਹ ਇਹ ਸਭ ਕੁੱਝ ਇਕੱਠਾ ਕਰਨ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਆਪਣੀਆਂ ਸਮਾਜ ਅਤੇ ਸਮਾਜ ਵਿਚ ਵਿਚਰ ਰਹੇ ਲੋਕਾਂ ਪ੍ਰਤੀ ਕਦਰਾਂ-ਕੀਮਤਾਂ ਆਦਿ ਸਭ ਕੁੱਝ ਨੂੰ ਇੱਕ ਪਾਸੇ ਸੁੱਟ ਦਿੰਦਾ ਹੈ ਅਤੇ ਪੈਸੇ ਨੂੰ ਇਕੱਠਾ ਕਰਨ ਵਿਚ ਉਹ ਇੱਥੋਂ ਤੱਕ ਭੁੱਲ ਜਾਂਦਾ ਹੈ ਕਿ ਕਿਹੜੇ ਉਸ ਦੇ ਆਪਣੇ ਸੀ ਜਾ ਕਿਹੜੇ ਪਰਾਏ । ਪੈਸੇ ਦੀ ਇਸ ਅੰਨ੍ਹੀ ਦੌੜ ਵਿਚ ਉਹ ਸਭ ਰਿਸ਼ਤੇ-ਨਾਤੇ ਪਿੱਛੇ ਛੱਡ ਦਿੰਦਾ ਹੈ ਅਤੇ ਇੱਕ ਗ਼ਰੀਬ ਮਜ਼ਦੂਰ ਕੋਲੋਂ ਵੀ ਲੁੱਟ-ਖਸੁੱਟ ਕਰਕੇ ਆਪਣੇ ਬੱਚਿਆ ਨੇ ਜ਼ਹਿਰ ਮੁੱਲ ਖ਼ਰੀਦਦਾ ਹੈ। ਉਸ ਸਮੇਂ ਉਸ ਵਿਅਕਤੀ ਨੂੰ ਸਿਰਫ਼ ਤਾਂ ਸਿਰਫ਼ ਆਪਣਾ ਫ਼ਾਇਦਾ ਹੀ ਨਜ਼ਰ ਆਉਂਦਾ ਹੈ ਅਤੇ ਉਸ ਸਮੇਂ ਉਹ ਰੱਬ ਨੂੰ ਵੀ ਟੱਬ ਸਮਝਦਾ ਹੈ।
ਜਿਵੇਂ ਕਿ ਕਿਹਾ ਜਾਂਦਾ ਹੈ ਮਾਇਆ ਤੇਰੇ ਤੀਨ ਨਾਮ ”ਪਰਸ਼ੁ, ਪਰਸਾ, ਪਰਸਰਾਮ” ਇਸੇ ਕਾਰਨ ਹੀ ਵਿਅਕਤੀ ਆਪਣੇ ਜੀਵਨ ਦੌਰਾਨ ਸਿਰਫ਼ ਪੈਸੇ ਨੂੰ ਹੀ ਸਭ ਕੁੱਝ ਸਮਝਣ ਲੱਗ ਜਾਂਦਾ ਹੈ ਅਤੇ ਉਸਦੀ ਇਹ ਮਾਇਆ ਦੀ ਭੁੱਖ ਦਿਨ-ਬ-ਦਿਨ ਹੋਰ ਜ਼ਿਆਦਾ ਵਧਦੀ ਜਾਂਦੀ ਹੈ। ਇੱਥੇ ਇੱਕ ਗੱਲ ਤਾਂ ਮੰਨਣਯੋਗ ਹੈ ਕਿ ਇੱਕ ਗ਼ਰੀਬ ਅਤੇ ਭੁੱਖਮਰੀ ਨਾਲ ਤੰਗੀ ਕੱਟ ਰਹੇ ਵਿਅਕਤੀ ਵਿਚ ਇਸ ਤਰ੍ਹਾਂ ਦੀ ਭੁੱਖ ਅਤੇ ਪੈਸੇ ਦੀ ਲਾਲਸਾ ਇੱਕ ਆਮ ਜਿਹੀ ਲੋੜ ਜਾਪਦੀ ਹੈ ਇਸ ਦੇ ਉਲਟ ਇੱਕ ਪੇਸ਼ੇਵਰ ਅਤੇ ਨੌਕਰਸ਼ਾਹੀ ਵਿਅਕਤੀ ਜਦੋਂ ਲੱਖਾ ਰੁਪਇਆ ਹਰ ਮਹੀਨੇ ਤਨਖ਼ਾਹ ਲੈਂਦਾ ਹੈ ਅਤੇ ਕਈ ਤਰਾਂ ਦੇ ਹੋਰ ਫ਼ੰਡ ਅਤੇ ਫ਼ਰੀ ਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਦਾ ਹੈ ਅਤੇ ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਉਹ ਇੱਕ ਗ਼ਰੀਬ ਮਜ਼ਦੂਰ ਜੋ ਕਿ ਇੰਨੀ ਠੰਢ ਵਿਚ ਠੁਰਦਾ ਹੋਇਆ ਆਪਣੇ ਖੂਨ-ਪਸੀਨੇ ਦੀ ਕਮਾਈ ਨੂੰ ਘੰਟਿਆਂ ਦੇ ਹਿਸਾਬ ਨਾਲ ਇੱਕ-ਇੱਕ ਰੁਪਇਆ ਕਰਕੇ ਜੋੜਦਾ ਹੈ ਤਾਂ ਉਸ ਸਮੇਂ ਸੋਚ ਕੇ ਹੀ ਰੂਹ ਕੰਬਣ ਵਾਲੀ ਇਹ ਘਟਣਾ ਜਦੋਂ ਕਿ ਉਸ ਗ਼ਰੀਬ ਮਜ਼ਦੂਰ ਕੋਲੋਂ ਕੋਈ ਸਰਕਾਰੀ ਜਾ ਅਰਧ ਸਰਕਾਰੀ ਵਿਅਕਤੀ ਰਿਸ਼ਵਤ ਮੰਗਦਾ ਹੈ ਅਤੇ ਉਹ ਮਜਬੂਰੀ ਵਿਚ ਫਸਿਆ ਗ਼ਰੀਬ ਵਿਅਕਤੀ ਆਪਣੇ ਬੱਚਿਆਂ ਦਾ ਢਿੱਡ ਕੱਟ ਕੇ ਉਸ ਦੇ ਨਾ-ਭਰਨ ਵਾਲੇ ਢਿੱਡ ਨੂੰ ਭਰਦਾ ਹੈ ਉਸ ਸਮੇਂ ਜਾਪਦਾ ਹੈ ਕਿ ਉਹ ਲੱਖਾ ਰੁਪਏ ਤਨਖ਼ਾਹ ਲੈਣ ਵਾਲਾ ਵਿਅਕਤੀ ਉਸ ਮਜ਼ਦੂਰ ਅੱਗੇ ਕਿੰਨਾ ਗ਼ਰੀਬ ਅਤੇ ਛੋਟਾ ਹੋ ਗਿਆ ਹੋਵੇ। ਭਾਵੇਂ ਪੰਜੇ ਉਂਗਲਾਂ ਇੱਕੋ-ਸਾਰ ਨਹੀਂ ਹੁੰਦੀਆਂ ਪ੍ਰੰਤੂ ਫਿਰ ਵੀ ਹਰ ਦੂਜੇ ਤੀਜੇ ਦਿਨ ਇੱਕ ਗ਼ਰੀਬ ਦੀ ਮਜ਼ਦੂਰੀ ਦੀ ਕਰੱਪਟ ਨੌਕਰਸ਼ਾਹੀ ਵੱਲੋਂ ਲੁੱਟ-ਖਸੁੱਟ ਆਮ ਵੇਖਣ ਨੂੰ ਮਿਲਦੀ ਹੈ ਇਹ ਭਾਵੇਂ ਸਿੱਧੇ ਰਿਸ਼ਵਤ ਦੇ ਰੂਪ ਵਿਚ ਹੋਵੇ ਜਾਂ ਫਿਰ ਸਿੱਧੇ-ਅਸਿੱਧੇ ਕਿਸੇ ਹੋਰ ਢੰਗ ਨਾਲ ਕੀਤਾ ਗਿਆ ਸ਼ੋਸ਼ਣ। ਅੱਜ ਭਾਵੇਂ ਲੋਕ ਇੰਨੇ ਪੜ੍ਹ ਲਿਖ ਗਏ ਹਨ ਪਰੰਤੂ ਉਨ੍ਹਾਂ ਦੀ ਇਸ ਪੈਸੇ ਨੂੰ ਵੇਖ ਕੇ ਵਧਦਾ ਲਾਲਚ ਜਿਸ ਕਾਰਨ ਉਹ ਆਪਣੀ ਮਾਨਸਿਕਤਾ ਨੂੰ ਹੇਠਾਂ ਗਿਰਾ ਦਿੰਦੇ ਹਨ ਅਤੇ ਲੁੱਟਣ ਲੱਗੇ ਸਾਹਮਣੇ ਵਾਲੇ ਦੀ ਕੋਈ ਵੀ ਤੰਗੀ ਪ੍ਰੇਸ਼ਾਨੀ ਨਹੀਂ ਵੇਖਦੇ ਅਤੇ ਹਮੇਸ਼ਾ ਗ਼ਰੀਬ ਦੀ ਲੁੱਟ ਖਸੁੱਟ ਕਰਕੇ ਆਪਣੇ ਬੱਚਿਆ ਨੂੰ ਜ਼ਹਿਰ ਪਰੋਸਦੇ ਹਨ ਉਸ ਸਮੇਂ ਭਾਵੇਂ ਉਹ ਖ਼ੁਸ਼ ਹੋਣ ਪਰ ਇਸ ਪ੍ਰਕਾਰ ਨਾਲ ਗ਼ਰੀਬ ਦਾ ਹੱਕ ਖਾਣਾ ਜ਼ਹਿਰ ਖਾਣ ਦੇ ਬਰਾਬਰ ਮੰਨਿਆ ਗਿਆ ਹੈ ਇਸ ਲਈ ਅਜਿਹਾ ਗ਼ਲਤ ਢੰਗ ਨਾਲ ਪ੍ਰਾਪਤ ਕੀਤਾ ਗਿਆ ਪੈਸਾ ਨਾ ਹੀ ਸਿਰਫ਼ ਉਸ ਵਿਅਕਤੀ ਦੀ ਜ਼ਿੰਦਗੀ ਖ਼ਰਾਬ ਕਰਦਾ ਹੈ ਸਗੋਂ ਉਸ ਦੇ ਪਰਿਵਾਰ ਨੂੰ ਵੀ ਬਰਾਬਰ ਦਾ ਹਿੱਸੇਦਾਰ ਬਣਾ ਦਿੰਦਾ ਹੈ। ਜਿਵੇਂ ਕਿ ਇਸ ਪੰਕਤੀਆਂ ਰਾਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ:-

ਇਤਫ਼ਾਕ ਕੀ ਬਾਤ ਹੈ ਸਾਹਿਬ
ਜੇ ਦੁਨੀਆ ਬਹੁਤ ਅਜੀਬ
ਕਈ ਦਿਨ ਚੜ੍ਹਦੇ ਹੀ ਸੌ ਜਾਂਦੇ
ਪਏ ਰਾਤਾਂ ਨੂੰ ਵੀ ਜਾਗਦੇ ਨੇ
ਇੱਥੇ ਭੁੱਖੇ ਵੀ ਸੌ ਜਾਂਦੇ ਨੇ
ਕਈ ਰੱਜਿਆ ਨੂੰ ਰਜਾਂਵਦੇ ਨੇ
ਇੱਥੇ ਕਈ ਅਨਪੜ੍ਹ ਵੀ ਅਫ਼ਸਰ ਬਣ ਜਾਂਦੇ
ਪੜ੍ਹੇ ਲਿਖੇ ਵੀ ਮੱਝੀਆਂ ਚਾਰਦੇ ਨੇ
ਇੱਥੇ ਅਕਲਾਂ ਦੇ ਨਾ ਮੁੱਲ ਪੈਂਦੇ
ਨਕਲੀ ਤਜਰਬੇ ਪੈਸੇ ਚਲਾਉਂਦੇ ਨੇ
੨੧ਵੀ. ਸਦੀ ਕੰਪਿਊਟਰੀ ਯੁੱਗ ਆਇਆ
ਫਿਰ ਵੀ ਲਾਈਨਾਂ ‘ਚ ਖੜ੍ਹਾ ਟੱਕਰਾਂ ਮਰਵਾਦੇਂ ਨੇ
