ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਮੰਚ ਦੇ ਸਹਿਯੋਗ ਨਾਲ ਸਮਾਗਮ

ਪੰਜਾਬੀ ਸਾਹਿਤ ਨਿਰੰਤਰ ਵਿਕਾਸ ਕਰ ਰਿਹਾ ਹੈ -ਡਾ. ਦਰਸ਼ਨ ਸਿੰਘ ‘ਆਸ਼ਟ’

20ਵਾਂ ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ ਸੁਖਮਿੰਦਰ ਸੇਖੋਂ ਨੂੰ ਪ੍ਰਦਾਨ

ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਤਰਕਸ਼ੀਲ ਭਵਨ, ਪਟਿਆਲਾ ਵਿਖੇ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਅਤੇ ਸ਼੍ਰੋਮਣੀ ਲੇਖਕ ਡਾ. ਮਦਨ ਲਾਲ ਹਸੀਜਾ, ਉਘੇ ਆਲੋਚਕ ਤੇ ਲੇਖਕ ਡਾ. ਨਰਿੰਜਨ ਬੋਹਾ, ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ ਅਤੇ ਨਾਟਕਕਾਰ ਸਤਿੰਦਰ ਸਿੰਘ ਨੰਦਾ ਸ਼ਾਮਿਲ ਹੋਏ। ਇਸ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪੰਜਾਬੀ ਸਾਹਿਤ ਨਿਰੰਤਰ ਵਿਕਾਸ ਕਰ ਰਿਹਾ ਹੈ ਅਤੇ ਪੰਜਾਬੀ ਮਾਤ ਭਾਸ਼ਾ ਦੀਆਂ ਵੱਖ ਵੱਖ ਵੰਨਗੀਆਂ ਮਿੰਨੀ ਕਹਾਣੀ ਸਮੇਤ ਪੂਰੇ ਵਿਸ਼ਵ ਵਿਚ ਪਹੁੰਚ ਚੁੱਕੀਆਂ ਹਨ। ਡਾ. ਆਸ਼ਟ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀਆਂ ਵਿਚ ਮਿੰਨੀ ਕਹਾਣੀ ਬਾਰੇ ਪੀਐਚ.ਡੀ. ਵਰਗੇ ਖੋਜ ਕਾਰਜ ਹੋਣਾ ਇਸ ਦੀ ਵਿਸ਼ਾਲਤਾ ਅਤੇ ਸਫ਼ਲਤਾ ਦਾ ਸੰਕੇਤ ਹੈ। ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਨਹੀਂ ਵਿਸਾਰਨਾ ਚਾਹੀਦਾ ਕਿਉਂਕਿ ਇਸ ਨਾਲ ਹੀ ਸਾਡੀ ਦੁਨੀਆ ਵਿਚ ਪਛਾਣ ਬਣੀ ਹੈ। ਨਿਰੰਜਨ ਬੋਹਾ ਨੇ ਕਿਹਾ ਕਿ ਅਸੀਂ ਆਪਣੀਆਂ ਤਿੰਨ ਮਾਵਾਂ ਭਾਵ ਮਾਂ ਬੋਲੀ, ਜਨਮ ਦੇਣ ਵਾਲੀ ਅਤੇ ਧਰਤੀ ਮਾਂ ਦਾ ਕਦੇ ਰਿਣ ਨਹੀਂ ਉਤਾਰ ਸਕਦੇ। ਹਰਪ੍ਰੀਤ ਸਿੰਘ ਰਾਣਾ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਮਾਤਾ ਜੀ ਦੀ ਯਾਦ ਵਿਚ ਹਰ ਸਾਲ ਪੰਜਾਬੀ ਦੇ ਸਥਾਪਿਤ ਮਿੰਨੀ ਕਹਾਣੀ ਲੇਖਕਾਂ ਨੂੰ ਇਹ ਪੁਰਸਕਾਰ ਪ੍ਰਦਾਨ ਕਰਨ ਦਾ ਮਕਸਦ ਆਪਣੇ ਮਾਤਾ ਜੀ ਨੂੰ ਯਾਦ ਕਰਦਿਆਂ ਮਿੰਨੀ ਕਹਾਣੀ ਦੇ ਪ੍ਰਚਾਰ ਪ੍ਰਸਾਰ ਵਿਚ ਯੋਗਦਾਨ ਪਾਉਣਾ ਹੈ।ਇਸ ਦੌਰਾਨ ਸਾਲ 2020 ਲਈ 20ਵਾਂ ‘ਮਾਤਾ ਮਾਨ ਕੌਰ ਮਿੰਨੀ ਕਹਾਣੀ ਯਾਦਗਾਰੀ ਪੁਰਸਕਾਰ’ ਸੁਖਮਿੰਦਰ ਸੇਖੋਂ ਨੂੰ ਪ੍ਰਦਾਨ ਕੀਤਾ ਗਿਆ। ਇਸ ਤੋਂ ਪਹਿਲਾਂ ਰਘਬੀਰ ਸਿੰਘ ਮਹਿਮੀ ਨੇ ਸੁਖਦੇਵ ਸਿੰਘ ਸ਼ਾਂਤ ਵੱਲੋਂ ਸੁਖਮਿੰਦਰ ਸੇਖੋਂ ਦੀ ਰਚਨਾ ਪ੍ਰਕਿਰਿਆ ਬਾਰੇ ਅਤੇ ਦਵਿੰਦਰ ਪਟਿਆਲਵੀ ਨੇ ਸਨਮਾਨ ਪੱਤਰ ਪੜ੍ਹੇ।ਇਸ ਦੌਰਾਨ ਸੁਖਮਿੰਦਰ ਸੇਖੋਂ ਤੋਂ ਇਲਾਵਾ ਡਾ. ਸੁਰਜੀਤ ਸਿੰਘ ਖੁਰਮਾ, ਨਾਟਕਕਾਰ ਸਤਿੰਦਰ ਸਿੰਘ ਨੰਦਾ,ਦਰਸ਼ਨ ਸਿੰਘ ਗੋਪਾਲਪੁਰੀ, ਬਲਵਿੰਦਰ ਸਿੰਘ ਭੱਟੀ,ਡਾ. ਜੀ.ਐਸ.ਆਨੰਦ,ਅੰਮ੍ਰਿਤਪਾਲ ਸਿੰਘ ਸ਼ੈਦਾ,ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿਚ ਹਰਿੰਦਰ ਸਿੰਘ ਗੋਗਨਾ,ਡਾ. ਤਿਲਕ ਰਾਕੇਸ਼ ਰਾਜ,ਮੈਡਮ ਸਤਨਾਮ ਕੌਰ ਚੌਹਾਨ,ਕਮਲ ਸੇਖੋਂ, ਵਿਜੈਤਾ ਭਾਰਦਵਾਜ,ਰਾਬਿੰਦਰ ਸਿੰਘ ਰੱਬੀ ਮੋਰਿੰਡਾ,ਸਾਗਰ ਸੂਦ ਅਤੇ ਸ੍ਰੀ ਤੇਜਿੰਦਰ ਅਨਜਾਨਾ ਆਦਿ ਲੇਖਕਾਂ ਨੇ ਵੀ ਵੰਨ ਸੁਵੰਨੀਆਂ ਰਚਨਾਵਾਂ ਪੜ੍ਹੀਆਂ।

Install Punjabi Akhbar App

Install
×