ਨਿਊਜ਼ੀਲੈਂਡ ‘ਚ ਸਜਿਆ 20ਵਾਂ ਸ਼ਾਨਦਾਰ ਨਗਰ ਕੀਰਤਨ-ਬੱਚਿਆਂ ਸਮੇਤ ਹਜ਼ਾਰਾਂ ਸੰਗਤਾਂ ਨੇ ਲਿਆ ਹਿੱਸਾ

NZ PIC 4 April-1ਅੱਜ ਇਥੇ ਸੁਪਰੀਮ ਸਿੱਖ ਸੁਸਾਇਟੀ ਅਤੇ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਨੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਟਾਹੂਹੂ ਤੋਂ 20ਵਾਂ ਸ਼ਾਨਦਾਰ ਨਗਰ ਕੀਰਤਨ ਸਜਾਇਆ। ਇਹ ਨਗਰ ਕੀਰਤਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਸੀ।  ਪਹਿਲੀ ਵਾਰ 1996 ਦੇ ਵਿਚ ਨਗਰ ਕੀਰਤਨ ਸਜਾਇਆ ਗਿਆ ਸੀ। ਸਵੇਰ ਵੇਲੇ ਸਜੇ ਦੀਵਾਨ ਦੇ ਵਿਚ ਪਹਿਲਾਂ ਰਾਗੀ ਜਥਿਆਂ ਭਾਈ ਗੁਰਮੀਤ ਸਿੰਘ, ਭਾਈ ਰਛਪਾਲ ਸਿੰਘ, ਭਾਈ ਕਪੂਰ ਸਿੰਘ ਅਤੇ ਭਾਈ ਹਰਜੀਤ ਸਿੰਘ ਟਾਕਾਨੀਨੀ ਵਾਲਿਆਂ ਦੇ ਸ਼ਬਦ ਕੀਰਤਨ ਕੀਤਾ ਜਦ ਕਿ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਭਾਈ ਰਣਜੋਧ ਸਿੰਘ ਫਗਵਾੜਾ ਵਾਲਿਆਂ ਨੇ ਗੁਰਬਾਣੀ ਕਥਾ ਦੇ ਨਾਲ ਸੰਗਤਾਂ ਨਾਲ ਸਾਂਝ ਪਾਈ। ਇਸ ਤੋਂ ਬਾਅਦ ਬਹੁਤ ਹੀ ਸੁੰਦਰ ਸਜਾਏ ਗਏ ਵੱਡੇ ਟਰੱਕ ਦੇ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸੁਸ਼ੋਭਿਤ ਕੀਤੀ ਗਈ। ਇਕ ਹੋਰ ਵੱਡੇ ਟਰੱਕ ਦੇ ਵਿਚ ਰਾਗੀ ਸਿੰਘਾਂ ਅਤੇ ਸੰਗਤਾਂ ਨੇ ਸ਼ਬਦ ਕੀਰਤਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਦੇ ਵਿਚ ਪੰਜ ਨਿਸ਼ਾਨਚੀਆਂ ਅਤੇ ਪੰਜ ਪਿਆਰਿਆਂ ਨੇ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ। ਵਿਦੇਸ਼ੀ ਵਸਦੇ ਸਿੱਖ ਬੱਚਿਆਂ ਦੀ ਹੌਂਸਲਾ ਅਫਜਾਈ ਕਰਦਿਆਂ ਅਤੇ ਭਵਿੱਖ ਦੇ ਵਿਚ ਅਜਿਹੇ ਸਮਾਗਮਾਂ ਲਈ ਤਿਆਰ ਕਰਨ ਦੇ ਮਨੋਰਥ ਨਾਲ ਨਗਰ ਕੀਰਤਨ ਦੀ ਪਹਿਲੀ ਲਾਈਨ ਦੇ ਵਿਚ ਪੰਜ ਸਿੱਖ ਬਾਣੇ ਵਿਚ ਸਜੀਆਂ ਬੱਚੀਆਂ, ਦੂਜੀ ਲਾਈਨ ਦੇ ਵਿਚ ਸਿੱਖ ਬੱਚੇ, ਤੀਜੀ ਲਾਈਨ ਦੇ ਵਿਚ ਪੰਜ ਨਿਸ਼ਾਨਚੀ, ਚੌਥੀ ਲਾਈਨ ਦੇ ਵਿਚ ਪੰਜ ਪਿਆਰੇ ਅਤੇ ਫਿਰ ਸਿੱਖ ਮਾਰਸ਼ਲ ਆਰਟ ਦੀ ਪੇਸ਼ਕਾਰੀ ਕਰਦੀਆਂ 50 ਦੇ ਕਰੀਬ ਗਤਕਾ ਟੀਮਾਂ ਦੇ ਮੈਂਬਰ ਸ਼ਾਮਿਲ ਸਨ।  ਸਿੱਖ ਹੈਰੀਟੇਜ ਸਕੂਲ ਦੇ ਬੱਚੇ ਸੁੰਦਰ ਬਾਣੇ ਦੇ ਵਿਚ ਸਜੇ ਹੋਏ ਸਨ ਇਨ੍ਹਾਂ ਬੱਚਿਆਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਅਤੇ ਕੜਾਹ ਪ੍ਰਸ਼ਾਦ ਤੇ ਛੋਲਿਆਂ ਦਾ ਪ੍ਰਸ਼ਾਦ ਵਰਤਾਇਆ। ਟਰੱਕਾਂ ਦੀ ਸੇਵਾ ਰਣਵੀਰ ਸਿੰਘ ਧਾਮੀ, ਪਰਮਵੀਰ ਸਿੰਘ ਤੇ ਕੁਲਦੀਪ ਸਿੰਘ ਵੱਲੋਂ ਕੀਤੀ ਗਈ। ਇਸ ਵਾਰ ਨਿਊਜ਼ੀਲੈਂਡ ਪੁਲਿਸ ਵੱਲੋਂ ਪਿਛਲੇ ਸਾਲ ਨਾਲੋਂ ਹੋਰ ਵਧੀਆ ਆਵਾਜਾਈ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਦੀਆਂ ਗੱਡੀਆਂ ਪੂਰੇ ਰਸਤੇ ਦੇ ਵਿਚ ਨਾਲ ਰਹੀਆਂ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਜਿੱਥੇ ਇਸ ਨਗਰ ਕੀਰਤਨ ਦੇ ਵਿਚ ਸਹਿਯੋਗ ਕਰਨ ਵਾਲੇ ਸਾਰੇ ਵੀਰਾਂ-ਭੈਣਾਂ, ਸੰਸਥਾਵਾਂ, ਗਤਕਾ ਪਾਰਟੀਆਂ ਅਤੇ ਪੁਲਿਸ ਦਾ ਧੰਨਵਾਦ ਕੀਤਾ ਗਿਆ ਉਥੇ ਨਿਊਜ਼ੀਲੈਂਡ ਪੁਲਿਸ ਨੇ ਵੀ ਨਗਰ ਕੀਰਤਨ ਦੌਰਾਨ ਵਧੀਆ ਅਨੁਸ਼ਾਸ਼ਣ ਬਣਾਈ ਰੱਖਣ ਲਈ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਹ ਨਗਰ ਕੀਰਤਨ ਉਟਾਹੂਹੂ ਸ਼ਹਿਰ ਦੇ ਮੁੱਖ ਮਾਰਗ ਦੇ ਵਿਚੋਂ ਹੁੰਦਾ ਹੋਇਆ ਲਗਪਗ 2 ਘੰਟਿਆਂ ਦੇ ਸਫਰ ਤੋਂ ਬਾਅਦ ਵਾਪਿਸ ਗੁਰਦੁਆਰਾ ਸਾਹਿਬ ਪਹੁੰਚਿਆ। ਨਗਰ ਕੀਰਤਨ ਦੌਰਾਨ ਫਲ ਦੀ ਸੇਵਾ ਸੁਖਦੇਵ ਸਿੰਘ ਮਾਨ ਅਤੇ ਡਰਿੰਕਾਂ ਦਾ ਸੇਵਾ ਦਲਬਾਗ ਸਿੰਘ ਬਾਗਾ ਵੱਲੋਂ ਕੀਤੀ ਗਈ। ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵੱਧ ਸੰਗਤ ਨੇ ਇਸ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋ ਕੇ ਖਾਲਸਾ ਸਾਜਨਾ ਦਿਵਸ ਦੀਆਂ ਖੁਸ਼ੀਆਂ ਦੇ ਵਿਚ ਹਿੱਸਾ ਲਿਆ।ਨਗਰ ਕੀਰਤਨ ਦਾ ਅਣਖੀਲਾ ਪੰਜਾਬ ਟੀ.ਵੀ. ਵੱਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ।

Install Punjabi Akhbar App

Install
×