ਬਿਨ ਪੈਸੇ ਵੀ ਨਾ ਫੜਨ ਅਰਜ਼ੀ
ਮੋਟੀਆਂ ਤਨਖ਼ਾਹਾਂ ਨਾਲ ਵੀ ਨਾ ਸਾਰਦੇ ਨੇ
ਹੱਕ ਸੱਚ ਮਜ਼ਦੂਰਾਂ ਦੀ ਕਮਾਈ ਦਾ ਖ਼ੂਨ ਚੂਸਣ
ਚੋਰੀਆਂ, ਠੱਗੀਆਂ ਨਾਲ ਵੀ ਨਾਂ ਸਾਰਦੇ ਨੇ।

ਇਸ ਪ੍ਰਕਾਰ ਅਜੋਕੇ ਸਮੇਂ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਇਹ ਕਵਿਤਾ ਜੋ ਕਿ ਸ਼ਾਹੂਕਾਰ ਦੁਆਰਾ ਗ਼ਰੀਬਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਅਤੇ ਨੌਕਰਸ਼ਾਹੀ ਵੱਲੋਂ ਕੀਤਾ ਜਾਂਦਾ ਸ਼ੋਸ਼ਣ ਨੂੰ ਬਿਆਨ ਕਰਦੀ ਹੈ ਸੋ ਅੱਜ ਦੀ ਗੰਭੀਰ ਲੋੜ ਜਾਪਦੀ ਹੈ ਕਿ ਹਰ ਇੱਕ ਦਫ਼ਤਰ ਅਤੇ ਹਰ ਇੱਕ ਜਗ੍ਹਾ ਜਿੱਥੇ ਵੀ ਕੋਈ ਅਨਪੜ੍ਹ ਵਿਅਕਤੀ ਜਾਂ ਫਿਰ ਗ਼ਰੀਬ ਮਜ਼ਦੂਰ ਤੰਗੀ ਪ੍ਰੇਸ਼ਾਨੀ ਵਿਚ ਉਲਝਿਆ ਹੋਇਆ ਕੋਈ ਵੀ ਆਪਣਾ ਛੋਟਾ ਮੋਟਾ ਕੰਮ ਜਾਂ ਅਰਜ਼ੀ ਲੈ ਕੇ ਆਵੇ ਤਾਂ ਕਦੇ ਵੀ ਉਸਦਾ ਕਿਸੇ ਪ੍ਰਕਾਰ ਦਾ ਸ਼ੋਸ਼ਣ ਕਰਨ ਦੀ ਬਜਾਏ ਸਭ ਤੋਂ ਪਹਿਲ ਦੇ ਆਧਾਰ ਉੱਪਰ ਜਲਦ ਤੋਂ ਜਲਦ ਕੰਮ ਕੀਤਾ ਜਾਵੇ, ਕਿਉਂਕਿ ਉਸ ਨੇ ਆਪਣੇ ਬੱਚਿਆਂ ਦੇ ਭੁੱਖੇ ਢਿੱਡ ਭਰਨੇ ਹੁੰਦੇ ਹਨ ਅਤੇ ਉਨ੍ਹਾਂ ਦੇ ਮੂੰਹ ਵਿਚੋਂ ਰੋਟੀ ਖੋਹ ਕੇ ਆਪਣੇ ਬੱਚਿਆਂ ਦਾ ਕਦੇ ਵੀ ਇੱਕ ਚੰਗਾ ਭਵਿੱਖ ਜਾਂ ਅਸੀਂ ਕੋਈ ਸੁੱਖ-ਸ਼ਾਂਤੀ ਘਰ ਵਿਚ ਨਹੀਂ ਲਿਆ ਸਕਦੇ। ਇਹੋ ਜਿਹੀ ਆਸ ਨਹੀਂ ਰੱਖ ਸਕਦੇ, ਸੋ ਲੋੜ ਹੈ ਸਮਝਣ ਦੀ ਕਿ ਸਾਨੂੰ ਹਮੇਸ਼ਾ ਆਪਣੀ ਮਿਹਨਤ ਅਤੇ ਸਾਫ਼-ਸੁਥਰੀ ਕਮਾਈ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਗ਼ਰੀਬ ਵਿਅਕਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ ਕਿਉਂਕਿ ਗ਼ਰੀਬ ਦਾ ਹੱਕ ਮਾਰ ਕੇ ਖਾਣਾ, ਖ਼ੂਨ ਪੀਣ ਦੇ ਬਰਾਬਰ ਸਮਝਿਆ ਜਾਂਦਾ ਹੈ ਕਿਉਂਕਿ ਅੱਜ ਤੱਕ ਇਸ ਮੋਹ ਮਾਇਆ ਨਾਲ ਕਿਸੇ ਦਾ ਢਿੱਡ ਨਹੀਂ ਭਰਿਆ ਦੁਨੀਆ ਜਿੱਤਣ ਵਾਲੇ ਸਿਕੰਦਰ ਨੂੰ ਵੀ ਲੱਖਾ, ਕਰੋੜਾਂ ਰੁਪਇਆ ਇਕੱਠਾ ਕਰਕੇ ਖ਼ਾਲੀ ਹੱਥ ਹੀ ਜਾਣਾ ਪਿਆ। ਗੁਰਬਾਣੀ ਵਿਚ ਵੀ ਸਾਨੂੰ ਦਸਾਂ ਨੁੰਹਾ ਦੀ ਕਿਰਤ ਕਮਾਈ ਕਰਨ ਦਾ ਉਪਦੇਸ਼ ਦਿੱਤਾ ਗਿਆ ਹੈ ਅਤੇ ਇਹੋ ਜਿਹੀ ਕਿਰਤ ਕਮਾਈ ਦੁਆਰਾ ਹੀ ਅਸੀਂ ਆਪਣੇ ਪਰਿਵਾਰ ਨੂੰ ਇੱਕ ਚੰਗੀ ਖ਼ੁਸ਼ਹਾਲ ਜ਼ਿੰਦਗੀ ਦੇ ਸਕਦੇ ਹਾਂ ‘ਕਿਰਤ ਕਰੋ, ਵੰਡ ਸਕੋ, ਨਾਮ ਜਪੋ’ ਦੇ ਫ਼ਰਮਾਨ ਅਨੁਸਾਰ ਵਿਅਕਤੀ ਨੂੰ ਕੰਮ ਹੀ ਪੂਜਾ ਹੈ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਾ ਚਾਹੀਦਾ ਹੈ ਕਿਉਂਕਿ ਹਰ ਵਿਅਕਤੀ ਇਸ ਸੰਸਾਰ ਵਿਚ ਖ਼ਾਲੀ ਹੱਥ ਆਉਂਦਾ ਹੈ ਅਤੇ ਖ਼ਾਲੀ ਹੱਥ ਜਾਣਾ ਪੈਂਦਾ ਹੈ ਮਰਨਾ ਸੱਚ ਹੈ ਜਿਊਣਾ ਉਸ ਪਾਣੀ ਦੇ ਬੁਲਬੁਲੇ ਵਾਂਗ ਹੈ ਜੋ ਕਦੇ ਵੀ ਫੁੱਟ ਸਕਦਾ ਜ਼ਿੰਦਗੀ ਵਿਚ ਨੇਕ ਕਮਾਈ ਦੁਆਰਾ ਚੰਗੇ ਕਰਮਾਂ ਦੀ ਪ੍ਰਾਪਤੀ ਹੀ ਸਾਨੂੰ ਸੱਚੇ ਪ੍ਰਮਾਤਮਾ ਦੇ ਚਰਨਾ ਵਿਚ ਜੋੜ ਸਕਦੀ ਹੈ।

(ਜਗਮੀਤ ਸਿੰਘ ਬਰੜਵਾਲ)
+91 965363-39891